143 ਕਰੋੜ ''ਚ 2 ਪਾਰਕ ਵੇਚੇਗਾ ਟਰੱਸਟ, ਕਾਲੋਨੀ ਵਾਸੀ ਕਰਨਗੇ ਨਿਲਾਮੀ ਦਾ ਵਿਰੋਧ

Sunday, Feb 25, 2018 - 11:53 AM (IST)

ਜਲੰਧਰ (ਪੁਨੀਤ)— ਇੰਪਰੂਵਮੈਂਟ ਟਰੱਸਟ ਸੂਰਿਆ ਇਨਕਲੇਵ ਦੇ ਪਾਰਕ ਵੇਚਣ ਜਾ ਰਿਹਾ ਹੈ, ਜਿਸ ਨੂੰ ਕਿਸੇ ਵੀ ਹਾਲ ਵਿਚ ਸਹਿਣ ਨਹੀਂ ਕੀਤਾ ਜਾਵੇਗਾ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰੈੱਸ ਕਾਨਫਰੰਸ ਵਿਚ ਸੂਰਿਆ ਇਨਕਲੇਵ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਨੇ ਕੀਤਾ। ਬੁਲਾਰਿਆਂ ਨੇ ਕਿਹਾ ਕਿ ਟਰੱਸਟ ਦੇ ਪਾਰਕਾਂ ਦੀਆਂ ਇਨ੍ਹਾਂ ਸਾਈਟਾਂ ਦਾ ਰਿਜ਼ਰਵ ਪ੍ਰਾਈਜ਼ 143 ਕਰੋੜ ਰੁਪਏ ਰੱਖਿਆ ਗਿਆ ਹੈ। ਇਨ੍ਹਾਂ ਸਾਈਟਾਂ ਨੂੰ ਵੇਚਣ ਲਈ ਟਰੱਸਟ ਵੱਲੋਂ 7 ਮਾਰਚ ਨੂੰ ਸਵੇਰੇ 11 ਵਜੇ ਰੈੱਡ ਕਰਾਸ ਭਵਨ ਵਿਚ ਨਿਲਾਮੀ ਕਰਵਾਈ ਜਾ ਰਹੀ ਹੈ, ਜਿਸ ਦਾ ਕਾਲੋਨੀ ਵਾਸੀਆਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾਵੇਗਾ। ਇਹ ਉਹ ਸਾਈਟਾਂ ਹਨ, ਜੋ ਟਰੱਸਟ ਨੇ ਆਪਣੀਆਂ ਜਾਇਦਾਦਾਂ ਵੇਚਦੇ ਸਮੇਂ ਕਾਲੋਨੀ ਵਿਚ ਦਿਖਾ ਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਕੇ ਕਰੋੜਾਂ ਰੁਪਏ ਕਮਾਏ ਹਨ। ਨਿਲਾਮੀ ਦੇ ਸਮੇਂ ਕਾਲੋਨੀ ਵਾਸੀ ਰੈੱਡ ਕਰਾਸ ਭਵਨ ਵਿਚ ਇਕੱਠੇ ਹੋ ਕੇ ਇਸ ਦਾ ਵਿਰੋਧ ਕਰਦਿਆਂ ਸਰਕਾਰ ਖਿਲਾਫ ਆਪਣੀ ਭੜਾਸ ਕੱਢਣਗੇ।
ਸੋਸਾਇਟੀ ਦੇ ਚੇਅਰਮੈਨ ਕੁਲਦੀਪ ਸਿੰਘ ਭਾਟੀਆ, ਪ੍ਰਧਾਨ ਓਮ ਦੱਤ ਸ਼ਰਮਾ, ਜਨਰਲ ਸਕੱਤਰ ਰੋਸ਼ਨ ਲਾਲ ਸ਼ਰਮਾ, ਵਾਈਸ ਚੇਅਰਮੈਨ ਰਜਤ ਮਹਿੰਦਰੂ, ਵਾਈਸ ਪ੍ਰੈਜ਼ੀਡੈਂਟ ਗਿਆਨ ਚੰਦ ਡੋਗਰਾ, ਵਾਈਸ ਪ੍ਰੈਜ਼ੀਡੈਂਟ ਸਤੀਸ਼ ਸੋਨੀ, ਬੁਲਾਰਾ ਰਾਜੀਵ ਧਮੀਜਾ, ਰਮੇਸ਼ ਵੋਹਰਾ ਤੇ ਹੋਰਨਾਂ ਨੇ ਕਿਹਾ ਕਿ ਟਰੱਸਟ ਨੇ ਜਦੋਂ 170 ਏਕੜ ਸੂਰਿਆ ਇਨਕਲੇਵ ਸਕੀਮ ਨੂੰ ਲਾਂਚ ਕੀਤਾ ਸੀ, ਉਸ ਵਿਚ ਮਿਲਣ ਵਾਲੀਆਂ ਸਹੂਲਤਾਂ ਨੂੰ ਦੇਖਦਿਆਂ ਲੋਕਾਂ ਨੇ ਆਪਣੀ ਰੁਚੀ ਇਸ ਕਾਲੋਨੀ ਵਿਚ ਦਿਖਾਈ ਸੀ। ਕਾਲੋਨੀ ਵਿਚ ਖਾਸ ਤੌਰ 'ਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਪਾਰਕ ਸਨ। ਕਾਲੋਨੀ ਵਸਨੀਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਪਾਰਕ ਵੇਚੇ ਜਾਣਗੇ ਤਾਂ ਉਨ੍ਹਾਂ ਦੇ ਬੱਚੇ ਕਿਥੇ ਖੇਡਣਗੇ।
ਕੰਗਾਲ ਹੋ ਚੁੱਕਾ ਟਰੱਸਟ, ਕਰ ਰਿਹਾ ਠੱਗੀ
ਆਰਥਕ ਤੰਗੀ ਨਾਲ ਜੂਝ ਰਿਹਾ ਇੰਪਰੂਵਮੈਂਟ ਟਰੱਸਟ ਹੁਣ ਅੰਦਰਖਾਤੇ ਠੱਗੀ ਕਰਨ 'ਤੇ ਉਤਰ ਆਇਆ ਹੈ, ਜਿਸ ਦਾ ਵਿਰੋਧ ਸ਼ੁਰੂ ਹੋ ਚੁੱਕਾ ਹੈ ਅਤੇ ਟਰੱਸਟ ਦੇ ਅਧਿਕਾਰੀਆਂ ਨੂੰ ਇਸ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਜੋ ਦੋ ਪਾਰਕ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉਸ ਵਿਚ ਇਕ ਪਾਰਕ ਦਾ ਰਿਜ਼ਰਵ ਪ੍ਰਾਈਜ਼ 30 ਕਰੋੜ 17 ਲੱਖ ਦੇ ਕਰੀਬ, ਜਦੋਂਕਿ ਦੂਜੇ ਪਾਰਕ ਦਾ ਰਿਜ਼ਰਵ ਪ੍ਰਾਈਜ਼ 113 ਕਰੋੜ ਰੁਪਏ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਟਰੱਸਟ ਵੱਲੋਂ ਜਦੋਂ ਕਾਲੋਨੀ ਕੱਟੀ ਜਾਂਦੀ ਹੈ ਤਾਂ ਉਸਦੇ ਪਾਰਕ ਆਦਿ ਦਾ ਮੁੱਲ ਵੀ ਕਾਲੋਨੀ ਦੇ ਪਲਾਟਾਂ ਵਿਚ ਜੋੜਿਆ ਜਾਂਦਾ ਹੈ। ਇਸ ਲਈ ਟਰੱਸਟ ਇਸ ਪ੍ਰਾਪਰਟੀ ਨੂੰ ਵੇਚ ਨਹੀਂ ਸਕਦਾ। ਕਾਲੋਨੀ ਵਾਸੀਆਂ ਨੇ ਸਾਫ ਕਿਹਾ ਕਿ ਜੇਕਰ ਇਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਕੋਰਟ ਵਿਚ ਜਾਣਗੇ।


Related News