ਇੰਪਰੂਵਮੈਂਟ ਟਰੱਸਟ ਦੇ 4.32 ਕਰੋੜ ਦੇ ਘਪਲੇ ''ਚ 3 ਦੋਸ਼ੀ ਗ੍ਰਿਫਤਾਰ

Wednesday, Sep 13, 2017 - 07:00 AM (IST)

ਜਲੰਧਰ, (ਪੁਨੀਤ, ਪ੍ਰੀਤ)- 94.97 ਏਕੜ ਸੂਰਿਆ ਇਨਕਲੇਵ ਐਕਸਟੈਂਸ਼ਨ ਸਕੀਮ ਦੇ ਅਧੀਨ ਆਉਂਦੀ ਜ਼ਮੀਨ ਦੇ ਫਰਜ਼ੀ ਮਾਲਕ ਖੜ੍ਹੇ ਕਰ ਕੇ 4.32 ਕਰੋੜ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿਚ ਵਿਜੀਲੈਂਸ ਨੇ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿਚ ਸੰਦੀਪ ਵਾਸੀ ਪ੍ਰੀਤ ਨਗਰ ਜੋ ਕਿ ਮਦਨ ਲਾਲ ਜ਼ਮੀਨ ਮਾਲਕ ਦੀ ਥਾਂ 'ਤੇ ਅਤੇ ਤਰਲੋਕ ਸਿੰਘ ਬਿੱੱਟੂ ਵਾਸੀ ਹਰਗੋਬਿੰਦ ਨਗਰ ਜੋ ਕਿ ਮਨੋਹਰ ਲਾਲ ਦੀ ਥਾਂ 'ਤੇ ਪੈਸੇ ਲੈਣ ਲਈ ਖੜ੍ਹਾ ਹੋਇਆ ਸੀ, ਤੋਂ ਇਲਾਵਾ ਇਕ ਹੋਰ ਵਿਅਕਤੀ ਜਤਿੰਦਰ ਸ਼ਰਮਾ ਵਾਸੀ ਅਮਨ ਨਗਰ ਨੂੰ ਕਾਬੂ ਕੀਤਾ ਗਿਆ, ਜਿਸ ਨੇ ਗਰੰਟਰ ਬਣ ਕੇ ਅਕਾਊਂਟ ਖੁਲ੍ਹਵਾਏ ਸਨ। ਇਸ ਪੂਰੇ ਘਟਨਾਕ੍ਰਮ ਵਿਚ ਵਿਜੀਲੈਂਸ ਨੇ 4 ਮੁਲਜ਼ਮਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜਿਨ੍ਹਾਂ 'ਚੋਂ 2 ਕਾਬੂ ਕਰ ਲਏ ਗਏ ਤੇ 2 ਅਜੇ ਫਰਾਰ ਹਨ, ਜਿਨ੍ਹਾਂ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। 
 ਵਿਜੀਲੈਂਸ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਤੇ ਤਰਲੋਕ ਦੇ ਅਕਾਊਂਟ ਵਿਚ 60-60 ਲੱਖ ਰੁਪਏ ਫਰਾਡ ਦੇ ਨਾਲ ਪਾਏ ਗਏ ਸਨ, ਜਿਨ੍ਹਾਂ ਨੂੰ ਦੋਸ਼ੀਆਂ ਨੇ ਬਾਅਦ ਵਿਚ ਕਢਵਾ ਲਿਆ ਸੀ। ਉਨ੍ਹਾਂ ਦੱਸਿਆ ਕਿ ਜ਼ਮੀਨ ਐਕਵਾਇਰ ਕਰਨ ਦੇ ਬਦਲੇ ਵਿਚ ਟਰੱਸਟ ਵੱਲੋਂ ਜੋ ਰਕਮ ਦਿੱਤੀ ਗਈ, ਉਸ ਵਿਚ ਫਰਜ਼ੀ ਲੋਕਾਂ ਨੂੰ ਖੜ੍ਹਾ ਕਰ ਕੇ ਕੁਲ 4.32 ਕਰੋੜ ਦਾ ਘਪਲਾ ਕੀਤਾ ਗਿਆ, ਜਿਸ ਵਿਚ ਟਰੱਸਟ ਦਾ ਪਟਵਾਰੀ ਸੁਖਦੇਵ ਸਿੰਘ ਮਾਸਟਰ ਮਾਈਂਡ ਦੱਸਿਆ ਜਾਂਦਾ ਹੈ। ਐੱਸ. ਡੀ. ਐੱਮ. ਇਕਬਾਲ ਸੰਧੂ ਦੀ ਜਾਂਚ ਤੋਂ ਬਾਅਦ ਬਾਰਾਂਦਰੀ ਥਾਣੇ ਦੀ ਪੁਲਸ ਨੇ 11 ਲੋਕਾਂ 'ਤੇ ਮਾਮਲਾ ਦਰਜ ਕੀਤਾ ਪਰ ਇਸ ਮਾਮਲੇ ਵਿਚ ਹਾਲੇ ਤੱਕ ਕੋਈ ਰਿਕਵਰੀ ਨਹੀਂ ਹੋ ਸਕੀ ਹੈ। ਅਕਾਲੀ ਸਰਕਾਰ ਸਮੇਂ ਇਸ ਘਪਲੇ 'ਤੇ ਕਈ ਸਾਲਾਂ ਤੱਕ ਚਲੀ ਜਾਂਚ ਤੋਂ ਬਾਅਦ ਰਿਕਵਰੀ ਸਬੰਧੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ ਪਰ ਸਿੱਧੂ ਵੱਲੋਂ ਕੀਤੀ ਜਾ ਰਹੀ ਸਖਤੀ ਨਾਲ ਅਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਆਉਣ ਵਾਲੇ ਸਮੇਂ ਵਿਚ ਹੋਰ ਕਈ ਪਰਤਾਂ ਖੁੱਲ੍ਹ ਸਕਦੀਆਂ ਹਨ। 
 


Related News