4 ਸਾਲ ਪੁਰਾਣੇ ਲੁੱਟ ਦੇ ਕੇਸ ’ਚ ਦੋਸ਼ੀਆਂ ਨੂੰ 2-2 ਸਾਲ ਦੀ ਕੈਦ
Thursday, Oct 17, 2024 - 12:24 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ 4 ਸਾਲ ਪਹਿਲਾਂ ਦਰਜ ਲੁੱਟ ਦੇ ਮਾਮਲੇ ’ਚ ਗ੍ਰਿਫ਼ਤਾਰ ਦੋ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ 2-2 ਸਾਲ ਦੀ ਕੈਦ ਸਜ਼ਾ ਸੁਣਾਈ ਹੈ। ਦੋਸ਼ੀਆਂ ਦੀ ਪਛਾਣ ਰਜਤ ਸਿੰਘ ਅਤੇ ਰੋਹਿਤ ਵਜੋਂ ਹੋਈ ਹੈ। ਮਲੋਆ ਥਾਣਾ ਪੁਲਸ ਨੂੰ ਆਟੋ ਚਾਲਕ ਸੰਜੇ ਨੇ ਦੱਸਿਆ ਕਿ ਉਹ 2 ਅਗਸਤ 2020 ਨੂੰ ਸੈਕਟਰ-22 ਤੋਂ ਘਰ ਜਾ ਰਿਹਾ ਸੀ। ਸੈਕਟਰ-25/38 ਦੇ ਲਾਈਟ ਪੁਆਇੰਟ ’ਤੇ ਦੋ ਮੁੰਡਿਆਂ ਨੇ ਉਸ ਨੂੰ ਰੋਕ ਕੇ ਧਨਾਸ ਛੱਡਣ ਲਈ ਕਿਹਾ।
ਸੈਕਟਰ-38 ਵੈਸਟ ਸਥਿਤ ਗਊਸ਼ਾਲਾ ਮੋੜ ’ਤੇ ਇਕ ਮੁੰਡੇ ਨੇ ਸਿਰ ’ਤੇ ਭਾਰੀ ਚੀਜ਼ ਨਾਲ ਹਮਲਾ ਕਰ ਦਿੱਤਾ। ਦੂਜੇ ਨੇ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਆਟੋ ਤੋਂ ਛਾਲ ਮਾਰ ਕੇ ਮੋਬਾਇਲ ਫ਼ੋਨ ਅਤੇ ਪਰਸ ਖੋਹ ਕੇ ਫ਼ਰਾਰ ਹੋ ਗਏ। ਆਟੋ ਚਾਲਕ ਨੇ ਰਾਹਗੀਰ ਦੇ ਮੋਬਾਇਲ ਫੋਨ ਰਾਹੀਂ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਸੈਕਟਰ-16 ਦੇ ਹਸਪਤਾਲ ’ਚ ਦਾਖ਼ਲ ਕਰਵਾਇਆ। ਜਾਂਚ ਦੌਰਾਨ ਪੁਲਸ ਨੇ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ’ਚ ਰਜਤ ਤੇ ਰੋਹਿਤ ਨੂੰ ਗ੍ਰਿਫ਼ਤਾਰ ਕੀਤਾ। ਜਾਂਚ ਪੂਰੀ ਕਰਨ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਅਦਾਲਤ ’ਚ ਚਲਾਨ ਪੇਸ਼ ਕੀਤਾ ਗਿਆ।