ਜਾਅਲੀ ਖਲ ਵੇਚਣ ਵਾਲੀਆਂ ਦੁਕਾਨਾਂ ''ਤੇ ਛਾਪਾਮਾਰੀ
Tuesday, Mar 06, 2018 - 04:12 AM (IST)
ਅੰਮ੍ਰਿਤਸਰ, (ਵਾਲੀਆ)- ਥਾਣਾ ਚਾਟੀਵਿੰਡ ਦੀ ਪੁਲਸ ਵਲੋਂ ਪਿਛਲੇ ਦਿਨੀਂ ਮਹਿਤਾ ਖਲ ਦਾ ਟ੍ਰੇਡ ਮਾਰਕ ਵਰਤ ਕੇ ਜਾਲੀ ਖਲ ਬਣਾ ਕੇ ਵੱਖ-ਵੱਖ ਜਗ੍ਹਾ 'ਤੇ ਵੇਚਣ ਦੇ ਮਾਮਲੇ ਵਿਚ ਸ਼ਿਕਾਇਤਕਰਤਾ ਬਲਦੇਵ ਸਿੰਘ ਦੇ ਤਿੰਨ ਭਰਾਵਾਂ ਵਿਰੁੱਧ ਟ੍ਰੇਡ ਮਾਰਕ ਐਕਟ ਦੀ ਧਾਰਾ 103/104/107 ਅਤੇ ਧਾਰਾ 420/120 ਬੀ ਤਹਿਤ ਮੁਕੱਦਮਾ ਨੰਬਰ 25/2018 ਦਰਜ ਕੀਤਾ ਗਿਆ ਸੀ ਅਤੇ ਇਕ ਕਥਿਤ ਦੋਸ਼ੀ ਸੁਪਰਵਾਈਜ਼ਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਉਸ ਸੁਪਰਵਾਈਜ਼ਰ ਦੀ ਨਿਸ਼ਾਨਦੇਹੀ 'ਤੇ ਪੁਲਸ ਵਲੋਂ ਜ਼ਿਲਾ ਅੰਮ੍ਰਿਤਸਰ ਦੇ ਇਲਾਕੇ ਛੇਹਰਟਾ, ਨਰਾਇਣਗੜ੍ਹ, ਪਿੰਡ ਕੋਹਾਲੀ, ਅੱਡਾ ਬਾਉਲੀ, ਕੱਥੂਨੰਗਲ ਅਤੇ ਮਜੀਠਾ ਅਤੇ ਹੋਰ ਕਈ ਦੁਕਾਨਾਂ 'ਤੇ ਛਾਪਾਮਾਰੀ ਕੀਤੀ ਗਈ, ਜਿਸ ਦੌਰਾਨ ਵੱਡੀ ਗਿਣਤੀ ਵਿਚ ਮਹਿਤਾ ਖੱਲ ਦੀਆਂ ਨਕਲੀ ਬੋਰੀਆਂ ਬਰਾਮਦ ਕੀਤੀਆਂ ਗਈਆਂ।
ਇਸ ਮੌਕੇ ਸ਼ਿਕਾਇਤਕਰਤਾ ਬਲਦੇਵ ਸਿੰਘ ਪੁੱਤਰ ਜੁਗਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਨਾਂ 'ਤੇ ਮਹਿਤਾ ਛਾਪ ਨਾਂ ਦਾ ਟ੍ਰੇਡ ਮਾਰਕ ਰਜਿਸਟਰਡ ਹੈ ਜਿਸ ਤਹਿਤ ਖਲ ਵੜੇਵੇਂ, ਖਲ ਸਰ੍ਹੋਂ ਆਦਿ ਤਿਆਰ ਕੀਤੇ ਜਾਂਦੇ ਹਨ ਪਰ ਕੁਝ ਲੋਕ ਉਨ੍ਹਾਂ ਦਾ ਨਾਂ ਵਰਤ ਕੇ ਘਟੀਆ ਖਲ ਵਿਚ ਪਾ ਕੇ ਉਨ੍ਹਾਂ ਦਾ ਕਾਰੋਬਾਰ ਤਬਾਹ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਨੇ ਸ਼ਲਾਘਾਯੋਗ ਕਾਰਵਾਈ ਕਰ ਕੇ ਨਕਲੀ ਖਲ ਵੇਚਣ ਵਾਲਿਆਂ 'ਤੇ ਕਾਫੀ ਹੱਦ ਤਕ ਲਗਾਮ ਲਾਈ ਹੈ।
ਇਸ ਮੌਕੇ ਐੱਸ. ਪੀ. ਡੀ. ਹਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਜਾਅਲੀ ਖੱਲ ਵੇਚਣ ਵਾਲੀਆਂ ਦੁਕਾਨਾਂ 'ਤੇ ਛਾਪੇਮਾਰੀ ਜਾਰੀ ਹੈ ਅਤੇ ਬਹੁਤ ਜਲਦ ਹੀ ਅਸਲੀ ਦੋਸ਼ੀ ਵੀ ਕਾਬੂ ਕਰ ਲਏ ਜਾਣਗੇ।
