ਕਾਨਵੈਂਟ ਤੇ ਪ੍ਰਾਈਵੇਟ ਸਕੂਲਾਂ 'ਚ ਦਾਖ਼ਲੇ ਨੂੰ ਲੈ ਕੇ ਜ਼ਰੂਰੀ ਖ਼ਬਰ, ਧਿਆਨ ਦੇਣ ਮਾਪੇ

Tuesday, Nov 19, 2024 - 11:31 AM (IST)

ਕਾਨਵੈਂਟ ਤੇ ਪ੍ਰਾਈਵੇਟ ਸਕੂਲਾਂ 'ਚ ਦਾਖ਼ਲੇ ਨੂੰ ਲੈ ਕੇ ਜ਼ਰੂਰੀ ਖ਼ਬਰ, ਧਿਆਨ ਦੇਣ ਮਾਪੇ

ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਦੇ 83 ਕਾਨਵੈਂਟ ਤੇ ਪ੍ਰਾਈਵੇਟ ਸਕੂਲਾਂ ’ਚ ਦਸੰਬਰ ਦੇ ਪਹਿਲੇ ਹਫ਼ਤੇ ਤੋਂ ਐਂਟਰੀ ਕਲਾਸਾਂ ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਸ ਪ੍ਰਕਿਰਿਆ ਲਈ ਸਕੂਲ ਸਿੱਖਿਆ ਵਿਭਾਗ ਨੇ ਤਿਆਰੀਆਂ ਕਰ ਲਈਆਂ ਹਨ। ਸਾਰੇ ਸਕੂਲਾਂ ’ਚ ਇਸ ਵਾਰ ਵੀ 3 ਸਾਲ ਦੇ ਬੱਚਿਆਂ ਨੂੰ ਦਾਖ਼ਲ ਕਰਨਾ ਹੋਵੇਗਾ। ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜਨ ਜੈਨ ਦੀ ਅਗਵਾਈ ਹੇਠ ਹੋਈ ਮੀਟਿੰਗ ਤੋਂ ਬਾਅਦ ਦਾਖ਼ਲੇ ਦੇ ਮਤੇ ਨੂੰ ਮਨਜ਼ੂਰੀ ਲਈ ਡਾਇਰੈਕਟਰ ਨੂੰ ਭੇਜ ਦਿੱਤਾ ਗਿਆ ਹੈ। ਇਸ ਹਫ਼ਤੇ ਪ੍ਰਸ਼ਾਸਨ ਦੇ ਆਲਾ ਅਫ਼ਸਰਾਂ ਦੀ ਮਨਜ਼ੂਰੀ ਤੋਂ ਬਾਅਦ ਸ਼ਡਿਊਲ ਜਾਰੀ ਕੀਤਾ ਜਾਵੇਗਾ। 83 ਪ੍ਰਾਈਵੇਟ ਸਕੂਲਾਂ ’ਚ ਐਂਟਰੀ ਕਲਾਸ (ਜਿਸ ਸਕੂਲ ’ਚ ਜੋ ਪਹਿਲੀ ਜਮਾਤ ਹੈ) ਦੇ ਤਿੰਨ ਹਜ਼ਾਰ ਤੋਂ ਵੱਧ ਬੱਚਿਆਂ ਨੂੰ ਦਾਖ਼ਲਾ ਮਿਲੇਗਾ। ਜਨਰਲ ਕੈਟੇਗਰੀ ’ਚ ਦਾਖ਼ਲੇ ਸਕੂਲ ਆਪਣੇ ਪੱਧਰ ’ਤੇ ਕਰਨਗੇ, ਜਦੋਂ ਕਿ ਆਰਥਿਕ ਤੌਰ ’ਤੇ ਕਮਜ਼ੋਰ ਤੇ ਡਿਸਐਡਵਾਂਟੇਜ਼ ਗਰੁੱਪ ਕੈਟੇਗਰੀ ਦੀ ਇਕ ਹਜ਼ਾਰ ਸੀਟਾਂ ’ਤੇ ਦਾਖ਼ਲਾ ਪ੍ਰਕਿਰਿਆ ਨੂੰ ਸਕੂਲ ਸਿੱਖਿਆ ਵਿਭਾਗ ਆਨਲਾਈਨ ਖ਼ੁਦ ਕਰੇਗਾ।

ਇਹ ਵੀ ਪੜ੍ਹੋ : ਪੈਣ ਵਾਲੀ ਹੈ ਕੜਾਕੇ ਦੀ ਠੰਡ, ਇਸ ਤਾਰੀਖ਼ ਤੱਕ ਜਾਰੀ ਹੋਇਆ Alert
100 ਰੁਪਏ ਦੀ ਰਜਿਸਟ੍ਰੇਸ਼ਨ ਫ਼ੀਸ ਦੇ ਕੇ ਫਾਰਮ ਲੈ ਸਕਣਗੇ ਮਾਪੇ
ਦਾਖ਼ਲੇ ਤੋਂ ਪਹਿਲਾਂ ਫਾਰਮ 100 ਰੁਪਏ ਦੀ ਰਜਿਸਟ੍ਰੇਸ਼ਨ ਫ਼ੀਸ ਦੇ ਕੇ ਆਨਲਾਈਨ ਜਾਂ ਤੈਅ ਕੀਤੇ ਗਏ ਸਰਕਾਰੀ ਸਕੂਲਾਂ ਤੋਂ ਮਾਪੇ ਲੈ ਸਕਣਗੇ। ਆਨਲਾਈਨ ਭਰੇ ਗਏ ਫਾਰਮਾਂ ਤੋਂ ਇਲਾਵਾ ਹੱਥੀਂ ਭਰੇ ਗਏ ਫਾਰਮ ਵਾਪਸ ਉਸੇ ਸਕੂਲ ’ਚ ਜਮ੍ਹਾਂ ਹੋਣਗੇ, ਜਿੱਥੋਂ ਲਏ ਗਏ ਸੀ। ਵਿਭਾਗੀ ਜਾਣਕਾਰਾਂ ਮੁਤਾਬਕ ਦਾਖ਼ਲਾ ਪ੍ਰਕਿਰਿਆ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਰਜਿਸਟ੍ਰੇਸ਼ਨ ਤੇ ਡਰਾਅ ਦੀ ਪ੍ਰਕਿਰਿਆ ਵਿਭਾਗ ਵੱਲੋਂ ਤੈਅ ਸ਼ਡਿਊਲ ਮੁਤਾਬਕ ਹੀ ਕੀਤੀ ਜਾਵੇਗੀ ਤਾਂ ਜੋ ਦਾਖ਼ਲੇ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਰੱਖਿਆ ਜਾ ਸਕੇ ਤੇ ਮਾਪਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲਿਆਂ ਦੀਆਂ ਲੱਗੀਆਂ ਮੌਜਾਂ, ਪੜ੍ਹੋ ਕੀ ਹੈ ਪੂਰੀ ਖ਼ਬਰ
500 ਮੀਟਰ ਘੇਰੇ ’ਚ ਦਾਖ਼ਲਾ ਦੇਣ ਲਈ ਦਿੱਤੀ ਜਾਵੇਗੀ ਤਰਜ਼ੀਹ
ਪ੍ਰਾਈਵੇਟ ਸਕੂਲਾਂ ’ਚ 75 ਫ਼ੀਸਦੀ ਸੀਟਾਂ ’ਤੇ ਦਾਖ਼ਲਾ ਜਨਰਲ ਪੂਲ ਤਹਿਤ ਹੋਵੇਗਾ, ਜਦੋਂ ਕਿ 25 ਫ਼ੀਸਦੀ ਸੀਟਾਂ ’ਤੇ ਸਿੱਖਿਆ ਦੇ ਅਧਿਕਾਰ ਦੇ ਈ. ਡਬਲਿਊ. ਐੱਸ. ਅਤੇ ਡੀ. ਜੀ. ਵਰਗ ਦਾ ਦਾਖ਼ਲਾ ਸਕੂਲ ਸਿੱਖਿਆ ਵਿਭਾਗ ਕਰੇਗਾ। ਸਕੂਲ ਸਿੱਖਿਆ ਵਿਭਾਗ ਨੇ ਮਾਰਚ 2023 ’ਚ ਈ. ਡਬਲਿਊ. ਐੱਸ. ਅਤੇ ਡੀ. ਜੀ. ਵਰਗ ਲਈ ਆਨਲਾਈਨ ਦਾਖ਼ਲਾ ਪ੍ਰਕਿਰਿਆ ਸ਼ੁਰੂ ਕੀਤੀ ਸੀ। ਮਾਪਿਆਂ ਨੂੰ ਤੈਅ ਕੀਤੇ ਸਰਕਾਰੀ ਸਕੂਲ ਤੋਂ ਆਫਲਾਈਨ-ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨੀਆਂ ਪੈਣਗੀਆਂ। ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਬੱਚੇ ਦੇ ਘਰ ਤੇ ਸਕੂਲ ਦੀ ਦੂਰੀ ਦੇਖ ਕੇ ਵਿਭਾਗ ਆਪਣੇ ਪੱਧਰ ’ਤੇ ਦਾਖ਼ਲਾ ਦੇਵੇਗਾ। ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਉਨ੍ਹਾਂ ਦੇ ਘਰ ਤੋਂ 500 ਮੀਟਰ ਦੇ ਘੇਰੇ ’ਚ ਸਥਿਤ ਸਕੂਲ ’ਚ ਦਾਖ਼ਲਾ ਦੇਣ ਲਈ ਤਰਜ਼ੀਹ ਦਿੱਤੀ ਜਾਵੇਗੀ। ਇਕ ਸਕੂਲ ’ਚ ਸੀਟਾਂ ਭਰਨ ਤੋਂ ਬਾਅਦ ਵਿਦਿਆਰਥੀ ਨੂੰ ਪਹਿਲਾਂ ਇਕ ਕਿਲੋਮੀਟਰ ਦੇ ਦਾਇਰੇ ’ਚ ਸਥਿਤ ਸਕੂਲ ਤੇ ਫਿਰ ਉਸ ਤੋਂ ਬਾਅਦ ਦੋ ਅਤੇ ਫਿਰ ਤਿੰਨ ਕਿਲੋਮੀਟਰ ਦੇ ਘੇਰੇ ’ਚ ਆਉਂਦੇ ਸਕੂਲ ’ਚ ਦਾਖ਼ਲਾ ਦਿੱਤਾ ਜਾਂਦਾ ਹੈ। ਦਸੰਬਰ ’ਚ ਸ਼ੁਰੂ ਹੋਣ ਵਾਲੀ ਪ੍ਰਕਿਰਿਆ ਤੋਂ ਬਾਅਦ ਜਨਵਰੀ-ਫਰਵਰੀ 2025 ’ਚ ਵਿਭਾਗ ਈ. ਡਬਲਿਊ. ਐੱਸ. ਅਤੇ ਡੀ. ਜੀ. ਵਰਗ ਦੇ ਦਾਖ਼ਲੇ ਇਸੇ ਤਰਜ਼ ’ਤੇ ਕਰੇਗਾ।
ਮਨਜ਼ੂਰੀ ਮਿਲਦੇ ਹੀ ਜਾਰੀ ਹੋਵੇਗਾ ਸ਼ਡਿਊਲ : ਡੀ. ਈ. ਓ.
ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕਰ ਕੇ ਸ਼ਡਿਊਲ ਤਿਆਰ ਕੀਤਾ ਗਿਆ ਹੈ। ਉੱਚ ਅਧਿਕਾਰੀਆਂ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਸ਼ਡਿਊਲ ਜਾਰੀ ਕੀਤਾ ਜਾਵੇਗਾ। ਐਂਟਰੀ ਕਲਾਸ ’ਚ ਦਾਖ਼ਲੇ ’ਚ ਕੋਈ ਵੱਡੀ ਤਬਦੀਲੀ ਨਹੀਂ ਕੀਤੀ ਗਈ ਹੈ। ਈ. ਡਬਲਿਊ. ਐੱਸ. ਤੇ ਡੀ. ਜੀ. ਵਰਗ ’ਚ ਦਾਖ਼ਲੇ ਵਿਭਾਗ ਆਪਣੇ ਪੱਧਰ ’ਤੇ ਕਰੇਗਾ। ਹੋਰ ਦਾਖ਼ਲਾ ਪ੍ਰਕਿਰਿਆ ਨੂੰ ਸਕੂਲ ਆਪਣੇ ਪੱਧਰ ’ਤੇ ਕਰੇਗਾ ਪਰ ਇਸ ’ਤੇ ਵਿਭਾਗ ਦਾ ਪੂਰਾ ਕੰਟਰੋਲ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News