ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਲੈ ਕੇ ਅਹਿਮ ਖ਼ਬਰ, ਹੁਣ ਯਾਤਰੀਆਂ ਨੂੰ...
Friday, May 23, 2025 - 10:50 AM (IST)

ਅੰਮ੍ਰਿਤਸਰ (ਨੀਰਜ)-ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਵਾਤਾਵਰਣ ਸਬੰਧੀ ਕਮੇਟੀ ਦੀ ਮੀਟਿੰਗ ’ਚ ਹਿੱਸਾ ਲੈਣ ਉਪਰੰਤ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਛੇਤੀ ਹੀ ਹਵਾਈ ਅੱਡੇ ’ਤੇ ਯਾਤਰੀਆਂ ਲਈ ਮੁਫਤ ਵਾਈਫਾਈ ਦੀ ਸਹੂਲਤ ਚਾਲੂ ਕਰ ਦਿੱਤੀ ਜਾਵੇਗੀ। ਵਾਈਫਾਈ ਦੀ ਸਹੂਲਤ ਦੇਣ ਲਈ ਕੰਮ ਪ੍ਰਗਤੀ ਅਧੀਨ ਹੈ ਅਤੇ ਛੇਤੀ ਹੀ ਜਨਤਾ ਲਈ ਇਹ ਸਹੂਲਤ ਚਾਲੂ ਹੋ ਜਾਵੇਗੀ। ਮੀਟਿੰਗ ’ਚ ਹਵਾਈ ਅੱਡੇ ਦੇ ਪ੍ਰਬੰਧਕਾਂ ਨਾਲ ਅੰਮ੍ਰਿਤਸਰ ਸ਼ਹਿਰ ਦੇ 450 ਸਾਲਾ ਸਥਾਪਨਾ ਦਿਵਸ ਮਨਾਉਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ’ਤੇ ਵੀ ਵਿਚਾਰ ਚਰਚਾ ਹੋਈ। ਇਹ ਸਮਾਗਮ ਬਹੁਤ ਵੱਡੇ ਪੱਧਰ ’ਤੇ ਕਰਵਾਏ ਜਾਣਗੇ, ਇਸ ਲਈ ਸਮਾਗਮਾਂ ’ਚ ਭਾਗ ਲੈਣ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ ਦੀਆਂ ਮਹਾਨ ਹਸਤੀਆਂ ਵੀ ਆਉਣਗੀਆਂ। ਇਸ ਲਈ ਇਨ੍ਹਾਂ ਯਾਤਰੀਆਂ ਦੀ ਆਮਦ ਲਈ ਹਵਾਈ ਅੱਡੇ ’ਤੇ ਕੀਤੀ ਜਾਣ ਵਾਲੀ ਤਿਆਰੀਆਂ ਵੀ ਪ੍ਰਬੰਧਕਾਂ ਨਾਲ ਵਿਚਾਰੀ ਗਈਆਂ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਘਰ ਆ ਕੇ ਨੌਜਵਾਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਦਾ ਟਰਮੀਨਲ ’ਚ ਵਿਸਥਾਰ ਕਰਨਾ ਵੀ ਮੀਟਿੰਗ ਦਾ ਹਿੱਸਾ ਰਿਹਾ। ਇਸ ਸਬੰਧੀ ਤਜਵੀਜ਼ ਸਰਕਾਰ ਨੂੰ ਭੇਜੀ ਜਾ ਚੁੱਕੀ ਹੈ। ਜੇਕਰ ਇਸ ਦਾ ਵਿਸਥਾਰ ਕੀਤਾ ਜਾਵੇ ਤਾਂ ਅੰਮ੍ਰਿਤਸਰ ਦਾ ਹਵਾਈ ਅੱਡਾ ਪ੍ਰਵਾਸੀ ਭਾਰਤੀਆਂ ਅਤੇ ਸੈਲਾਨੀਆਂ ਲਈ ਪੰਜਾਬ ਦਾ ਗੇਟਵੇਅ ਸਾਬਿਤ ਹੋ ਸਕਦਾ ਹੈ। ਬੀਤੇ ਸਮੇਂ ਦੌਰਾਨ ਇੱਥੇ ਯਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ, ਇਸ ਲਈ ਲੋੜ ਹੈ ਕਿ ਇਸ ਦੇ ਟਰਮੀਨਲ ’ਚ ਵਾਧਾ ਕੀਤਾ ਜਾਵੇ। ਇਸ ਵੇਲੇ ਇਸ ਦਾ ਖੇਤਰ 40 ਹਜ਼ਾਰ ਵਰਗ ਮੀਟਰ ਹੈ ਅਤੇ 1600 ਯਾਤਰੀਆਂ ਦੀ ਸਮਰੱਥਾ ਹੈ ਪਰ ਸੈਲਾਨੀਆਂ ਦੀ ਲਗਾਤਾਰ ਵਧ ਰਹੀ ਆਮਦ ਕਾਰਨ ਇਸ ਵਿਚ 10 ਹਜ਼ਾਰ ਵਰਗ ਮੀਟਰ ਦਾ ਖੇਤਰ ਹੋਰ ਨਾਲ ਜੋੜਨ ਅਤੇ ਸੈਲਾਨੀਆਂ ਦੀ ਸਮਰੱਥਾ 2000 ਦੇ ਕਰੀਬ ਕਰਨ ਦੀ ਤੁਰੰਤ ਲੋੜ ਹੈ। ਇਸ ਤੋਂ ਇਲਾਵਾ ਵਾਤਾਵਰਣ ਸਲਾਹਕਾਰ ਕਮੇਟੀ ਦੀ ਮੀਟਿੰਗ ’ਚ ਹਵਾਈ ਅੱਡੇ ਨੇੜੇ ਪੰਛੀਆਂ ਦੀ ਆਮਦ ਨੂੰ ਕੰਟਰੋਲ ਕਰਨ ’ਤੇ ਵੀ ਵਿਚਾਰ ਚਰਚਾ ਹੋਈ। ਇਸ ਮੌਕੇ ਡਾਇਰੈਕਟਰ ਏਅਰਪੋਰਟ ਐੱਸ. ਕੇ. ਕਪਾਹੀ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸੁਰਿੰਦਰ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਐਨਕਾਊਂਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8