ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖਬਰ, ਹੁਣ ਇੰਨੇ ਦਿਨ ਬਾਅਦ ਲਗਵਾ ਸਕਦੇ ਹੋ ਦੂਜੀ ਡੋਜ਼
Saturday, Jun 12, 2021 - 06:45 PM (IST)
ਮੋਹਾਲੀ (ਨਿਆਮੀਆਂ) : ਵਿਦੇਸ਼ਾਂ ’ਚ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ, ਵਿਦੇਸ਼ਾਂ ਵਿਚ ਨੌਕਰੀ ਲਈ ਜਾਣ ਵਾਲੇ ਵਿਅਕਤੀਆਂ ਅਤੇ ਟੋਕੀਓ ਓਲੰਪਿਕਸ ਲਈ ਜਾਣ ਵਾਲੇ ਖਿਡਾਰੀਆਂ ਅਤੇ ਸਹਾਇਕ ਸਟਾਫ਼ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਹੁਣ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਪਹਿਲੀ ਡੋਜ਼ ਲੱਗਣ ਤੋਂ 28 ਦਿਨ ਬਾਅਦ ਅਤੇ 84 ਦਿਨ ਤੋਂ ਪਹਿਲਾ ਲਾਈ ਜਾ ਸਕਦੀ ਹੈ। ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦੀਆਂ ਹਦਾਇਤਾਂ ਮੁਤਾਬਿਕ ਅਜਿਹਾ ਕਰਨ ਲਈ ਇਜਾਜ਼ਤ ਦੇਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਸਮਰੱਥ ਅਥਾਰਟੀ ਨੂੰ ਥਾਪਣਾ ਲਾਜ਼ਮੀ ਹੈ, ਜਿਸ ਦੇ ਮੱਦੇਨਜ਼ਰ ਐੱਸ. ਡੀ ਐੱਮਜ਼, ਸਰਕਲ ਮਾਲ ਅਫਸਰ, ਬੀ. ਡੀ. ਪੀ. ਓ. ਕਾਰਜਸਾਧਕ ਅਫਸਰ, ਲੇਬਰ ਇੰਸਪੈਕਟਰ, ਏ. ਈ. ਟੀ. ਸੀ. /ਈ. ਟੀ. ਓ./ ਐਕਸਾਈਜ਼ ਇੰਸਪੈਕਟਰ, ਐੱਸ. ਐੱਚ. ਓ., ਆਰ. ਐੱਮ. ਓ. ਅਤੇ ਸਥਾਨਕ ਸਰਕਾਰਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਇਸ ਸਬੰਧੀ ਸਮਰੱਥ ਅਥਾਰਟੀ ਥਾਪਿਆ ਗਿਆ ਹੈ ।
ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ ਦਾ ਇਹ ਪਿੰਡ ਬਣਿਆ ਮਿਸਾਲ, 18 ਸਾਲ ਤੋਂ ਵੱਧ ਦੇ ਹਰ ਵਿਅਕਤੀ ਨੇ ਲਗਾਈ ਵੈਕਸੀਨ
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਮਰੱਥ ਅਥਾਰਟੀ ਵੱਲੋਂ ਇਹ ਯਕੀਨੀ ਬਣਾਇਆ ਜਾਵੇ ਕਿ ਇਜਾਜ਼ਤ ਲੈਣ ਲਈ ਆਏ ਵਿਅਕਤੀ ਦੇ ਪਹਿਲੀ ਡੋਜ਼ ਲੱਗੀ ਨੂੰ 28 ਦਿਨ ਹੋ ਚੁੱਕੇ ਹੋਣ ਅਤੇ ਇਸ ਦੇ ਨਾਲ-ਨਾਲ ਦਸਤਾਵੇਜ਼ਾਂ ਦੇ ਆਧਾਰ ਅਤੇ ਵਿਦੇਸ਼ ਜਾਣ ਦੇ ਮਕਸਦ ਦੀ ਵੀ ਜਾਂਚ ਕੀਤੀ ਜਾਵੇ। ਇਨ੍ਹਾਂ ਦਸਤਾਵੇਜਾਂ ਵਿਚ ਵਿਦੇਸ਼ਾਂ ਵਿਚ ਪੜ੍ਹਾਈ ਸਬੰਧੀ ਦਾਖਲੇ ਦੇ ਕਾਗਜ਼-ਪੱਤਰ, ਉਹ ਦਸਤਾਵੇਜ਼ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਹੋਵੇ ਕਿ ਸਬੰਧਤ ਵਿਅਕਤੀ ਵਿਦੇਸ਼ੀ ਸੰਸਥਾ ਵਿਚ ਪੜ੍ਹਾਈ ਕਰ ਰਿਹਾ ਹੈ ਅਤੇ ਉਸ ਨੇ ਆਪਣੀ ਪੜ੍ਹਾਈ ਲਈ ਮੁੜ ਵਿਦੇਸ਼ ਜਾਣਾ ਹੈ, ਨੌਕਰੀ ਲਈ ਇੰਟਰਵਿਊ ਜਾਂ ਰੋਜ਼ਗਾਰ ਸਬੰਧੀ ਆਫਰ ਲੈਟਰ ਅਤੇ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਸਬੰਧੀ ਨਾਮਜ਼ਦਗੀ ਦਸਤਾਵੇਜ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਹੂਲਤ 31 ਅਗਸਤ 2021 ਤਕ ਉਨ੍ਹਾਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਨੇ ਉਪਰੋਕਤ ਮਕਸਦਾਂ ਲਈ ਵਿਦੇਸ਼ ਜਾਣਾ ਹੈ ।
ਇਹ ਵੀ ਪੜ੍ਹੋ : ਕਾਂਗਰਸ ਦੀ ਯੂਥ ਤੇ ਓਲਡ ਬ੍ਰਿਗੇਡ ’ਚ ਫਿਰ ਛਿੜੀ ਕੋਲਡ ਵਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ