ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆਵਾਂ ਦੌਰਾਨ ਜਾਰੀ ਹੋ ਗਏ ਨਵੇਂ ਹੁਕਮ
Thursday, Jul 11, 2024 - 10:03 AM (IST)
ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ ਆਮ ਕਰ ਕੇ ਆਪਣੇ ਅਜੀਬੋ-ਗਰੀਬ ਕੰਮਾਂ ਕਰ ਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸੇ ਲੜੀ ਤਹਿਤ ਸਿੱਖਿਆ ਵਿਭਾਗ ਵੱਲੋਂ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਕੀਆਂ ਨੂੰ ਸਾਇੰਸ ਸਿਟੀ ਕਪੂਰਥਲਾ ਦਾ ਦੌਰਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ। ਹਾਲਾਂਕਿ ਸਾਰੇ ਸਕੂਲਾਂ ’ਚ ਟਰਮ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਇਸ ਦੌਰਾਨ ਵਿਭਾਗ ਵੱਲੋਂ ਅਜਿਹੇ ਹੁਕਮ ਜਾਰੀ ਕਰਨਾ ਵਿਭਾਗ ਦੀ ਕਾਰਜਸ਼ੈਲੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਇਸ ਸਬੰਧੀ ਸਟੇਟ ਕੌਂਸਲ ਫਾਰ ਐਜੂਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਨੂੰ ਇਕ ਪੱਤਰ ਜਾਰੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ 6ਵੀਂ, 8ਵੀਂ, 9ਵੀਂ ਅਤੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਅੰਦਰ ਵਿਗਿਆਨ ਵਿਸ਼ੇ ਪ੍ਰਤੀ ਦਿਲਚਸਪੀ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਦੇ ਮਕਸਦ ਨਾਲ ‘ਮੁੱਖ ਮੰਤਰੀ ਵਿਗਿਆਨ ਯਾਤਰਾ’ ਤਹਿਤ 9ਵੀਂ ਤੋਂ 12ਵੀਂ ਕਲਾਸ ਦੇ 61,000 ਅਤੇ 6ਵੀਂ ਤੋਂ 8ਵੀਂ ਕਲਾਸ ਦੇ 20,000 ਵਿਦਿਆਰਥੀਆਂ ਨੂੰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਦੌਰਾ ਕਰਵਾਇਆ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਈਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਦੇ ਦਿੱਤੇ ਹੁਕਮ, ਪੜ੍ਹੋ ਪੂਰੀ ਖ਼ਬਰ
ਕਿਸ ਜ਼ਿਲ੍ਹੇ ਤੋਂ ਕਿੰਨੇ ਵਿਦਿਆਰਥੀ?
ਇਹ ਦੌਰਾ ਪੜਾਅਵਾਰ ਕਰਵਾਇਆ ਜਾਣਾ ਹੈ। ਹਰ ਇਕ ਪੜਾਅ ਦੇ ਸਬੰਧ ’ਚ ਜਾਣਕਾਰੀ ਸਮੇਂ-ਸਮੇਂ ’ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਦੇ ਨਾਲ ਸਾਂਝੀ ਕੀਤੀ ਜਾਵੇਗੀ। ਵਿਦਿਆਰਥੀਆਂ ਨੂੰ ਸਾਇੰਸ ਸਿਟੀ ਵਿਚ ਲੈ ਕੇ ਜਾਣ ਅਤੇ ਵਾਪਸ ਛੱਡਣ ਦਾ ਪ੍ਰਬੰਧ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਕੀਤਾ ਜਾਵੇਗਾ। ਅੰਮ੍ਰਿਤਸਰ ਅਤੇ ਲੁਧਿਆਣਾ ਦੇ ਪ੍ਰਤੀ ਜ਼ਿਲਾ 6ਵੀਂ ਤੋਂ 8ਵੀਂ ਕਲਾਸ ਦੇ 970 ਅਤੇ 9ਵੀਂ ਤੋਂ 12ਵੀਂ ਕਲਾਸ ਦੇ 2650 ਵਿਦਿਆਰਥੀ ਸਾਇੰਸ ਸਿਟੀ ਦਾ ਦੌਰਾ ਕਰਨਗੇ, ਜਦੋਂਕਿ ਹੋਰਨਾਂ ਸਾਰੇ ਜ਼ਿਲ੍ਹਿਆਂ ਦੇ 6ਵੀਂ ਤੋਂ 8ਵੀਂ ਕਲਾਸ ਦੇ 860 ਅਤੇ 9ਵੀਂ ਤੋਂ 12ਵੀਂ ਕਲਾਸ ਦੇ 2650 ਪ੍ਰਤੀ ਜ਼ਿਲ੍ਹਾ ਵਿਦਿਆਰਥੀ ਸਾਇੰਸ ਸਿਟੀ ਦਾ ਦੌਰਾ ਕਰਨਗੇ। ਵਿਭਾਗੀ ਪੱਤਰ ’ਚ ਕਿਹਾ ਗਿਆ ਹੈ ਕਿ 9ਵੀਂ ਤੋਂ 10ਵੀਂ ਕਲਾਸ ਦੇ ਵਿਦਿਆਰਥੀ ਲੋੜ ਮੁਤਾਬਕ ਖਾਣਾ ਆਪਣੇ ਨਾਲ ਲੈ ਕੇ ਜਾਣਗੇ ਅਤੇ 6ਵੀਂ ਤੋਂ 8ਵੀਂ ਦੇ ਵਿਦਿਆਰਥੀਆਂ ਲਈ ਰਿਫਰੈੱਸ਼ਮੈਂਟ ਦਾ ਪ੍ਰਬੰਧ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਕੀਤਾ ਜਾਵੇਗਾ। ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰ ਬੱਸ ਲੋੜ ਮੁਤਾਬਕ ਵਿਗਿਆਨ ਵਿਸ਼ਾ ਪੜ੍ਹਨ ਵਾਲੇ ਅਧਿਆਪਕਾਂ ਅਤੇ ਲੜਕੀਆਂ ਨਾਲ ਔਰਤ ਅਧਿਆਪਕ ਦੀ ਡਿਊਟੀ ਲਗਾਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ 'ਚ ਅਸਲਾ ਲਾਇਸੈਂਸ ਬਣਵਾਉਣ ਵਾਲਿਆਂ ਲਈ ਜ਼ਰੂਰੀ ਖ਼ਬਰ, ਹੁਣ ਨਵੇਂ SOP ਹੋਣਗੇ ਲਾਗੂ
ਮਾਤਾ-ਪਿਤਾ ਦੀ ਸਹਿਮਤੀ ਜ਼ਰੂਰੀ
ਵਿਦਿਆਰਥੀਆਂ ਨੂੰ ਸਾਇੰਸ ਸਿਟੀ ਭੇਜਣ ਤੋਂ ਪਹਿਲਾਂ ਉਨ੍ਹਾਂ ਦੇ ਮਾਤਾ-ਪਿਤਾ ਤੋਂ ਸਹਿਮਤੀ-ਪੱਤਰ ਲਿਆ ਜਾਵੇਗਾ। ਸਫ਼ਰ ਦੌਰਾਨ ਵਿਦਿਆਰਥੀਆਂ ਦਾ ਸਕੂਲ ਦੀ ਵਰਦੀ ’ਚ ਹੋਣਾ ਜ਼ਰੂਰੀ ਹੈ ਅਤੇ ਵਿਦਿਆਰਥੀ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ। ਇਸ ਦੌਰਾਨ ਫਸਟ ਏਡ ਕਿੱਟ ਨਾਲ ਰੱਖਣੀ ਜ਼ਰੂਰੀ ਹੋਵੇਗੀ। ਵਿਦਿਆਰਥੀਆਂ ਦਾ ਸਫ਼ਰ ਉਪਰੰਤ ਸਮੇਂ ’ਤੇ ਘਰ ਪੁੱਜਣਾ ਸਕੂਲ ਮੁਖੀ ਵੱਲੋਂ ਯਕੀਨੀ ਬਣਾਇਆ ਜਾਵੇਗਾ। ਸਕੂਲਾਂ ਅਤੇ ਵਿਦਿਆਰਥੀਆਂ ਦੇ ਦੌਰੇ ਸਬੰਧੀ ਮਾਈਕ੍ਰੋ ਪਲਾਨਿੰਗ ਸਬੰਧਤ ਟ੍ਰਾਂਸਪੋਰਟ ਵਿਭਾਗ ਦੇ ਡਿਪੂ ਦੇ ਨਾਲ ਸਾਂਝੀ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8