ਕੁੱਤਿਆਂ ਦੇ ਮਾਲਕਾਂ ਤੇ ਪਾਲਕਾਂ ਲਈ ਜ਼ਰੂਰੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ

Saturday, Feb 22, 2025 - 01:22 PM (IST)

ਕੁੱਤਿਆਂ ਦੇ ਮਾਲਕਾਂ ਤੇ ਪਾਲਕਾਂ ਲਈ ਜ਼ਰੂਰੀ ਖ਼ਬਰ, ਪੰਜਾਬ ਸਰਕਾਰ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ (ਅੰਕੁਰ) : ਜਾਨਵਰਾਂ ਨਾਲ ਮਾਨਵੀ ਤੇ ਸੰਵੇਦਨਸ਼ੀਲ ਵਤੀਰੇ ਨੂੰ ਯਕੀਨੀ ਬਣਾਉਣ ਦੀ ਦਿਸ਼ਾ ’ਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਪੰਜਾਬ ਪਸ਼ੂ ਭਲਾਈ ਬੋਰਡ ਅਧੀਨ ਸਾਰੇ ਡੌਗ ਬਰੀਡਰਾਂ, ਪੈੱਟ ਸ਼ਾਪਸ ਤੇ ਪਸ਼ੂ ਭਲਾਈ ਸੰਸਥਾਵਾਂ ਦੀ ਲਾਜ਼ਮੀ ਰਜਿਸਟ੍ਰੇਸ਼ਨ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ੈਸਲਾ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਹੇਠ ਹੋਈ ਪੰਜਾਬ ਪਸ਼ੂ ਭਲਾਈ ਬੋਰਡ ਦੀ ਮੀਟਿੰਗ ’ਚ ਲਿਆ ਗਿਆ। ਇਹ ਮੀਟਿੰਗ ਪਸ਼ੂਧਨ ਕੰਪਲੈਕਸ, ਸੈਕਟਰ-68, ਐਸ. ਏ. ਐੱਸ. ਨਗਰ (ਮੋਹਾਲੀ) ਵਿਖੇ ਹੋਈ। ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਡੌਗ ਬਰੀਡਰਜ਼ ਅਤੇ ਪੈੱਟ ਸ਼ਾਪਸ ਨੂੰ ਜਾਨਵਰਾਂ 'ਤੇ ਜ਼ੁਲਮ ਰੋਕਣ ਲਈ (ਡੌਗ ਬਰੀਡਿੰਗ ਅਤੇ ਮਾਰਕੀਟਿੰਗ) ਨਿਯਮ 2016 ਤਹਿਤ ਰਜਿਸਟਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਖ਼ਤਰਨਾਕ ਵਾਇਰਸ ਦੇ ਮਿਲੇ ਕੇਸ, ਨਾ ਮਿਲਾਓ ਕਿਸੇ ਨਾਲ ਹੱਥ, ਰਹੋ ਸੁਚੇਤ

ਇਸ ਕਦਮ ਦਾ ਮੁੱਖ ਟੀਚਾ ਜਾਨਵਰਾਂ ਨਾਲ ਹੋਣ ਵਾਲੇ ਗੈਰ ਸੰਵੇਦਨਸ਼ੀਲ ਤੇ ਅਣਮਨੁੱਖੀ ਵਤੀਰੇ ਨੂੰ ਰੋਕਣਾ ਅਤੇ ਸੂਬੇ ’ਚ ਜ਼ਿੰਮੇਵਾਰ ਬਰੀਡਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨਾ ਹੈ। ਬੋਰਡ ਵੱਲੋਂ ਬਰੀਡਰਾਂ ਅਤੇ ਪੈੱਟ ਸ਼ਾਪਸ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖੀ ਜਾਵੇਗੀ ਤੇ ਕੰਟਰੋਲ ਕੀਤਾ ਜਾਵੇਗਾ। ਇਹ ਯਕੀਨੀ ਬਣਾਇਆ ਜਾਵੇਗਾ ਕਿ ਉਹ ਜਾਨਵਰਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਾਲੇ ਸਾਰੇ ਮਾਪਦੰਡਾਂ ਦੀ ਪਾਲਣਾ ਕਰਦੇ ਹੋਣ। ਇਹ ਯਕੀਨੀ ਬਣਾਇਆ ਜਾਵੇਗਾ ਕਿ ਜਾਨਵਰਾਂ ਨੂੰ ਅਣਮਨੁੱਖੀ ਵਤੀਰੇ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੂੰ ਢੁੱਕਵੀਂ ਦੇਖਭਾਲ ਪ੍ਰਦਾਨ ਕੀਤੀ ਜਾਵੇ ਤੇ ਜ਼ਿਆਦਾ ਬਰੀਡਿੰਗ ਨਾ ਕੀਤੀ ਜਾਵੇ। ਇਹ ਕੁੱਤਿਆਂ ਅਤੇ ਬਿੱਲੀਆਂ ਸਮੇਤ ਪਾਲਤੂ ਜਾਨਵਰਾਂ ਦੀ ਮਾਰਕੀਟਿੰਗ ’ਚ ਨੈਤਿਕ ਅਭਿਆਸਾਂ ਨੂੰ ਵੀ ਉਤਸ਼ਾਹਿਤ ਕਰੇਗਾ।

ਇਹ ਵੀ ਪੜ੍ਹੋ : ਪੰਜਾਬ 'ਚ 52 ਪੁਲਸ ਮੁਲਾਜ਼ਮਾਂ ਨੂੰ ਡਿਸਮਿਸ ਕਰਨ ਮਗਰੋਂ ਹੁਣ ਇਨ੍ਹਾਂ ਦੀ ਵਾਰੀ! ਵੱਡੀ ਚਿਤਾਵਨੀ ਜਾਰੀ

ਗੁਰਮੀਤ ਸਿੰਘ ਖੁੱਡੀਆਂ ਨੇ ਬੋਰਡ ਮੈਂਬਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਪੈੱਟ ਸ਼ਾਪਸ ਦੇ ਮਾਲਕਾਂ ਤੇ ਬਰੀਡਰਾਂ ਨੂੰ ਜਾਨਵਰਾਂ ਦੀ ਸੁਚੱਜੀ ਦੇਖਭਾਲ ਤੇ ਜਾਨਵਰਾਂ ਦੀ ਭਲਾਈ ਦੇ ਨਾਲ ਨਾਲ ਸਬੰਧਿਤ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਵੀ ਕਿਹਾ। ਇਸ ਮੀਟਿੰਗ ’ਚ ਪ੍ਰਮੁੱਖ ਸਕੱਤਰ ਪਸ਼ੂ ਪਾਲਣ ਰਾਹੁਲ ਭੰਡਾਰੀ, ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ ਤੋਂ ਇਲਾਵਾ ਅਮਿਤ ਚੌਹਾਨ, ਡਾ. ਸਰਬਜੀਤ ਕੌਰ, ਪ੍ਰੇਮ ਸਿੰਘ ਬਾਠ, ਸੁਰਿੰਦਰ ਸਿੰਘ ਸਿੱਧੂ, ਰਜਿੰਦਰ ਲੋਹਟੀਆ ਅਤੇ ਨਰਿੰਦਰ ਘਾਗੋਂ ਨੇ ਬੋਰਡ ਦੇ ਮੈਂਬਰਾਂ ਵਜੋਂ ਹਿੱਸਾ ਲਿਆ। ਪਸ਼ੂ ਪਾਲਣ ਮੰਤਰੀ ਨੇ ਬੋਰਡ ਦੇ ਮੈਂਬਰਾਂ ਨੂੰ ਜਾਨਵਰਾਂ ਦੇ ਅਧਿਕਾਰਾਂ ਅਤੇ ਜਾਨਵਰਾਂ ਪ੍ਰਤੀ ਗੈਰ ਸੰਵੇਦਨਸ਼ੀਲ ਤੇ ਕਰੂਰ ਵਤੀਰੇ ਨੂੰ ਰੋਕਣ ਸਬੰਧੀ ਨਿਯਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਅਤੇ ਕਾਲਜਾਂ ’ਚ ਭਾਸ਼ਣਾਂ ਸਮੇਤ ਵੱਖ-ਵੱਖ ਪਹਿਲ ਕਦਮੀਆਂ ਕਰਵਾਉਣ ਲਈ ਵੀ ਕਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News