ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਲੈ ਕੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜਾਰੀ ਹੋਏ ਇਹ ਦਿਸ਼ਾ-ਨਿਰਦੇਸ਼

Saturday, Aug 03, 2024 - 06:51 PM (IST)

ਮਾਤਾ ਚਿੰਤਪੁਰਨੀ ਦੇ ਮੇਲੇ ਨੂੰ ਲੈ ਕੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਜਾਰੀ ਹੋਏ ਇਹ ਦਿਸ਼ਾ-ਨਿਰਦੇਸ਼

ਹੁਸ਼ਿਆਰਪੁਰ (ਘੁੰਮਣ)-5 ਅਗਸਤ ਤੋਂ 14 ਅਗਸਤ ਤੱਕ ਚੱਲਣ ਵਾਲੇ ਮਾਤਾ ਚਿੰਤਪੁਰਨੀ ਮੇਲੇ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ। ਮੇਲੇ ਨੂੰ ਸਫ਼ਲ ਬਣਾਉਣ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪਹਿਲ ’ਤੇ ਦੋ ਰਾਜਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਅੱਜ ਇਕ ਮੰਚ ’ਤੇ ਆਇਆ ਅਤੇ ਮੇਲੇ ਦੇ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ-ਦੂਜੇ ਨਾਲ ਚਰਚਾ ਕੀਤੀ। ਵਧੀਕ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਰਾਹੁਲ ਚਾਬਾ ਦੀ ਪ੍ਰਧਾਨਗੀ ਵਿਚ ਐੱਸ. ਪੀ. ਊਨਾ ਸੰਜੀਵ ਭਾਟੀਆ, ਐੱਸ. ਪੀ. (ਆਪ੍ਰੇਸ਼ਨ) ਨਵਨੀਤ ਕੌਰ, ਐੱਸ. ਡੀ. ਐੱਮ. ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਅਤੇ ਡਿਪਟੀ ਕਮਿਸ਼ਨਰ ਊਨਾ ਦੇ ਸਹਾਇਕ ਕਮਿਸ਼ਨਰ ਵਰਿੰਦਰ ਸ਼ਰਮਾ ਤੋਂ ਇਲਾਵਾ ਹੁਸ਼ਿਆਰਪੁਰ ਅਤੇ ਊਨਾ ਜ਼ਿਲ੍ਹਿਆਂ ਦੇ ਸਿਵਲ ਅਤੇ ਪੁਲਸ ਅਧਿਕਾਰੀਆਂ ਵਿਚਾਲੇ ਮੀਟਿੰਗ ਹੋਈ। ਇਸ ਦੌਰਾਨ ਮੇਲੇ ਵਿਚ ਟ੍ਰੈਫਿਕ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ’ਤੇ ਵੀ ਚਰਚਾ ਹੋਈ।

ਊਨਾ ਪ੍ਰਸ਼ਾਸਨ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਚ ਮਾਤਾ ਚਿੰਤਪੁਰਨੀ ਨੂੰ ਜਾਣ ਵਾਲਾ ਰਸਤਾ ਵਨ ਵੇਅ ਹੋਵੇਗਾ ਯਾਨੀ ਕਿ ਸ਼ਰਧਾਲੂ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ ਪਹਿਲਾਂ ਵਾਲੇ ਰੂਟ, ਜੋਕਿ ਹੁਸ਼ਿਆਰਪੁਰ-ਗਗਰੇਟ-ਮੁਬਾਰਕਪੁਰ ਤੋਂ ਹੁੰਦੇ ਹੋਏ ਮਾਤਾ ਚਿੰਤਪੁਰਨੀ ਜਾਣਗੇ ਪਰ ਵਾਪਸੀ ਮਾਤਾ ਚਿੰਤਪੁਰਨੀ ਤੋਂ ਮੁਬਾਰਕਪੁਰ, ਅੰਬ, ਊਨਾ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਆਉਣਗੇ। ਉਨ੍ਹਾਂ ਦੱਸਿਆ ਕਿ ਦਿਨ ਦੇ ਸਮੇਂ ਵਿਚ ਭਾਰੀ ਵਾਹਨ ਨਾ ਭੇਜੇ ਜਾਣ ਤਾਂ ਜੋ ਜਾਮ ਕਾਰਨ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਨਾ ਹੋਵੇ।

ਇਹ ਵੀ ਪੜ੍ਹੋ-MP ਅੰਮ੍ਰਿਤਪਾਲ ਦੇ ਪਿਤਾ ਦਾ ਵੱਡਾ ਬਿਆਨ, ਰੱਖੜ ਪੁੰਨਿਆ 'ਤੇ ਪੰਥਕ ਧਿਰਾਂ ਵੱਲੋਂ ਹੋਵੇਗੀ ਵਿਸ਼ਾਲ ਪੰਥਕ ਕਾਨਫ਼ਰੰਸ

ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਕਿਹਾ ਕਿ ਵਨ ਵੇਅ ਹੋਣ ਨਾਲ ਟ੍ਰੈਫਿਕ 'ਤੇ ਕਾਬੂ ਪਾਉਣ ਵਿਚ ਅਸਾਨੀ ਹੋਵੇਗੀ ਅਤੇ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮੇਲੇ ਦੇ ਦਿਨਾਂ ਵਿਚ ਪ੍ਰਸ਼ਾਸਨ ਵੱਲੋਂ ਤੈਅ ਕੀਤੇ ਗਏ ਇਸੇ ਰੂਟ ਦੀ ਪਾਲਣਾ ਕਰਨ ਤਾਂ ਜੋ ਕੋਈ ਅਸੁਵਿਧਾ ਨਾ ਹੋਵੇ। ਇਸ ਦੌਰਾਨ ਨਗਰ ਨਿਗਮ, ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਮੇਲੇ ਨੂੰ ਲੈ ਕੇ ਸਹੀ ਪ੍ਰਬੰਧ ਬਣਾਏ ਰੱਖਣ ਦੇ ਨਿਰਦੇਸ਼ ਦਿੱਤੇ ਗਏ।

ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮੇਲੇ ਦੌਰਾਨ ਬੱਸਾਂ ਦੀਆਂ ਛੱਤਾਂ ’ਤੇ ਸ਼ਰਧਾਲੂ ਨਾ ਹੋਣ। ਮੇਲੇ ਦੌਰਾਨ ਡੀ. ਜੇ. ਲਈ ਪ੍ਰਸ਼ਾਸਨ ਵੱਲੋਂ ਕੋਈ ਆਗਿਆ ਨਹੀਂ ਦਿੱਤੀ ਜਾਵੇਗੀ। ਲੰਗਰ ਕਮੇਟੀਆਂ ਨੂੰ ਲਾਊਡ ਸਪੀਕਰ ਲਈ ਐੱਸ. ਡੀ. ਐੱਮ. ਤੋਂ ਆਗਿਆ ਲੈਣੀ ਜ਼ਰੂਰੀ ਹੋਵੇਗੀ। ਉਨ੍ਹਾਂ ਸਕੱਤਰ ਆਰ. ਟੀ. ਏ. ਨੂੰ ਨਿਰਦੇਸ਼ ਦਿੱਤੇ ਕਿ ਉਹ ਯਕੀਨੀ ਬਣਾਉਣ ਕਿ ਮੇਲੇ ਦੌਰਾਨ ਕੋਈ ਵੀ ਸ਼ਰਧਾਲੂ ਭਾਰ ਢੋਹਣ ਵਾਲੇ ਵਾਹਨਾਂ (ਕਮਰਸ਼ੀਅਲ ਵਾਹਨਾਂ) ’ਤੇ ਨਾ ਜਾਣ ਕਿਉਂਕਿ ਇਨ੍ਹਾਂ ਵਾਹਨਾਂ ਨਾਲ ਹਮੇਸ਼ਾ ਦੁਰਘਟਨਾਵਾਂ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਉਨ੍ਹਾਂ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਕਿ ਲੰਗਰ ਲਗਾਉਣ ਦੌਰਾਨ ਸਫ਼ਾਈ ਵਿਵਸਥਾ ਬਰਕਰਾਰ ਰੱਖਣੀ ਯਕੀਨੀ ਬਣਾਈ ਜਾਵੇ ਤਾਂ ਜੋ ਵਾਤਾਵਰਨ ਦੂਸ਼ਿਤ ਨਾ ਹੋ ਸਕੇ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਨਿਰਵਿਘਨ ਆਵਾਜਾਈ ਲਈ ਸੰਗਠਨਾਂ ਵੱਲੋਂ ਸੜਕ ’ਤੇ ਆ ਕੇ ਲੰਗਰ ਨਾ ਵੰਡੇ ਜਾਣ ਅਤੇ ਲੰਗਰ ਦੌਰਾਨ ਸਿੰਗਲ ਯੂਜ਼ ਪਲਾਸਟਿਕ (ਜੋ ਬੈਨ ਹੋ ਚੁੱਕਾ ਹੈ) ਦੀ ਵਰਤੋਂ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ- ਟ੍ਰੈਫਿਕ ਨਾਲ ਨਜਿੱਠਣ ਲਈ ਨਵੀਂ ਪਹਿਲ, ਹੁਣ ਮਾਲ, ਦਫ਼ਤਰ ਤੇ ਅਦਾਰੇ ਖੋਲ੍ਹਣ ਲਈ ਪੁਲਸ ਤੋਂ ਲੈਣੀ ਪਵੇਗੀ NOC

ਰਾਹੁਲ ਚਾਬਾ ਨੇ ਇਸ ਦੌਰਾਨ 24 ਘੰਟੇ ਸਿਹਤ ਸੇਵਾਵਾਂ, ਮੋਬਾਇਲ ਪਖਾਨੇ, ਪੁਲਸ ਮਾਨੀਟਰਿੰਗ, ਕੰਟਰੋਲ ਰੂਮ, ਟ੍ਰੈਫਿਕ ਕੰਟਰੋਲ ਅਤੇ ਹੋਰ ਸੁਵਿਧਾਵਾਂ ਸਬੰਧੀ ਵੀ ਸਮੀਖਿਆ ਕਰਦੇ ਹੋਏ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ, ਇਸ ਲਈ ਲੰਗਰ ਕਮੇਟੀਆਂ ਵੱਲੋਂ ਇਹ ਰਜਿਸਟਰੇਸ਼ਨ ਐੱਸ. ਡੀ. ਐੱਮ. ਹੁਸ਼ਿਆਰਪੁਰ ਤੋਂ ਕਰਵਾਈ ਜਾ ਸਕਦੀ ਹੈ। ਡੀ. ਐੱਸ. ਪੀ. ਸਿਟੀ ਅਮਰਨਾਥ ਨੇ ਦੱਸਿਆ ਕਿ ਮੇਲੇ ਨੂੰ ਧਿਆਨ ਵਿਚ ਰੱਖਦੇ ਜ਼ਿਲ੍ਹਾ ਪੁਲਸ ਵੱਲੋਂ ਦਿਨ ਦੇ ਸਮੇਂ 16 ਨਾਕੇ ਅਤੇ ਰਾਤ ਦੇ ਸਮੇਂ 14 ਨਾਕੇ ਵੱਖ-ਵੱਖ ਸਥਾਨਾਂ ’ਤੇ ਲਗਾਏ ਗਏ ਹਨ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ-  ਪੰਜਾਬ 'ਤੇ ਮੰਡਰਾ ਸਕਦੈ ਵੱਡਾ ਖ਼ਤਰਾ, ਪੌਂਗ ਡੈਮ ’ਚ ਵਧਿਆ ਪਾਣੀ ਦਾ ਪੱਧਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News