ਸ਼ਰਾਬ ਦੀ 1 ਪੇਟੀ ਬਰਾਮਦ ਹੋਵੇ ਜਾਂ 10, ਜੁਰਮਾਨਾ 1 ਲੱਖ ਰੁਪਏ ਦੇਣਾ ਹੀ ਪਵੇਗਾ

01/18/2018 10:30:13 AM

ਪਟਿਆਲਾ (ਪ੍ਰਤਿਭਾ)-ਨਾਜਾਇਜ਼ ਸ਼ਰਾਬ ਦੀ ਭਾਵੇਂ 1 ਪੇਟੀ ਬਰਾਮਦ ਹੋਵੇ ਜਾਂ 10 ਪੇਟੀਆਂ, ਦੋਸ਼ੀ ਨੂੰ ਇਕ ਲੱਖ ਰੁਪਏ ਜੁਰਮਾਨਾ ਹਰ ਹਾਲ ਵਿਚ ਦੇਣਾ ਹੋਵੇਗਾ। ਸਰਕਾਰ ਨੇ ਇਸ ਸਬੰਧੀ ਕੈਬਨਿਟ ਵਿਚ ਕਾਨੂੰਨ ਪਾਸ ਕਰ ਦਿੱਤਾ ਹੈ ਅਤੇ ਹੁਣ ਇਸ ਨਿਯਮ ਨੂੰ ਐਕਸਾਈਜ਼ ਵਿਭਾਗ ਸਖਤੀ ਨਾਲ ਲਾਗੂ ਵੀ ਕਰ ਰਿਹਾ ਹੈ। ਇੰਨਾ ਹੀ ਨਹੀਂ ਹੁਣ ਤੱਕ ਜੋ ਸਮੱਗਲਰ ਸ਼ਰਾਬ ਦੀ ਸਮੱਗਲਿੰਗ ਕਰਨ ਤੋਂ ਬਾਅਦ ਅਦਾਲਤ ਦਾ ਸਹਾਰਾ ਲੈ ਕੇ ਕੁਝ ਹਜ਼ਾਰ ਜੁਰਮਾਨਾ ਭਰ ਕੇ ਬਚ ਰਹੇ ਸਨ, ਉਹ ਹੁਣ ਇਸ ਨਵੇਂ ਨਿਯਮ ਤਹਿਤ ਬਚ ਨਹੀਂ ਸਕਣਗੇ। ਹੁਣ ਭਾਵੇਂ ਇਕ ਪੇਟੀ ਸ਼ਰਾਬ ਦੀ ਫੜੀ ਜਾਵੇ ਜਾਂ 10 ਪੇਟੀਆਂ, ਭਾਰੀ ਭਰਕਮ ਜੁਰਮਾਨਾ ਭਰਨਾ ਹੀ ਹੋਵੇਗਾ। 
ਵਰਨਣਯੋਗ ਹੈ ਕਿ ਬਾਹਰੀ ਸੂਬਿਆਂ ਤੋਂ ਸ਼ਰਾਬ ਦੀ ਲਗਾਤਾਰ ਹੋ ਰਹੀ ਸਮੱਗਲਿੰਗ ਤੇ ਸਮੱਗਲਰਾਂ ਦੀ ਗੁੰਡਾਗਰਦੀ ਰੋਕਣ ਲਈ ਹਾਲ ਹੀ ਵਿਚ ਸਰਕਾਰ ਨੇ ਇਹ ਨਵਾਂ ਕਾਨੂੰਨ ਤਿਆਰ ਕੀਤਾ ਹੈ। ਪਿਛਲੇ ਇਕ ਸਾਲ ਦੌਰਾਨ ਵੱਡੀ ਗਿਣਤੀ ਵਿਚ ਸ਼ਰਾਬ ਦੀਆਂ ਬੋਤਲਾਂ ਤੇ ਪੇਟੀਆਂ ਬਰਾਮਦ ਕੀਤੀਆਂ ਗਈਆਂ ਸੀ ਪਰ ਇਨ੍ਹਾਂ ਨੂੰ ਰੋਕਣ ਵਿਚ ਨਾ ਤਾਂ ਐਕਸਾਈਜ਼ ਵਿਭਾਗ ਸਫਲ ਹੋ ਪਾ ਰਿਹਾ ਸੀ ਤੇ ਨਾ ਹੀ ਪੁਲਸ ਕੁਝ ਕਰ ਪਾ ਰਹੀ ਸੀ।
ਗੱਡੀ ਉਦੋਂ ਤੱਕ ਨਹੀਂ ਛੱਡੀ ਜਾਵੇਗੀ, ਜਦੋਂ ਤੱਕ ਕੇਸ ਖਤਮ ਨਹੀਂ ਹੋਵੇਗਾ
ਉਥੇ ਇਸ ਸਬੰਧੀ ਐੱਸ. ਪੀ. ਐਕਸਾਈਜ਼ ਜੀ. ਐੱਸ. ਧਨੋਆ ਨੇ ਦੱਸਿਆ ਕਿ ਜੇਕਰ ਗੱਡੀ ਵਿਚ ਤਿੰਨ ਪੇਟੀਆਂ ਸ਼ਰਾਬ ਹਨ ਤਾਂ ਇਹ ਗੱਡੀ ਉਦੋਂ ਤੱਕ ਛੱਡੀ ਨਹੀਂ ਜਾਵੇਗੀ, ਜਦੋਂ ਤੱਕ ਪੁਲਸ ਕੇਸ ਖਤਮ ਨਹੀਂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇੰਨੇ ਸਖਤ ਕਾਨੂੰਨ ਦੀ ਲੋੜ ਸੀ ਜੋ ਕਿ ਸ਼ਰਾਬ ਸਮੱਗਲਿੰਗ ਕਰਨ ਵਾਲਿਆਂ ਖਿਲਾਫ ਹੁਣ ਬਣਿਆ ਹੈ। 
ਖੁਦ ਨੂੰ ਬਚਾਉਣ ਲਈ ਇਹ ਢੰਗ ਅਪਣਾਉਂਦੇ ਰਹੇ ਸਮੱਗਲਰ
ਦੱਸਣਯੋਗ ਹੈ ਕਿ ਪਹਿਲਾਂ ਸਮੱਗਲਰ ਫੜੇ ਜਾਣ ਤੋਂ ਬਾਅਦ ਵਿਭਾਗ ਨੂੰ ਜੁਰਮਾਨਾ ਨਹੀਂ ਭਰਦੇ ਸੀ ਬਲਕਿ ਉਹ ਪੁਲਸ ਕੇਸ ਕਰਨ ਨੂੰ ਕਹਿ ਦਿੰਦੇ ਸੀ। ਪੁਲਸ ਕੇਸ ਹੋਣ ਤੋਂ ਬਾਅਦ ਸਮੱਗਲਰ ਖੁਦ ਦੀ ਤੇ ਫੜੀ ਗਈ ਗੱਡੀ ਦੀ ਜ਼ਮਾਨਤ ਕਰਵਾ ਲੈਂਦੇ ਸੀ। ਫਿਰ ਅਦਾਲਤ ਵਿਚ ਕੇਸ ਹੁੰਦਾ ਸੀ ਤੇ ਅਦਾਲਤ ਵੱਲੋਂ ਲਾਇਆ ਗਿਆ ਜੁਰਮਾਨਾ ਭਰਨ ਤੋਂ ਬਾਅਦ ਫਿਰ ਤੋਂ ਉਹੀ ਕੰਮ ਸ਼ੁਰੂ ਕਰ ਲੈਂਦੇ ਸੀ। ਇਹ ਜੁਰਮਾਨਾ 5 ਹਜ਼ਾਰ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਹੀ ਹੁੰਦਾ ਸੀ। ਇਥੇ ਤੱਕ ਕਿ ਕਈ ਵਾਰ ਐਕਸਾਈਜ਼ ਟੀਮਾਂ 'ਤੇ ਇਨ੍ਹਾਂ ਵੱਲੋਂ ਹਮਲੇ ਵੀ ਕਰਵਾਏ ਗਏ।


Related News