ਰਾਤ ਸਮੇਂ ਜੇ. ਸੀ. ਬੀ. ਲਾ ਕੇ ਪੁੱਟੀਆਂ ਚਾਰਦੀਵਾਰੀ ਲਈ ਨੀਂਹਾਂ
Thursday, Mar 15, 2018 - 07:56 AM (IST)

ਪਟਿਆਲਾ/ ਰੱਖੜਾ (ਰਾਣਾ) - ਪਟਿਆਲਾ ਤੋਂ ਚੰਡੀਗੜ੍ਹ-ਰਾਜਪੁਰਾ ਰੋਡ 'ਤੇ ਸਥਿਤ ਪੇਂਡੂ ਬਲਾਕ ਤੇ ਪੰਚਾਇਤ ਵਿਭਾਗ ਪੰਚਾਇਤ ਸੰਮਤੀ ਸਨੌਰ ਦੇ ਮੁੱਖ ਦਫ਼ਤਰ ਅੱਗੇ ਸੜਕ ਨਾਲ ਲੱਗਦੀ ਬਹੁ-ਕਰੋੜੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਲਈ ਪਹਿਲਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੰਢਿਆਲੀ ਤਾਰ ਲਾਈ ਗਈ ਅਤੇ ਫਿਰ ਬੀਤੀ ਰਾਤ ਨੂੰ ਜੇ. ਸੀ. ਬੀ. ਮਸ਼ੀਨ ਲਾ ਕੇ ਚਾਰਦੀਵਾਰੀ ਕਰਨ ਲਈ ਪੁਟਾਈ ਕੀਤੀ ਗਈ। ਪਤਾ ਲੱਗਣ 'ਤੇ ਰਾਤ ਸਮੇਂ ਹੀ ਡੀ. ਡੀ. ਪੀ. ਓ. ਸੁਰਿੰਦਰ ਸਿੰਘ ਢਿੱਲੋਂ ਨੇ ਆਪਣੀ ਟੀਮ ਨਾਲ ਪੁੱਜ ਕੇ ਸਰਕਾਰੀ ਜਗ੍ਹਾ 'ਤੇ ਕਬਜ਼ਾ ਕਰਨ ਦੀ ਤਾਕ ਵਿਚ ਚੱਲ ਰਹੀ ਪੁਟਾਈ ਨੂੰ ਪੁਲਸ ਵਿਭਾਗ ਨੂੰ ਸੂਚਿਤ ਕਰ ਕੇ ਰੁਕਵਾਇਆ ਗਿਆ। ਹੁਣ ਜਦੋਂ ਨਾਜਾਇਜ਼ ਕਾਬਜ਼ਕਾਰਾਂ ਨੇ ਇਸ ਸਰਕਾਰੀ ਜਗ੍ਹਾ 'ਤੇ ਪੱਕੇ ਤੌਰ 'ਤੇ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਸ਼ਾਸਨ ਆਪਣੀ ਗੁੜ੍ਹੀ ਨੀਂਦ ਤੋਂ ਜਾਗਿਆ ਹੈ ਪਰ ਪਿਛਲੇ ਸਮੇਂ ਦੌਰਾਨ ਇਸ ਨਾਜਾਇਜ਼ ਕਬਜ਼ੇ ਨੂੰ ਲੈ ਕੇ ਮਾਮਲਾ ਸੁਰਖੀਆਂ ਵਿਚ ਛਾਇਆ ਹੋਇਆ ਹੈ ਪਰ ਪ੍ਰਸ਼ਾਸਨ ਨੇ ਕੋਈ ਵੀ ਪੁਖਤਾ ਕਾਰਵਾਈ ਨਹੀਂ ਕੀਤੀ, ਜਿਸ ਦੀ ਢਿੱਲ ਕਾਰਨ ਹੀ ਨਾਜਾਇਜ਼ ਕਾਬਜ਼ਕਾਰ ਹਾਵੀ ਰਹੇ ਹਨ।
ਜ਼ਿਕਰਯੋਗ ਹੈ ਕਿ ਨਾਜਾਇਜ਼ ਕਬਜ਼ੇ ਸਬੰਧੀ ਸਬੰਧਤ ਬੀ. ਡੀ. ਪੀ. ਓ. ਵੱਲੋਂ ਕਈ ਵਾਰ ਡਿਪਟੀ ਕਮਿਸ਼ਨਰ ਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਪੱਤਰ ਕੱਢੇ ਗਏ ਹਨ ਜਿਨ੍ਹਾਂ 'ਤੇ ਕੋਈ ਵੀ ਪੁਖਤਾ ਕਾਰਵਾਈ ਕਰਨ ਵਿਚ ਦੇਰੀ ਕਾਰਨ ਹੀ ਨਾਜਾਇਜ਼ ਕਾਬਜ਼ਕਾਰ ਹਾਵੀ ਰਹੇ ਹਨ।
ਸਰਕਾਰੀ ਥਾਂ 'ਤੇ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਏ. ਡੀ. ਸੀ. ਪਟਿਆਲਾ-ਰਾਜਪੁਰਾ ਰੋਡ ਨੇੜੇ ਬਲਾਕ ਸੰਮਤੀ ਸਨੌਰ ਦੇ ਦਫ਼ਤਰ ਸਾਹਮਣੇ ਹੋ ਰਹੇ ਨਾਜਾਇਜ਼ ਕਬਜ਼ੇ ਸਬੰਧੀ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਰਾਤ ਵੇਲੇ ਚਾਰਦੀਵਾਰੀ ਕਰਨ ਲਈ ਪੁੱਟੀਆਂ ਜਾ ਰਹੀਆਂ ਨੀਹਾਂ ਤੇ ਚੱਲ ਰਹੀ ਜੇ. ਸੀ. ਬੀ. ਮਸ਼ੀਨ ਨੂੰ ਰੋਕਣ ਅਤੇ ਇਸ ਥਾਂ ਬਾਰੇ ਡੀ. ਡੀ. ਪੀ. ਓ. ਸੁਰਿੰਦਰ ਸਿੰਘ ਢਿੱਲੋਂ ਨੇ ਪੂਰੀ ਰਿਪੋਰਟ ਏ. ਡੀ. ਸੀ. ਵਿਕਾਸ ਸ਼ੌਕਤ ਅਹਿਮਦ ਪਰੇ ਨੂੰ ਦੇ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਏ. ਡੀ. ਸੀ. ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਸਰਕਾਰੀ ਥਾਂ 'ਤੇ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਸਬੰਧੀ ਪੁਲਸ ਵਿਭਾਗ ਨੂੰ ਤੁਰੰਤ ਇਹ ਜਗ੍ਹਾ ਖਾਲੀ ਕਰਵਾਉਣ ਲਈ ਲਿਖਿਆ ਗਿਆ ਹੈ ਤਾਂ ਜੋ ਇਸ ਸਰਕਾਰੀ ਥਾਂ ਤੋਂ ਨਾਜਾਇਜ਼ ਕਬਜ਼ਾ ਹਟਵਾਇਆ ਜਾ ਸਕੇ।
ਮਾਲਕੀ ਖਾਨੇ 'ਚ ਬੋਲ ਰਹੀ ਹੈ ਪਸ਼ੂ ਮੇਲੇ ਵਾਲੀ ਸਰਕਾਰੀ ਗਰਾਊਂਡ :ਜੇਕਰ ਇਸ ਥਾਂ ਦੀ ਜਮ੍ਹਾਬੰਦੀ ਦੇਖੀ ਜਾਵੇ ਤਾਂ ਉਸ ਦੇ ਮਾਲਕੀ ਖਾਨੇ ਵਿਚ 2006-07 ਅਨੁਸਾਰ ਸਰਕਾਰੀ ਮਾਲਕੀ ਦਾ ਇੰਦਰਾਜ ਦਰਜ ਹੈ। ਉਕਤ ਰਕਬੇ ਦਾ ਕਬਜ਼ਾ ਜਮ੍ਹਾਬੰਦੀ ਅਨੁਸਾਰ ਦਰਜ ਰਿਪੋਰਟ ਅਨੁਸਾਰ ਨੰਬਰ 15, ਮਿਤੀ 9 ਨਵੰਬਰ 2012 ਰਾਹੀਂ ਨੰਬਰ 2138/1308 ਰਕਬਾ 32 ਬਿੱਘੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਦਿੱਤਾ ਗਿਆ ਹੈ।
ਇਹ ਰਕਬਾ ਜ਼ਿਲਾ ਪੰਚਾਇਤ ਤੇ ਵਿਕਾਸ ਅਫਸਰ ਪਟਿਆਲਾ ਦੀ ਨਿਗਰਾਨੀ ਹੇਠ ਪਿਛਲੇ ਕਾਫੀ ਸਮੇਂ ਤੱਕ ਪਸ਼ੂ ਮੇਲਾ ਗਰਾਊਂਡ ਲਈ ਵਰਤਿਆ ਜਾਂਦਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਇਥੇ ਕੋਈ ਮੰਡੀ ਨਹੀਂ ਲੱਗੀ, ਇਸ ਲਈ ਸਰਕਾਰ ਨੇ ਇਸ ਰਕਬੇ ਵਿਚੋਂ 2013 ਵਿਚ 2 ਏਕੜ ਰਕਬਾ ਪੰਚਾਇਤ ਸੰਮਤੀ ਸਨੌਰ ਦਾ ਦਫ਼ਤਰ ਬਣਾਉਣ ਲਈ ਦੇ ਦਿੱਤਾ ਹੈ, ਜਿਸ ਵਿਚ ਸਨੌਰ ਬਲਾਕ ਦਫ਼ਤਰ ਦੀ ਬਿਲਡਿੰਗ ਬਣ ਕੇ ਚਾਲੂ ਹੋ ਚੁੱਕੀ ਹੈ, ਜਿਸਦਾ ਬਾਹਰੀ ਰਕਬਾ 22 ਬਿੱਘੇ 8 ਬਿਸਵੇ ਹੋਰ ਬਚਦਾ ਹੈ, ਜਿਸ ਵਿਚ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਬਣਾ ਕੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਸਨੌਰ ਬਲਾਕ ਸੰਮਤੀ ਹੈ ਇਸ ਜਗ੍ਹਾ ਦੀ ਪੂਰੀ ਮਾਲਕੀ ਦੀ ਹੱਕਦਾਰ : ਪਟਿਆਲਾ-ਰਾਜਪੁਰਾ ਰੋਡ ਨੇੜੇ ਸਰਕਾਰੀ ਜਗ੍ਹਾ 'ਤੇ ਹੋ ਰਹੇ ਨਾਜਾਇਜ਼ ਕਬਜ਼ੇ ਵਾਲੀ ਥਾਂ ਦੀ ਕਾਗਜ਼ਾਂ ਅਨੁਸਾਰ ਪੂਰੀ ਮਾਲਕੀ ਦੀ ਹੱਕਦਾਰ ਪੇਂਡੂ ਵਿਕਾਸ ਤੇ ਪੰਚਾਇਤ ਬਲਾਕ ਸਨੌਰ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਪਹਿਲਾਂ ਵੀ 'ਜਗ ਬਾਣੀ' ਵੱਲੋਂ ਮੁੱਦਾ ਚੁੱਕਿਆ ਗਿਆ ਸੀ ਪਰ ਪ੍ਰਸ਼ਾਸਨ ਦੀ ਢਿੱਲ ਕਾਰਨ ਹੀ ਇਹ ਮਾਮਲਾ ਠੰਡੇ ਬਸਤੇ ਵਿਚ ਸੀ।
ਸ਼ਿਵ ਸੈਨਾ (ਬਾਲ ਠਾਕਰੇ) ਨੇ ਦਿੱਤਾ ਮੰਗ ਪੱਤਰ : ਪੇਂਡੂ ਵਿਕਾਸ ਤੇ ਪੰਚਾਇਤ ਬਲਾਕ ਦੇ ਦਫ਼ਤਰ ਸਾਹਮਣੇ ਰਾਜਪੁਰਾ-ਪਟਿਆਲਾ ਰੋਡ ਨਾਲ ਲੱਗਦੀ ਜਗ੍ਹਾ ਉਪਰ ਲੋਕਾਂ ਦੀ ਸ਼ਰਧਾ ਨਾਲ 15 ਸਾਲ ਪਹਿਲਾਂ ਕਾਲੀ ਮਾਤਾ ਦਾ ਮੰਦਰ ਬਣਾਇਆ ਗਿਆ ਸੀ, ਜਿਥੇ ਲੋਕਾਂ ਦੀ ਅਥਾਹ ਸ਼ਰਧਾ ਨੂੰ ਦੇਖਦਿਆਂ ਗਊਸ਼ਾਲਾ ਬਣਾਉਣ ਦੇ ਕੰਮ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਰੋਕਣ 'ਤੇ ਰੋਸ ਵਿਚ ਆਏ ਸੂਬਾ ਉਪ-ਪ੍ਰਧਾਨ ਸ਼ਿਵ ਸੈਨਾ (ਬਾਲ ਠਾਕਰੇ) ਹਰੀਸ਼ ਸਿੰਗਲਾ ਨੇ ਅੱਜ ਆਪਣੇ ਕਾਰਕੁੰਨਾਂ ਨਾਲ ਇਸ ਜਗ੍ਹਾ 'ਚ ਦਖਲਅੰਦਾਜ਼ੀ ਨੂੰ ਬੰਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਮੰਗ ਪੱਤਰ ਦਿੱਤਾ, ਜਿਸ 'ਤੇ ਡਿਪਟੀ ਕਮਿਸ਼ਨਰ ਪਟਿਆਲਾ ਨੇ ਪੜਤਾਲ ਕਰਨ ਦਾ ਭਰੋਸਾ ਦੁਆਇਆ। ਇਸ ਸਬੰਧੀ ਗੱਲਬਾਤ ਕਰਦਿਆਂ ਹਰੀਸ਼ ਸਿੰਗਲਾ ਨੇ ਕਿਹਾ ਕਿ ਜਦੋਂ ਪੰਚਾਇਤ ਸਨੌਰ ਬਲਾਕ ਦਾ ਨਿਰਮਾਣ ਕੀਤਾ ਗਿਆ, ਉਦੋਂ ਇਨ੍ਹਾਂ ਨੇ ਆਪ ਮੰਦਰ ਵਾਲੀ ਜਗ੍ਹਾ ਛੱਡ ਕੇ ਦਫ਼ਤਰ ਦਾ ਨਿਰਮਾਣ ਕਰਵਾਇਆ ਤੇ ਚਾਰਦੀਵਾਰੀ ਕੀਤੀ ਹੈ ਤੇ ਹੁਣ ਬਿਨਾਂ ਵਜ੍ਹਾ ਸਰਕਾਰ ਦੀ ਜਗ੍ਹਾ ਦਰਸਾਉਣ ਲੱਗ ਪਏ ਹਨ, ਜੇਕਰ ਪ੍ਰਸ਼ਾਸਨ ਨੇ ਇਨਸਾਫ ਨਾ ਦਿੱਤਾ ਤਾਂ ਸਮੁੱਚਾ ਹਿੰਦੂ ਸਮਾਜ ਸਰਕਾਰ ਦੇ ਖਿਲਾਫ਼ ਰੋਸ ਧਰਨਾ ਦੇਵੇਗਾ। ਉਨ੍ਹਾਂ ਕਿਹਾ ਕਿ ਧਾਰਮਕ ਭਾਵਨਾਵਾਂ ਨੂੰ ਦੇਖਦਿਆਂ ਪ੍ਰਸ਼ਾਸਨ ਮੁੜ ਤੋਂ ਆਪਣੇ ਫ਼ੈਸਲੇ 'ਤੇ ਗੌਰ ਕਰੇ।