...ਜਦੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਗਏ ਨਗਰ ਸੁਧਾਰ ਟਰੱਸਟ ਨੂੰ ਮੁੜਨਾ ਪਿਆ ਖਾਲ੍ਹੀ ਹੱਥ (ਵੀਡੀਓ)

Wednesday, Aug 01, 2018 - 04:34 PM (IST)

ਅੰਮ੍ਰਿਤਸਰ(ਗੁਰਪ੍ਰੀਤ ਸਿੰਘ)— ਕੈਬਨਿਟ ਮੰਤਰੀ ਨਵਜੋਤ ਸਿੱਧੂ ਦੇ ਹਲਕੇ ਜਹਾਜਗੜ੍ਹ ਵਿਚ ਅੱਜ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਵੇਰੇ 5 ਵਜੇ ਦੇ ਕਰੀਬ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਭਾਰੀ ਪੁਲਸ ਫੋਰਸ ਸਮੇਤ ਜ਼ਮੀਨ 'ਤੇ ਕਬਜ਼ਾ ਕਰਨ ਲਈ ਜੇ.ਸੀ.ਬੀ ਮਸ਼ੀਨਾਂ ਸਣੇ ਮੌਕੇ 'ਤੇ ਪੁੱਜ ਗਏ। ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ, ਜਦੋਂ ਦੁਕਾਨਦਾਰ ਆਪਣੇ ਪਰਿਵਾਰਾਂ ਸਮੇਤ ਧਰਨੇ 'ਤੇ ਬੈਠ ਗਏ ਤੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਧਰਨੇ 'ਚ ਲੋਕਾਂ ਨਾਲ ਕਾਂਗਰਸ ਦੇ ਸਾਬਕਾ ਬੁਲਾਰੇ ਮਨਦੀਪ ਸਿੰਘ ਮੰਨਾ ਵੀ ਸ਼ਾਮਿਲ ਹੋ ਗਏ।
ਦਰਅਸਲ ਜਿਸ ਜ਼ਮੀਨ 'ਤੇ ਕਬਜ਼ਾ ਕਰਨ ਲਈ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਆਏ ਸਨ, ਲੋਕਾਂ ਨੇ ਉਸ ਜ਼ਮੀਨ ਦੀ ਰਜਿਸਟਰੀ ਅਧਿਕਾਰੀਆਂ ਨੂੰ ਦਿਖਾਈ। ਇਸ ਦੌਰਾਨ ਪੁਲਸ ਅਧਿਕਾਰੀਆਂ ਤੇ ਲੋਕਾਂ ਵਿਚਕਾਰ ਬਹਿਸ ਵੀ ਹੋਈ। ਵਿਰੋਧ ਕਰ ਰਹੇ ਲੋਕਾਂ ਮੁਤਾਬਕ ਉਨ੍ਹਾਂ ਦੇ ਮੁੜ-ਵਸੇਬੇ ਦੀ ਜੋ ਜ਼ਿੰਮੇਵਾਰੀ ਸਰਕਾਰ ਨੇ ਲਈ ਸੀ, ਪਹਿਲਾਂ ਉਸ ਨੂੰ ਪੂਰਾ ਕੀਤਾ ਜਾਵੇ। ਉਧਰ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਨੇ 15 ਦਿਨ ਦਾ ਸਮਾਂ ਮੰਗਿਆ ਹੈ, ਜੋ ਉਨ੍ਹਾਂ ਨੂੰ ਦੇ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਵੱਲੋਂ ਉੱਠਾਇਆ ਗਿਆ ਨਾਜਾਇਜ਼ ਉਸਾਰੀਆਂ ਦਾ ਮਾਮਲਾ ਭਖਿਆ ਹੋਇਆ ਹੈ। ਅਜਿਹੇ 'ਚ ਉਨ੍ਹਾਂ ਦੇ ਹੀ ਹਲਕੇ 'ਚ ਨਗਰ ਸੁਧਾਰ ਟਰੱਸਟ ਵਲੋਂ ਕੀਤੀ ਜਾ ਰਹੀ ਕਾਰਵਾਈ ਦਾ ਜ਼ਬਰਦਸਤ ਵਿਰੋਧ ਸਿੱਧੂ ਲਈ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ।


Related News