ਨਾਜਾਇਜ਼ ਪਾਰਕਿੰਗ ਕਾਰਨ ਡੀ.ਐੱਮ.ਸੀ. ਅਤੇ ਕਰਮਚਾਰੀ ’ਚ ਹੋਈ ਤਕਰਾਰ

08/29/2018 2:53:11 AM

ਰੂਪਨਗਰ,  (ਕੈਲਾਸ਼)-  ਡਿਪਟੀ ਮੈਡੀਕਲ ਕਮਿਸ਼ਨਰ (ਡੀ.ਐੱਮ.ਸੀ.) ਦੇ ਦਫਤਰ ਅਤੇ ਗੈਰੇਜ ਦੇ ਅੱਗੇ ਹੋ ਰਹੀ ਵਾਹਨਾਂ ਦੀ ਨਾਜਾਇਜ਼ ਪਾਰਕਿੰਗ ਕਾਰਨ ਜਿਥੇ ਡੀ.ਐੱਮ.ਸੀ. ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਨਾਜਾਇਜ਼ ਪਾਰਕਿੰਗ ਅੱਜ ਡੀ.ਐੱਮ.ਸੀ. ਅਤੇ ਹਸਪਤਾਲ ਦੇ ਇਕ ਕਰਮਚਾਰੀ ’ਚ ਝਗਡ਼ੇ ਦਾ ਕਾਰਨ ਬਣ ਗਈ। 
  ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਰੂਪਨਗਰ ’ਚ ਡਿਪਟੀ ਮੈਡੀਕਲ ਕਮਿਸ਼ਨਰ ਦਾ ਦਫਤਰ ਹੈ ਅਤੇ ਦਫਤਰ ਦੇ ਨਾਲ ਹੀ ਉਕਤ ਅਧਿਕਾਰੀ ਦਾ ਵਾਹਨ ਖਡ਼੍ਹਾ ਕਰਨ ਲਈ ਗੈਰੇਜ ਬਣਿਆ ਹੈ ਪਰ ਅਧਿਕਾਰੀ ਦੇ 9 ਵਜੇ ਪਹੁੰਚਣ ਤੋਂ ਪਹਿਲਾਂ ਹੀ ਦਫਤਰ ਨਾਲ ਬਣੀ ਸਡ਼ਕ ’ਤੇ ਵਾਹਨਾਂ ਦੀ ਨਾਜਾਇਜ਼ ਪਾਰਕਿੰਗ ਹੋ ਜਾਂਦੀ ਹੈ। ਜਿਸ ਕਾਰਨ ਡੀ.ਐੱਮ.ਸੀ. ਦੀ ਗੱਡੀ ਨੂੰ ਗੈਰੇਜ ਤਕ ਜਾਣ ਲਈ ਰਸਤਾ ਨਹੀਂ ਮਿਲਦਾ ਅਤੇ ਜੇਕਰ ਗੱਡੀ ਸਵੇਰੇ ਗੈਰੇਜ ’ਚ ਲੱਗ ਜਾਵੇ ਤਾਂ ਗੱਡੀ ਬਾਹਰ ਕੱਢਣ ਲਈ ਡੀ.ਐੱਮ.ਸੀ. ਦੇ ਡਰਾਈਵਰ ਨੂੰ ਨਾਜਾਇਜ਼ ਪਾਰਕਿੰਗ  ਕਾਰਨ ਭਾਰੀ ਮੁਸ਼ੱਕਤ ਕਰਨੀ ਪੈਂਦੀ। ਅੱਜ ਜਦੋਂ ਡੀ.ਐੱਮ.ਸੀ. ਨੇ ਦਫਤਰ ਦੇ ਨੇਡ਼ੇ ਨਾਜਾਇਜ਼ ਪਾਰਕ ਕੀਤੇ ਵਾਹਨਾਂ ਦਾ ਸਖਤ ਨੋਟਿਸ ਲਿਆ ਤਾਂ ਉਥੇ ਹਸਪਤਾਲ ਦੇ ਇਕ ਕਰਮਚਾਰੀ ਦਾ ਸਕੂਟਰ  ਖੜ੍ਹਾ ਹੋਣ  ਕਾਰਨ ਡੀ.ਐੱਮ.ਸੀ. ਡਾ. ਰਾਜ ਰਾਣੀ ਅਤੇ ਸਬੰਧਤ ਕਰਮਚਾਰੀ ਬਰਿੰਦਰ ਸਿੰਘ ’ਚ ਬਹਿਸ  ਹੋ ਗਈ।
 ਡੀ.ਐੱਮ.ਸੀ. ਨੇ ਦੱਸਿਆ ਕਿ ਉਨ੍ਹਾਂ  ਦੀ ਜ਼ਰੂਰੀ ਮੀਟਿੰਗ ਵੀ ਗੱਡੀ ਦੇ ਨਾ ਨਿਕਲ ਸਕਣ ਕਾਰਨ ਮਿਸ ਹੋ ਗਈ ਅਤੇ ਨਾਜਾਇਜ਼ ਪਾਰਕਿੰਗ ਨੂੰ ਰੋਕਣ ਲਈ ਐੱਸ.ਐੱਮ.ਓ. ਨੂੰ ਵੀ ਪੱਤਰ ਭੇਜਿਆ ਗਿਆ ਸੀ। ਡਾ. ਰਾਜ ਰਾਣੀ ਨੇ ਦੱਸਿਆ ਕਿ ਉਕਤ ਨਾਜਾਇਜ਼ ਪਾਰਕਿੰਗ ਨੂੰ ਰੋਕਣ ਲਈ ਸਡ਼ਕ ’ਤੇ ਰੱਸੀ ਵੀ ਲਾਈ ਗਈ ਪਰ ਕਰਮਚਾਰੀ ਬਰਿੰਦਰ ਸਿੰਘ ਨੇ ਨਿਯਮਾਂ ਨੂੰ ਤੋਡ਼ਦੇ ਹੋਏ ਆਪਣਾ ਸਕੂਟਰ ਦਫਤਰ ਦੇ ਠੀਕ ਨਾਲ ਪਾਰਕ ਕਰ ਦਿੱਤਾ। ਜਿਸ ਨੂੰ ਦੇਖਦੇ ਹੋਏ ਹੋਰ ਵਾਹਨ ਚਾਲਕਾਂ ਨੇ  ਪਾਰਕਿੰਗ ਸ਼ੁਰੂ ਕਰ ਦਿੱਤੀ। ਉਨ੍ਹਾਂ  ਦੱਸਿਆ ਕਿ ਕਰਮਚਾਰੀ ਬਰਿੰਦਰ ਸਿੰਘ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਉਨ੍ਹਾਂ  ਨਾਲ ਦੁਰਵਿਵਹਾਰ ਕੀਤਾ। ਜਿਸ ਸਬੰਧੀ ਕਰਮਚਾਰੀ ਦੀ ਸ਼ਿਕਾਇਤ ਵੀ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। 
 ਐੱਸ.ਐੱਮ.ਓ. ਨੇ ਵੀ ਜਾਰੀ ਕੀਤੇ ਦਿਸ਼ਾ-ਨਿਰਦੇਸ਼
 ਇਸ ਸਬੰਧ ’ਚ ਜਦੋਂ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਅਨਿਲ ਮਨਚੰਦਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਅੰਦਰ ਵੀ ਕੁਝ ਕਰਮਚਾਰੀ ਆਪਣੇ ਸਕੂਟਰ ਪਾਰਕ ਕਰ ਰਹੇ ਸਨ। ਜਿਸ ’ਤੇ ਡੀ.ਐੱਮ.ਸੀ. ਦਫਤਰ ਵੱਲੋਂ ਉਨ੍ਹਾਂ ਨੂੰ ਪੱਤਰ ਭੇਜ ਕੇ ਇਸ ਨੂੰ ਕੰਟਰੋਲ ਕਰਨ ਲਈ ਕਿਹਾ ਗਿਆ। ਐੱਸ.ਐੱਮ.ਓ. ਨੇ ਦੱਸਿਆ ਕਿ ਉਕਤ ਪੱਤਰ ਮਿਲਣ ਦੇ ਬਾਅਦ ਸਾਰੇ ਕਰਮਚਾਰੀਆਂ ਨੂੰ ਹਸਪਤਾਲ ਦੇ ਅੰਦਰ ਵਾਹਨ ਖਡ਼੍ਹਾ ਨਾ ਕਰਨ ਸਬੰਧੀ ਨੋਟ ਕਰਵਾ ਦਿੱਤਾ ਗਿਆ।

 ਕੀ ਕਹਿਣੈ ਕਰਮਚਾਰੀ ਬਰਿੰਦਰ ਸਿੰਘ ਦਾ
 ਇਸ ਸਬੰਧ ’ਚ ਜਦੋਂ ਕਰਮਚਾਰੀ ਬਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਡੀ.ਐੱਮ.ਸੀ. ਡਾ. ਰਾਜ ਰਾਣੀ ਨਾਲ ਕੀਤੇ ਗਏ ਦੁਰਵਿਵਹਾਰ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਕਿ ਡੀ.ਐੱਮ.ਸੀ. ਦਫਤਰ ਦੇ ਅੱਗੇ ਪਹਿਲਾਂ ਤੋਂ ਹੀ ਵਾਹਨ ਪਾਰਕ ਸੀ ਪਰ ਉਨ੍ਹਾਂ  ਨੂੰ  ਸਿਰਫ ਉਸ ਦੇ ਹੀ ਵਾਹਨ ’ਤੇ ਇਤਰਾਜ਼ ਹੋਇਆ। ਉਸ ਨੇ ਕਿਹਾ ਕਿ ਹਸਪਤਾਲ ’ਚ ਚੱਲ ਰਹੇ ਕੰਸਟਰੱਕਸ਼ਨ ਦੇ ਕੰਮ ਕਾਰਨ ਪਾਰਕਿੰਗ ’ਚ ਜਗ੍ਹਾ ਨਾ ਹੋਣ ਕਾਰਨ ਉਹ ਆਪਣੇ ਵਾਹਨ ਨੂੰ ਡੀ.ਐੱਮ.ਸੀ. ਦਫਤਰ ਦੇ ਨੇਡ਼ੇ ਪਈ ਖਾਲੀ ਜਗ੍ਹਾ ’ਤੇ ਲਾ ਦਿੰਦੇ ਹਨ।
 ਠੇਕੇਦਾਰ ਦੀ ਡਿਊਟੀ ਹੈ ਵਾਹਨਾਂ ਨੂੰ ਪਾਰਕਿੰਗ ਸਥਾਨ ’ਤੇ ਲਵਾਉਣ
 ਇਸ ਸਬੰਧ ’ਚ ਡੀ.ਐੱਮ.ਸੀ. ਡਾ. ਰਾਜ ਰਾਣੀ ਨੇ ਕਿਹਾ ਕਿ ਠੇਕੇਦਾਰ ਦੇ ਕਰਮਚਾਰੀ ਕੇਵਲ ਪਰਚੀ ਕੱਟ ਕੇ ਵਾਹਨ ਨੂੰ ਅੱਗੇ ਭੇਜ ਦਿੰਦੇ ਹਨ। ਜਦੋਂ ਕਿ ਜੋ ਸਥਾਨ ਸਿਹਤ ਪ੍ਰਸ਼ਾਸਨ ਦੁਆਰਾ ਪਾਰਕਿੰਗ ਲਈ ਨਿਰਧਾਰਤ ਕੀਤਾ  ਗਿਆ ਹੈ ਉਥੇ ਹੀ ਉਨ੍ਹਾਂ ਨੂੰ ਵਾਹਨ ਪਾਰਕ ਕਰਵਾਉਣੇ ਚਾਹੀਦੇ ਹਨ।
 


Related News