ਨਿਗਮ ਟੀਮ ਨੇ ਅੱਧੀ ਦਰਜਨ ਨਾਜਾਇਜ਼ ਕਾਲੋਨੀਆਂ ''ਤੇ ਚਲਾਇਆ ਬੁਲਡੋਜ਼ਰ

Friday, Sep 08, 2017 - 08:06 AM (IST)

ਪਟਿਆਲਾ  (ਜੋਸਨ) - ਸੀ. ਐੱਮ. ਸਿਟੀ ਦਾ ਨਿਗਮ ਨਾਜਾਇਜ਼ ਉਸਾਰੀਆਂ ਖਿਲਾਫ ਸਖਤ ਨਜ਼ਰ ਆ ਰਿਹਾ ਹੈ। ਬੀਤੇ ਕੱਲ ਵੱਡੀ ਕਾਰਵਾਈ ਕਰਨ ਤੋਂ ਬਾਅਦ ਅੱਜ ਫਿਰ ਨਿਗਮ ਟੀਮ ਨੇ ਸਵੇਰੇ ਹੀ ਮੋਰਚਾ ਸੰਭਾਲ ਲਿਆ। ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਨੇ ਸ਼ਹਿਰ ਦੇ ਕਈ ਇਲਾਕਿਆਂ ਵਿਚ ਲਗਭਗ ਅੱਧੀ ਦਰਜਨ ਤੋਂ ਵੀ ਵੱਧ ਨਾਜਾਇਜ਼ ਕਾਲੋਨੀਆਂ 'ਤੇ ਬਲਡੋਜ਼ਰ ਚਲਾਇਆ। ਨਿਗਮ ਦੇ ਐੱਮ. ਟੀ. ਪੀ. ਨਰਿੰਦਰ ਸ਼ਰਮਾ, ਇੰਸਪੈਕਟਰ ਰਮਨਦੀਪ, ਤਰੁਣ ਧਵਨ, ਮਨਪ੍ਰੀਤ ਕੌਰ, ਸੌਰਭ ਖੰਨਾ ਸਮੇਤ ਪੁਲਸ ਪਾਰਟੀ ਨੇ ਸ਼ਹਿਰ ਦੀਆਂ ਇਨ੍ਹਾਂ ਥਾਵਾਂ 'ਤੇ ਬਣ ਰਹੀਆਂ ਨਾਜਾਇਜ਼ ਕਾਲੋਨੀਆਂ 'ਤੇ ਬਲਡੋਜ਼ਰ ਫੇਰ ਦਿੱਤਾ। ਟੀਮ ਨੇ ਸਵੇਰ ਤੋਂ ਹੀ ਇਨ੍ਹਾਂ ਥਾਵਾਂ 'ਤੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ। ਪਹਿਲਾਂ ਹੀ ਨਿਰਧਾਰਤ ਪ੍ਰੋਗਰਾਮਾਂ ਮੁਤਾਬਿਕ ਇਨ੍ਹਾਂ ਕਾਲੋਨੀਆਂ ਵਿਚ ਭਰੀਆਂ ਹੋਈਆਂ ਨੀਹਾਂ ਪੁੱਟ ਦਿੱਤੀਆਂ।   ਜਾਣਕਾਰੀ ਮੁਤਾਬਿਕ ਨਿਗਮ ਟੀਮ ਨੇ ਸਰਹਿੰਦ ਰੋਡ ਸਥਿਤ ਪਿੰਡ ਝਿੱਲ ਦੇ ਨਜ਼ਦੀਕ ਬਣ ਰਹੀ ਨਾਜਾਇਜ਼ ਕਾਲੋਨੀ, ਅਮਨ ਨਗਰ, ਦੀਪ ਨਗਰ ਤੇ ਅੰਬਾਂ ਵਾਲਾ ਬਾਗ ਸਮੇਤ ਹੋਰ ਇਲਾਕਿਆਂ ਵਿਚ ਨਾਜਾਇਜ਼ ਕਾਲੋਨੀਆਂ 'ਤੇ ਬੁਲਡੋਜ਼ਰ ਚਲਾ ਦਿੱਤਾ। ਉਨ੍ਹਾਂ ਕਾਲੋਨੀ ਮਾਲਕਾਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਜੇਕਰ ਮੁੜ ਕੰਮ ਸ਼ੁਰੂ ਕਰਨ ਦੀ ਹਿੰਮਤ ਕੀਤੀ ਤਾਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਏਗੀ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕਈ ਇਲਾਕਿਆਂ ਵਿਚ ਨਾਜਾਇਜ਼ ਕਾਲੋਨੀਆਂ ਦੀ ਭਰਮਾਰ ਹੈ। ਲੋਕਾਂ ਨੇ ਬਿਨਾਂ ਫੀਸ ਭਰਿਆਂ ਹੀ ਕਾਲੋਨੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਨਗਰ ਪਾਲਿਕਾ ਨਾਭਾ ਨੇ ਵੀ ਨਾਜਾਇਜ਼ ਉਸਾਰੀਆਂ ਢਾਹੀਆਂ
ਨਾਭਾ, (ਜਗਨਾਰ, ਗੋਇਲ)-ਨਾਭਾ ਦੇ ਪਟਿਆਲਾ ਗੇਟ ਸਥਿਤ ਸ਼ਿਆਮ ਬਾਗ ਦੇ ਨਾਲੇ ਉੱਪਰ ਨਾਭਾ ਨਗਰ ਪਾਲਿਕਾ ਵੱਲੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਮੌਕੇ ਨਗਰ ਪਾਲਿਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਦੀ ਪ੍ਰਧਾਨਗੀ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਜੇ. ਸੀ. ਬੀ. ਦੀ ਮਦਦ ਨਾਲ ਨਾਲੇ 'ਤੇ ਬਣੇ ਸਾਰੇ ਨਾਜਾਇਜ਼ ਕਬਜ਼ਿਆਂ ਨੂੰ ਢਾਹ ਦਿੱਤਾ।  ਇਸ ਦੌਰਾਨ ਪ੍ਰਧਾਨ ਸ਼ੈਂਟੀ ਨੇ ਦੱਸਿਆ ਕਿ ਸ਼ਹਿਰ ਦੀ ਮੁੱਖ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਨਾਲਿਆਂ ਨੂੰ ਨਾਜਾਇਜ਼ ਕਬਜ਼ਾ ਮੁਕਤ ਹੋਣਾ ਬਹੁਤ ਹੀ ਜ਼ਰੂਰੀ ਹੈ, ਜਿਸ ਨਾਲ ਪਾਣੀ ਦਾ ਨਿਕਾਸ ਬਿਨਾਂ ਕਿਸੇ ਰੁਕਾਵਟ ਦੇ ਹੋ ਸਕੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 2 ਹਫਤੇ ਦੇ ਅੰਦਰ-ਅੰਦਰ ਨਾਲਿਆਂ ਤੋਂ ਨਾਜਾਇਜ਼ ਕਬਜ਼ੇ ਖੁਦ ਹਟਾ ਲਵੇ, ਨਹੀਂ ਤਾਂ ਨਗਰ ਪਾਲਿਕਾ ਵੱਲੋਂ ਨਾਜਾਇਜ਼ ਨਿਰਮਾਣ ਨੂੰ ਢਾਹ ਦਿੱਤਾ ਜਾਵੇਗਾ। ਇਸ ਮੌਕੇ ਈ. ਓ. ਮੋਹਿਤ ਸ਼ਰਮਾ ਸਮੇਤ ਨਗਰ ਪਾਲਿਕਾ ਦੇ ਕਰਮਚਾਰੀ ਹਾਜ਼ਰ ਸਨ।


Related News