ਚਹਿਲ ਨੇੜੇ ਸ਼ਰੇਆਮ ਹੋ ਰਹੀ ਏ ਨਾਜਾਇਜ਼ ਮਾਈਨਿੰਗ

Tuesday, Apr 17, 2018 - 08:03 AM (IST)

ਚਹਿਲ ਨੇੜੇ ਸ਼ਰੇਆਮ ਹੋ ਰਹੀ ਏ ਨਾਜਾਇਜ਼ ਮਾਈਨਿੰਗ

ਭਾਦਸੋਂ (ਅਵਤਾਰ) - ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਭਾਵੇਂ ਮਾਈਨਿੰਗ ਦੇ ਕੰੰਮ ਨੂੰ ਰੋਕਣ ਲਈ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਪਰ ਇਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਜਾਪਦੀਆਂ ਹਨ। ਇਸ ਨੂੰ ਲੈ ਕੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਨਜ਼ਦੀਕ ਪੈਂਦੇ ਕਸਬਾ ਚਹਿਲ ਤੋਂ ਫਰੀਦਪੁਰ ਰੋਡ ਸੂਏ ਦੇ ਨਾਲ ਲਗਦੀ ਜ਼ਮੀਨ ਵਿਚ ਨਾਜਾਇਜ਼ ਤੌਰ 'ਤੇ ਮਾਈਨਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜੇ. ਸੀ. ਬੀ. ਮਸ਼ੀਨ ਦੁਆਰਾ ਮਿੱਟੀ ਪੁੱਟ ਕੇ ਟਰਾਲੀ ਨਾਲ ਢੋਆ-ਢੁਆਈ ਕੀਤੀ ਜਾ ਰਹੀ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਪ੍ਰਸ਼ਾਸਨ ਨੂੰ ਅੰਗੂਠਾ ਦਿਖਾਇਆ ਜਾ ਰਿਹਾ ਹੈ। ਉਕਤ ਜ਼ਮੀਨ ਵਿਚ 3 ਫੁੱਟ ਦੇ ਕਰੀਬ ਡੂੰਘਾਈ ਨਾਲ ਮਿੱਟੀ ਪੁੱਟੀ ਜਾ ਰਹੀ ਸੀ, ਜਦਕਿ ਜ਼ਮੀਨ ਦੇ ਆਲੇ-ਦੁਆਲੇ ਕਣਕ ਦੀ ਫਸਲ ਖੜ੍ਹੀ ਸੀ।
ਮਾਈਨਿੰਗ ਕਰ ਰਹੇ ਵਿਅਕਤੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਬਾਰੇ ਗੱਲਬਾਤ ਕਰਨ 'ਤੇ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਕਿਹਾ ਕਿ ਮਾਈਨਿੰਗ ਵਾਲੀ ਜ਼ਮੀਨ 'ਤੇ ਥਾਣੇ ਵੱਲੋਂ ਏ. ਐੈੱਸ. ਆਈ. ਗੁਰਸ਼ਰਨ ਸਿੰਘ ਨੂੰ ਭੇਜ ਕੇ ਮਾਈਨਿੰਗ ਰੁਕਵਾ ਦਿੱਤੀ ਗਈ ਹੈ। ਮਾਮਲਾ ਮਾਈਨਿੰਗ ਇੰਸਪੈਕਟਰ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆ ਦਿੱਤਾ ਹੈ। ਉਨ੍ਹਾਂ ਵੱਲੋਂ ਲਿਖਤੀ ਸ਼ਿਕਾਇਤ 'ਤੇ ਹੀ ਕਾਰਵਾਈ ਕੀਤੀ ਜਾਵੇਗੀ। ਗੱਲ ਕਰਨ 'ਤੇ ਮਾਈਨਿੰਗ ਇੰਸਪੈਕਟਰ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਇਸ ਸਬੰਧੀ ਥਾਣਾ ਮੁਖੀ ਭਾਦਸੋਂ ਨੂੰ ਕਹਿ ਕੇ ਕੰਮ ਰੁਕਵਾ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


Related News