ਟਿੱਪਰ ਚਾਲਕ ਖਿਲਾਫ ਮਾਈਨਿੰਗ ਐਕਟ ਅਧੀਨ ਮਾਮਲਾ ਦਰਜ
Tuesday, Feb 06, 2018 - 12:57 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਇਕ ਟਿੱਪਰ ਅਤੇ ਉਸ ਦੇ ਅਣਪਛਾਤੇ ਚਾਲਕ ਖਿਲਾਫ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਾਈਨਿੰਗ ਐਕਟ ਅਤੇ ਡੀ. ਸੀ. ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੌਲਦਾਰ ਹਰਜੀਤ ਸਿੰਘ ਭਰਤਗੜ੍ਹ ਨੇ ਦੱਸਿਆ ਕਿ ਬੀਤੀ ਸ਼ਾਮ ਤਹਿਸੀਲਦਾਰ ਅਤੇ ਉਨ੍ਹਾਂ ਦੀ ਟੀਮ ਨੇ ਦਬੋਟਾ ਮੋੜ 'ਤੇ ਨਾਕਾ ਲਗਾਇਆ ਹੋਇਆ ਸੀ। ਇਸੇ ਦੌਰਾਨ ਪੰਜੈਹਰਾ ਰੋਡ ਦੀ ਸਾਈਡ ਤੋਂ ਆ ਰਹੇ ਇਕ ਟਿੱਪਰ, ਜਿਸ ਵਿਚ ਕਰੀਬ 350 ਫੁੱਟ ਮਿੱਟੀ ਲੋਡ ਕੀਤੀ ਹੋਈ ਸੀ, ਨੂੰ ਰੋਕ ਕੇ ਜਦੋਂ ਡਰਾਈਵਰ ਕੋਲੋਂ ਕਾਗਜ਼ ਪੱਤਰ ਮੰਗੇ ਤਾਂ ਉਹ ਕੋਈ ਕਾਗਜ਼ ਪੱਤਰ ਨਹੀਂ ਦਿਖਾ ਸਕਿਆ ਅਤੇ ਮੌਕੇ 'ਤੇ ਟਿੱਪਰ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਦੀਪ ਸਿੰਘ ਗਿੱਲ ਫੰਕਸ਼ਨਲ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਰੂਪਨਗਰ/ਮੋਹਾਲੀ ਦੀ ਸ਼ਿਕਾਇਤ 'ਤੇ ਟਿੱਪਰ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
