ਮਾਈਨਿੰਗ ਮਾਫੀਆ ਨੇ ਦਰਿਆ ਦੇ ਬੰਨ੍ਹ ਨੂੰ ਲਾਇਆ ਖੋਰਾ

Saturday, Jan 20, 2018 - 08:20 AM (IST)

ਬਨੂੜ (ਗੁਰਪਾਲ) - ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਰਾਜਗੜ੍ਹ ਨੇੜਿਓਂ ਲੰਘਦੇ ਘੱਗਰ ਦਰਿਆ ਦੇ ਬੰਨ੍ਹ ਨੂੰ ਮਾਈਨਿੰਗ ਮਾਫੀਆ ਵੱਲੋਂ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਲਾਕੇ ਦੇ ਕਿਸਾਨ ਤੇ ਵਸਨੀਕਾਂ ਲਈ ਬਰਸਾਤ ਦੇ ਮੌਸਮ ਦੌਰਾਨ ਕਦੇ ਵੀ ਘੱਗਰ ਦਰਿਆ ਦਾ ਪਾਣੀ ਭਿਆਨਕ ਤਬਾਹੀ ਦਾ ਕਾਰਨ ਬਣ ਸਕਦਾ ਹੈ।  ਪੱਤਰਕਾਰਾਂ ਦੀ ਟੀਮ ਵੱਲੋਂ ਜਦੋਂ ਪਿੰਡ ਰਾਜਗੜ੍ਹ ਨੇੜੇ ਤੋਂ ਲੰਘਦੇ ਦਰਿਆ ਦੇ ਬੰਨ੍ਹ ਦਾ ਦੌਰਾ ਕੀਤਾ ਗਿਆ ਤਾਂ ਮਾਈਨਿੰਗ ਮਾਫੀਆ ਵੱਲੋਂ ਮਿੱਟੀ ਦੀ ਪੁਟਾਈ ਕੀਤੀ ਗਈ ਸੀ। ਇਸ ਦੌਰਾਨ ਬੰਨ੍ਹ ਦੇ ਕਿਨਾਰੇ ਖੜ੍ਹੇ ਹਰੇ-ਭਰੇ ਦਰੱਖਤਾਂ ਨੂੰ ਪੁੱਟ ਕੇ ਸੁੱਟਿਆ ਜਾ ਰਿਹਾ ਹੈ। ਮਾਫੀਆ ਵੱਲੋਂ ਘੱਗਰ ਦਰਿਆ 'ਤੇ ਗੈਰ-ਕਾਨੂੰਨੀ ਰਸਤੇ ਬਣਾ ਕੇ ਇਸ ਕਾਰਵਾਈ ਨੂੰ ਚਿੱਟੇ ਦਿਨ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਬੰਨ੍ਹ ਦੀ ਮਜ਼ਬੂਤੀ ਲਈ ਲਾਏ ਮਿੱਟੀ ਦੇ ਭਰ ਕੇ ਥੈਲਿਆਂ ਨੂੰ ਵੀ ਪੁੱਟ ਕੇ ਸੁੱਟਿਆ ਜਾ ਰਿਹਾ ਹੈ। ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਵੱਲੋਂ ਬੰਨ੍ਹ ਤੋਂ ਇਲਾਵਾ ਘੱਗਰ ਦਰਿਆ ਵਿਚੋਂ ਵੀ ਧੜੱਲੇ ਨਾਲ ਮਿੱਟੀ ਪੁੱਟ ਕੇ ਵੇਚੀ ਜਾ ਰਹੀ ਹੈ। ਬੰਨ੍ਹ ਦੇ ਕਿਨਾਰਿਆਂ ਨੂੰ ਪੁੱਟੇ ਜਾਣ ਕਾਰਨ ਪਿੰਡ ਦੇ ਕਿਸਾਨ ਤੇ ਵਸਨੀਕ ਕਦੇ ਵੀ ਬਰਸਾਤ ਦੌਰਾਨ ਸੰਕਟ ਵਿਚ ਫਸ ਸਕਦੇ ਹਨ ਕਿਉਂਕਿ ਬੰਨ੍ਹ ਦੇ ਕਿਨਾਰਿਆਂ ਤੋਂ ਮਿੱਟੀ ਪੁੱਟੇ ਜਾਣ ਕਾਰਨ ਜੇਕਰ ਜ਼ਿਆਦਾ ਬਰਸਾਤ ਪਹਾੜੀ ਖੇਤਰਾਂ ਵਿਚ ਹੋ ਗਈ ਤਾਂ ਕਿਸਾਨਾਂ ਦੀ ਫਸਲ ਤੇ ਪਿੰਡ ਵਿਚ ਪਾਣੀ ਵੜਨ ਦਾ ਖਤਰਾ ਪੈਦਾ ਹੋ ਜਾਵੇਗਾ।
ਇਸ ਮਾਮਲੇ ਬਾਰੇ ਜਦੋਂ ਡਰੇਨੇਜ਼ ਵਿਭਾਗ ਦੇ ਐੈੱਸ. ਡੀ. ਓ. ਹਰਮੇਸ਼ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਬੰਨ੍ਹ ਨੂੰ ਹੋਏ ਨੁਕਸਾਨ ਬਾਰੇ ਕਈ ਵਾਰ ਪੁਲਸ ਥਾਣਾ ਸ਼ੰਭੂ ਤੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰ ਚੁੱਕੇ ਹਨ।


Related News