ਫਿਰੋਜ਼ਪੁਰ ਜ਼ਿਲੇ ''ਚ ਰੇਤ ਮਾਫੀਆ ਸਰਕਾਰੀ ਖਜ਼ਾਨੇ ਨੂੰ ਲਾ ਰਹੇ ਹਨ ਲੱਖਾਂ ਦਾ ਚੂਨਾ

Wednesday, Jan 17, 2018 - 07:19 AM (IST)

ਫਿਰੋਜ਼ਪੁਰ ਜ਼ਿਲੇ ''ਚ ਰੇਤ ਮਾਫੀਆ ਸਰਕਾਰੀ ਖਜ਼ਾਨੇ ਨੂੰ ਲਾ ਰਹੇ ਹਨ ਲੱਖਾਂ ਦਾ ਚੂਨਾ

ਮਮਦੋਟ/ ਫਿਰੋਜ਼ਪੁਰ  (ਜਸਵੰਤ, ਸ਼ਰਮਾ, ਧਵਨ) — ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ- ਭਾਜਪਾ ਸਰਕਾਰ ਨੂੰ ਰੇਤ ਬੱਜਰੀ ਦੇ ਮੁੱਦਿਆਂ 'ਤੇ ਘੇਰਨ ਵਾਲੀ ਕਾਂਗਰਸ ਸਰਕਾਰ ਦੇ ਰਾਜ 'ਚ ਰੇਤ ਮਾਫੀਆ ਆਪਣਾ ਗੋਰਖਧੰਦਾ ਚਲਾ ਕੇ ਸਰਕਾਰੀ ਖਜ਼ਾਨੇ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਚੂਨਾ ਲਾ ਰਹੇ ਹਨ ਪਰ ਮਾਈਨਿੰਗ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਨਾਜਾਇਜ਼ ਮਾਈਨਿੰਗ ਦੇ ਗੋਰਖਧੰਦੇ ਨੂੰ ਵਿਭਾਗ ਰੋਕਣ 'ਚ ਅਸਫਲ ਸਾਬਤ ਹੋਇਆ ਹੈ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਸੜਕ 'ਤੇ ਗੁਰਦੁਆਰਾ ਫੱਤੂ ਸਮੂ ਦੀਆਂ ਟਾਹਲੀਆਂ ਦੇ ਨਜ਼ਦੀਕ (ਅਮੀਰ ਖਾਸ) ਥਾਰੇ ਵਾਲੇ ਮੋੜ ਦੇ ਕੋਲ ਰੇਤ ਮਾਫੀਆ ਵੱਲੋਂ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਪਿਛਲੇ ਇਕ ਮਹੀਨੇ ਤੋਂ ਚਲਾ ਕੇ ਸਰਕਾਰ ਨੂੰ ਚੂਨਾ ਲਾਇਆ ਜਾ ਚੁੱਕਾ ਹੈ।
ਇਥੇ ਦੱਸਣਯੋਗ ਹੈ ਕਿ ਇਹ ਨਾਜਾਇਜ਼ ਖੱਡਾ ਫਿਰੋਜ਼ਪੁਰ- ਫਾਜ਼ਿਲਕਾ ਸੜਕ ਦੀ ਇਕ ਕਿਲੋਮੀਟਰ ਦੀ ਦੂਰੀ 'ਤੇ ਹੈ ਪਰ ਕਿਸੇ ਵੀ ਅਧਿਕਾਰੀ ਵੱਲੋਂ ਪੜਤਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਵਿਭਾਗੀ ਨਿਯਮਾਂ ਮੁਤਾਬਕ ਕਿਸੇ ਵੀ ਖੱਡੇ ਦੀ 10 ਫੁੱਟ ਦੀ ਡੂੰਘਾਈ ਨਹੀਂ ਕੀਤੀ ਜਾ ਸਕਦੀ ਪਰ ਰੇਤ ਮਾਫੀਆ 30 ਫੁੱਟ ਦੀ ਡੂੰਘਾਈ ਤੱਕ ਖੁਦਾਈ ਕਰ ਰਹੇ ਹਨ।
ਕੀ ਕਹਿਣਾ ਹੈ ਸਬੰਧਤ ਠੇਕੇਦਾਰ ਦਾ?
ਇਸ ਸਬੰਧੀ ਠੇਕੇਦਾਰ ਨੇ ਕਿਹਾ ਕਿ ਉਸਦੀ ਪ੍ਰਧਾਨ ਮੰਤਰੀ ਦਫਤਰ ਤੱਕ ਸਿੱਧੀ ਪਹੁੰਚ ਹੈ ਅਤੇ ਜ਼ਰੂਰਤ ਪੈਣ 'ਤੇ ਪ੍ਰਧਾਨ ਮੰਤਰੀ ਦਫਤਰ ਵੱਲੋਂ ਫੋਨ ਕਰਵਾ ਲਿਆ ਜਾਂਦਾ ਹੈ।
ਕੀ ਕਹਿਣਾ ਹੈ ਡਿਪਟੀ ਕਮਿਸ਼ਨਰ ਫਾਜ਼ਿਲਕਾ ਦਾ?
ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਕਿਹਾ ਕਿ ਮੇਰੇ ਕੋਲ ਸ਼ੁੱਕਰਵਾਰ ਤੱਕ ਫਾਜ਼ਿਲਕਾ ਦਾ ਅਹੁਦਾ ਸੀ ਅਤੇ ਹੁਣ ਡਿਪਟੀ ਕਮਿਸ਼ਨਰ ਫਾਜ਼ਿਲਕਾ ਨਾਲ ਸੰਪਰਕ ਕਰੋ। ਜਦੋਂ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨਾਲ ਗੱਲਬਾਤ ਕਰਨ ਲਈ ਵਾਰ-ਵਾਰ ਸੰਪਰਕ ਕੀਤਾ  ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਕੀ ਕਹਿਣਾ ਹੈ ਮਾਈਨਿੰਗ ਅਧਿਕਾਰੀ ਦਾ?
ਜਦੋਂ ਜ਼ਿਲਾ ਮਾਈਨਿੰਗ ਅਫਸਰ ਗੁਰਜੰਟ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਅਤੇ ਅੱਜ ਚੰਡੀਗੜ੍ਹ ਹੋਣ ਕਾਰਨ ਮਾਈਨਿੰਗ ਇੰਸਪੈਕਟਰ ਚਾਵਲਾ ਦੀ ਡਿਊਟੀ ਲਾ ਕੇ ਪਤਾ ਕਰਵਾਉਂਦਾ ਹਾਂ ਪਰ ਜਦੋਂ ਉਨ੍ਹਾਂ ਨੂੰ ਇਕ ਮਹੀਨੇ ਤੋਂ ਚੱਲ ਰਹੀ ਅਮੀਰ ਖਾਸ ਦੇ ਨੇੜੇ (ਥਾਰੇ ਵਾਲਾ ਮੋੜ) ਮਾਈਨਿੰਗ ਬਾਰੇ ਪੁੱਛਿਆ ਤਾਂ ਉਹ ਚੰਡੀਗੜ੍ਹ 'ਚ ਹੋਣ ਬਾਰੇ ਕਹਿ ਕੇ ਫੋਨ ਬੰਦ ਕਰ ਗਏ।
ਕੀ ਕਹਿਣਾ ਹੈ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦਾ?
ਇਸ ਸਬੰਧੀ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਅਕਾਲੀ- ਭਾਜਪਾ ਨੇ ਰੇਤ ਮਾਫੀਆ ਪੈਦਾ ਕੀਤਾ ਸੀ, ਉਸੇ ਰਸਤੇ 'ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੁਰ ਪਈ ਹੈ। ਸਾਡੀ ਪਾਰਟੀ ਨਾਜਾਇਜ਼ ਮਾਈਨਿੰਗ ਅਤੇ ਪੰਜਾਬ ਦੇ ਹੋਰਨਾਂ ਮੁੱਦਿਆਂ ਵਿਰੁੱਧ ਸੰਘਰਸ਼ ਕਰਦੀ ਰਹੇਗੀ।


Related News