ਪੁਲਸ ''ਤੇ ਮਿਲੀਭੁਗਤ ਦੇ ਲਾਏ ਦੋਸ਼, ਕਾਰਵਾਈ ਕਰਨ ਦੇ ਭਰੋਸੇ ਚੁੱਕਿਆ ਧਰਨਾ
Monday, Oct 02, 2017 - 08:28 PM (IST)

ਸਿੱਧਵਾਂ ਬੇਟ(ਚਾਹਲ)— ਪਿੰਡ ਮੱਧੇਪੁਰ ਦੇ ਗੁਰਮੀਤ ਸਿੰਘ ਨੂੰ ਮਹਿਤਪੁਰ ਪੁਲਸ ਵਲੋਂ ਰਾਤ ਸਮੇਂ ਚੁੱਕ ਕੇ ਨਜਾਇਜ਼ ਹਿਰਾਸਤ ਵਿਚ ਰੱਖ ਕੇ ਭਾਰੀ ਤਸ਼ੱਸਦ ਕਰਨ ਅਤੇ ਰੇਤ ਮਾਫੀਆ ਵਲੋਂ ਸ਼ਰੇਆਮ ਕੀਤੀ ਜਾ ਰਹੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਅੱਜ ਸੀ. ਪੀ. ਐਮ. ਵਲੋਂ ਜਲੰਧਰ-ਜਗਰਾਓ ਪੁਲ 'ਤੇ ਦੋਹੀਂ ਸਾਈਡੀ ਧਰਨਾ ਦੇਕੇ ਪੁਲਸ ਖਿਲਾਫ ਭਾਰੀ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਤਹਿਸੀਲ ਸਕੱਤਰ ਕਾਮਰੇਡ ਬਲਜੀਤ ਸਿੰਘ ਗੋਰਸੀਆਂ, ਕਾਮਰੇਡ ਬਲਰਾਜ ਸਿੰਘ ਕੋਟਊਮਰਾ, ਜਿਲ੍ਹਾ ਸਕੱਤਰ ਕਾਮਰੇਡ ਅਮਰਜੀਤ ਮੱਟੂ ਤੇ ਕਾਮਰੇਡ ਕੇਵਲ ਸਿੰਘ ਮੁੱਲਾਂਪੁਰ ਨੇ ਕਿਹਾ ਕਿ ਰੇਤ ਮਾਫੀਆ ਵਲੋਂ ਪੁਲਸ ਦੀ ਮਿਲੀਭੁਗਤ ਨਾਲ ਸ਼ਰੇਆਮ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਵਿਰੁੱਧ ਆਵਾਜ ਬਲੁੰਦ ਕਰਦਾ ਹੈ ਤਾਂ ਪੁਲਸ ਵਲੋਂ ਉਸ ਦੀ ਆਵਾਜ ਡੰਡੇ ਦੇ ਜ਼ੋਰ 'ਤੇ ਬੰਦ ਕਰ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਮੱਧੇਪੁਰ ਦੇ ਗੁਰਮੀਤ ਸਿੰਘ ਨੇ ਨਾਜਾਇਜ਼ ਮਾਈਨਿੰਗ ਸਬੰਧੀ ਉਚ ਅਧਿਕਾਰੀਆਂ ਖ਼ਿਲਾਫ਼ ਹਾਈਕੋਰਟ ਵਿਚ ਰਿੱਟ ਪਾਈ ਹੋਈ ਹੈ। ਜਿਸ ਕਰਕੇ ਮਹਿਤਪੁਰ ਦੀ ਪੁਲਸ ਨੇ 28 ਸਤੰਬਰ ਨੂੰ ਬਹਾਨਾ ਬਣਾਕੇ ਬੇਵਜਾ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਧੱਕੇ ਨਾਲ ਮੁਆਫੀਨਾਮਾ ਲਿਖਵਾ ਕੇ ਉਸ ਦਾ ਖਹਿੜਾ ਛੱਡਿਆ। ਧਰਨੇ ਦੌਰਾਨ ਸੀ. ਪੀ. ਆਈ. ਦੇ ਆਗੂਆਂ ਨੇ ਦਰਿਆ ਸਤਲੁਜ ਦੇ ਨਾਲ ਲੱਗਦੇ ਪਿੰਡ ਕੋਟਉਮਰਾ, ਅੱਕੂਵਾਲ, ਪਰਜੀਆਂ, ਭੂੰਦੜੀ, ਗੋਰਸੀਆਂ ਖ਼ਾਨ ਮੁਹੰਮਦ, ਚੰਡੀਗੜ੍ਹ ਛੰਨਾਂ ਆਦਿ ਦਰਜਨਾਂ ਪਿੰਡਾਂ ਵਿਚ ਪੁਲਸ ਜਿਲਾ ਲੁਧਿਆਣਾ ਦਿਹਾਤੀ ਪੁਲਸ ਦੀ ਮਿਲੀਭੁਗਤ ਨਾਲ ਰੇਤੇ ਦੀ ਨਜਾਇਜ਼ ਮਾਈਨਿੰਗ ਹੋਣ ਦਾ ਵੀ ਦੋਸ਼ ਲਗਾਇਆ। ਕਾਮਰੇਡਾਂ ਨੇ ਜਗਰਾਓਂ ਪੁਲਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੁਲਸ ਨੇ 5 ਦਿਨਾਂ ਅੰਦਰ ਕਾਰਵਾਈ ਨਾ ਕੀਤੀ ਤਾਂ ਉਹ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ 'ਚ ਇਕੱਠੇ ਹੋਕੇ ਥਾਣਾ ਸਦਰ ਜਗਰਾਓ ਦਾ ਘਰਾਓ ਕਰਕੇ ਮੋਗਾ ਰੋਡ ਨੂੰ ਜਾਮ ਕਰਨਗੇ। ਇਸ ਸਮੇਂ ਐਸ.ਪੀ. (ਐਚ) ਆਰ. ਐਸ. ਚੀਮਾ ਅਤੇ ਡੀ. ਐਸ. ਪੀ. ਦਿਲਬਾਗ ਸਿੰਘ ਸ਼ਾਹਕੋਟ ਨੇ ਧਰਨਾਕਾਰੀਆਂ ਨੂੰ ਪੀੜਿਤ ਦੀ ਕੁੱਟਮਾਰ ਕਰਨ ਵਾਲੇ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰਨ ਦਾ ਭਰੋਸਾ ਦਿੱਤਾ, ਪੁਲਸ ਵਲੋਂ ਭਰੋਸਾ ਮਿਲਣ ਤੇ ਕਾਮਰੇਡਾਂ ਨੇ ਧਰਨਾ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ 'ਤੇ ਡੀ. ਐਸ. ਪੀ. ਜਸਵਿੰਦਰ ਸਿੰਘ ਬਰਾੜ, ਥਾਣਾ ਮੁਖੀ ਪਰਮਜੀਤ ਸਿੰਘ, ਐਸ. ਐਚ. ਓ. ਰਮਿੰਦਰਜੀਤ ਸਿੰਘ ਗਿੱਲ, ਐਸ. ਐਚ. ਓ. ਰਾਜੇਸ਼ ਕੁਮਾਰ ਹਠੂਰ, ਸੀ. ਆਈ. ਏ. ਸਟਾਫ ਮੁਖੀ ਜਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੁਲਸ ਮੌਜੂਦ ਸੀ।