ਕਾਲੋਨੀਆਂ ''ਚ ਰਜਿਸਟਰੀਆਂ ''ਤੇ ਪਾਬੰਦੀ ਨਾਲ ਪ੍ਰਾਪਰਟੀ ਕਾਰੋਬਾਰੀ ਕਾਂਗਰਸ ਤੋਂ ਨਾਰਾਜ਼

Sunday, Dec 24, 2017 - 10:48 AM (IST)

ਕਾਲੋਨੀਆਂ ''ਚ ਰਜਿਸਟਰੀਆਂ ''ਤੇ ਪਾਬੰਦੀ ਨਾਲ ਪ੍ਰਾਪਰਟੀ ਕਾਰੋਬਾਰੀ ਕਾਂਗਰਸ ਤੋਂ ਨਾਰਾਜ਼

 ਜਲੰਧਰ (ਖੁਰਾਣਾ)— ਉਪਰੋਂ ਆਏ ਨਿਰਦੇਸ਼ਾਂ ਦੇ ਆਧਾਰ 'ਤੇ ਜਲੰਧਰ ਡਿਵੈੱਲਪਮੈਂਟ ਅਥਾਰਿਟੀ ਨੇ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਇਲਾਕੇ ਵਿਚ 700 ਤੋਂ ਵੱਧ ਨਾਜਾਇਜ਼ ਕਾਲੋਨੀਆਂ ਵਿਚ ਰਜਿਸਟਰੀਆਂ 'ਤੇ ਪਾਬੰਦੀ ਲਾਉਣ ਦੇ ਜੋ ਹੁਕਮ ਜਾਰੀ ਕੀਤੇ ਹਨ, ਉਸ ਨਾਲ ਇਸ ਇਲਾਕੇ ਦੇ ਪ੍ਰਾਪਰਟੀ ਕਾਰੋਬਾਰੀਆਂ ਵਿਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਪ੍ਰਾਪਰਟੀ ਕਾਰੋਬਾਰੀ ਕਾਂਗਰਸ ਸਰਕਾਰ ਤੋਂ ਨਿਰਾਸ਼ ਦਿਸ ਰਹੇ ਹਨ। 
ਇਨ੍ਹਾਂ ਪ੍ਰਾਪਰਟੀ ਕਾਰੋਬਾਰੀਆਂ ਨੇ ਸਾਬਕਾ ਕੌਂਸਲਰਪਤੀ ਮੇਜਰ ਸਿੰਘ, ਐੱਸ. ਪੀ. ਅਰੋੜਾ, ਗੁਰਸੇਵਕ ਸਿੰਘ ਹਨੀ, ਬਖਸ਼ੀਸ਼ ਸਿੰਘ ਬੇਦੀ, ਅਨਿਲ ਗੁਪਤਾ, ਤਰਵਿੰਦਰ ਸਿੰਘ ਰਾਜੂ, ਵਿਸ਼ਾਲ ਗੁਪਤਾ ਆਦਿ ਦੀ ਅਗਵਾਈ ਵਿਚ ਵਿਧਾਇਕ ਸੁਸ਼ੀਲ ਰਿੰਕੂ ਨਾਲ ਮੁਲਾਕਾਤ ਕੀਤੀ ਅਤੇ ਬਾਅਦ ਵਿਚ ਰਾਣਾ ਗੁਰਜੀਤ ਸਿੰਘ ਨੂੰ ਸਾਰੀ ਗੱਲ ਦੱਸੀ। ਰਾਣਾ ਗੁਰਜੀਤ ਨੇ ਭਰੋਸਾ ਦਿੱਤਾ ਕਿ ਕਾਂਗਰਸ ਸਰਕਾਰ ਨੇ ਜੋ ਚੋਣ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ ਅਤੇ ਵਾਅਦਾ-ਖਿਲਾਫੀ ਨਹੀਂ ਕੀਤੀ ਜਾਵੇਗੀ। ਕਾਂਗਰਸ ਦੀ ਸੋਚ ਕਿਸੇ ਨੂੰ ਤੰਗ ਕਰਨ ਦੀ ਨਹੀਂ ਹੈ ਅਤੇ ਜਲਦੀ ਹੀ ਇਸ ਮਾਮਲੇ ਦਾ ਹੱਲ ਕੀਤਾ ਜਾਵੇਗਾ। 
ਇਸ ਮੌਕੇ ਵਿਧਾਇਕ ਰਿੰਕੂ ਨੇ ਡੀ. ਸੀ. ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨਾਲ ਫੋਨ 'ਤੇ ਗੱਲ ਕੀਤੀ ਤੇ ਕਿਹਾ ਕਿ ਇਸ ਮਾਮਲੇ ਵਿਚ ਲਿਖਤੀ ਆਰਡਰ ਨਹੀਂ ਆਏ ਹਨ ਅਤੇ ਮੰਗਲਵਾਰ ਤੋਂ ਰਜਿਸਟਰੀਆਂ ਚਾਲੂ ਕੀਤੀਆਂ ਜਾਣ। 
ਪ੍ਰਾਪਰਟੀ ਕਾਰੋਬਾਰੀਆਂ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੌਰਾਨ ਵਪਾਰ ਵਿਰੋਧੀ ਨੀਤੀਆਂ ਕਾਰਨ ਪ੍ਰਾਪਰਟੀ ਕਾਰੋਬਾਰ ਭਾਰੀ ਮੰਦੀ ਦਾ ਸ਼ਿਕਾਰ ਰਿਹਾ। ਬੀਤੀਆਂ ਵਿਧਾਨ ਸਭਾ ਚੋਣਾਂ ਵਿਚ ਸਾਰੇ ਪ੍ਰਾਪਰਟੀਆਂ ਕਾਰੋਬਾਰੀਆਂ ਨੇ ਖੁੱਲ੍ਹ ਕੇ ਕਾਂਗਰਸ ਦਾ ਸਾਥ ਦਿੱਤਾ ਤਾਂ ਜੋ ਸੂਬੇ ਵਿਚ ਖੁਸ਼ਹਾਲੀ ਆ ਸਕੇ ਪਰ ਹੁਣ ਕਾਂਗਰਸ ਸਰਕਾਰ ਵਿਚ ਅਫਸਰਸ਼ਾਹੀ ਨੇ ਅਜਿਹਾ ਨਾਦਰਸ਼ਾਹੀ ਫਰਮਾਨ ਜਾਰੀ ਕਰਕੇ ਪ੍ਰਾਪਰਟੀ ਕਾਰੋਬਾਰ ਨੂੰ ਹੋਰ ਮੰਦੀ ਦੀ ਲਹਿਰ ਵਿਚ ਧੱਕ ਦਿੱਤਾ ਹੈ। ਇਨ੍ਹਾਂ ਕਾਰੋਬਾਰੀਆਂ ਨੇ ਮੰਗ ਕੀਤੀ ਕਿ ਪ੍ਰਾਪਰਟੀ ਕਾਰੋਬਾਰ ਨੂੰ ਬੂਮ ਦੇਣ ਲਈ ਜਲਦੀ ਪਾਲਿਸੀ ਐਲਾਨ ਕੀਤੀ ਜਾਵੇ।


Related News