ਜਿਹੜੀਆਂ ਨਾਜਾਇਜ਼ ਬਿਲਡਿੰਗਾਂ ਦੇ ਨਾਂ ਹਾਈ ਕੋਰਟ ਦੀ ਲਿਸਟ ’ਚ ਦਰਜ, ਉਨ੍ਹਾਂ ’ਚ ਵੀ ਚੱਲ ਰਿਹੈ ਧੜੱਲੇ ਨਾਲ ਕੰਮ!
Monday, Aug 24, 2020 - 02:51 PM (IST)
ਜਲੰਧਰ (ਖੁਰਾਣਾ) - ਸ਼ਹਿਰ ਦੀਆਂ 450 ਤੋਂ ਜ਼ਿਆਦਾ ਨਾਜਾਇਜ਼ ਬਿਲਡਿੰਗਾਂ ਦੇ ਕੇਸ ਇਨ੍ਹੀਂ ਦਿਨੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਚੱਲ ਰਹੇ ਹਨ ਪਰ ਕੋਰੋਨਾ ਮਹਾਮਾਰੀ ਕਾਰਣ ਇਨ੍ਹਾਂ ਕੇਸਾਂ ਦੀ ਸੁਣਵਾਈ ਵਿਚ ਦੇਰੀ ਹੋ ਰਹੀ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨਾਜਾਇਜ਼ ਬਿਲਡਿੰਗਾਂ ਵਿਚ ਇਨ੍ਹੀਂ ਦਿਨੀਂ ਧੜੱਲੇ ਨਾਲ ਨਿਰਮਾਣ ਕੰਮ ਜਾਰੀ ਹਨ, ਜੋ ਹਾਈ ਕੋਰਟ ਨੂੰ ਦਿੱਤੀ ਗਈ ਲਿਸਟ ਵਿਚ ਦਰਜ ਹਨ।
ਅਜਿਹੀਆਂ ਨਾਜਾਇਜ਼ ਬਿਲਡਿੰਗਾਂ ਵਿਚ ਹੋ ਰਹੇ ਨਿਰਮਾਣ ਕੰਮਾਂ ਸਬੰਧੀ ਲਗਾਤਾਰ ਪਹੁੰਚ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਨਿਗਮ ਪ੍ਰਸ਼ਾਸਨ ਨੇ ਹਾਈ ਕੋਰਟ ਦੀ ਲਿਸਟ ਨੂੰ ਰੀਵਿਊ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਅਦਾਲਤੀ ਕਾਰਵਾਈ ਤੋਂ ਬਚਿਆ ਜਾ ਸਕੇ। ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਨਿਗਮ ਅਧਿਕਾਰੀਆਂ ਦੀਆਂ ਟੀਮਾਂ ਹਾਈ ਕੋਰਟ ਵਾਲੀ ਲਿਸਟ ਵਿਚ ਸ਼ਾਮਲ ਬਿਲਡਿੰਗਾਂ ਦਾ ਮੌਕਾ ਦੇਖਣਗੀਆਂ ਅਤੇ ਜ਼ਰੂਰੀ ਕਾਰਵਾਈ ਨੂੰ ਅੰਜਾਮ ਦੇਣਗੀਆਂ।
ਪੁਰਾਣੀ ਸਬਜ਼ੀ ਮੰਡੀ ਤੇ ਕਪੂਰਥਲਾ ਰੋਡ ’ਤੇ ਲੱਗੀਆਂ ਸਨ ਸੀਲਾਂ ਪਰ ਚੱਲ ਰਿਹੈ ਕੰਮ
ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਨਾਜਾਇਜ਼ ਬਿਲਡਿੰਗਾਂ ਦਾ ਮਾਮਲਾ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਪੁਰਾਣੀ ਸਬਜ਼ੀ ਮੰਡੀ ਚੌਕ ਵਿਚ ਅਹਾਤੇ ਵਾਲੀ ਬਿਲਡਿੰਗ ਅਤੇ ਕਪੂਰਥਲਾ ਰੋਡ ’ਤੇ ਧੂਪ ਵਾਲੀ ਬਿਲਡਿੰਗ ਨੂੰ ਸੀਲਾਂ ਲਾਈਆਂ ਸਨ, ਜਿੱਥੇ ਨਾਜਾਇਜ਼ ਕਮਰਸ਼ੀਅਲ ਨਿਰਮਾਣ ਕੀਤੇ ਜਾ ਰਹੇ ਸਨ। ਪੁਰਾਣੀ ਸਬਜ਼ੀ ਮੰਡੀ ਚੌਕ ਵਾਲੀ ਬਿਲਡਿੰਗ ਵਿਚ ਤਾਂ ਹੁਣ ਸ਼ਰਾਬ ਦਾ ਠੇਕਾ ਵੀ ਖੋਲ੍ਹ ਦਿੱਤਾ ਗਿਆ ਹੈ। ਨਿਗਮ ਨੇ ਉੱਥੇ ਨਾਜਾਇਜ਼ ਤੌਰ ’ਤੇ ਬਣੀ ਉੱਪਰੀ ਮੰਜ਼ਿਲ ਨੂੰ ਸੀਲ ਲਾਈ ਸੀ ਪਰ ਸੀਲ ਨੂੰ ਕਥਿਤ ਤੌਰ ’ਤੇ ਤੋੜ ਕੇ ਉੱਥੇ ਹੁਣ ਵੀ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਕਾਰਣ ਨਿਗਮ ਅਧਿਕਾਰੀਆਂ ਨੇ ਪਿਛਲੇ ਦਿਨੀਂ ਬਿਲਡਿੰਗ ਦੇ ਮਾਲਕਾਂ ਨੂੰ ਬੁਲਾ ਕੇ ਕਾਫੀ ਝਾੜ ਪਾਈ ਸੀ ਪਰ ਰਾਜਨੀਤਿਕ ਦਬਾਅ ਕਾਰਣ ਹੁਣ ਤਕ ਉਸ ਬਿਲਡਿੰਗ ’ਤੇ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਥੋੜ੍ਹੀ ਦੂਰੀ ’ਤੇ ਸਥਿਤ ਜੋਸ਼ੀ ਹਸਪਤਾਲ ਵਾਲੀ ਰੋਡ ’ਤੇ ਬਣ ਰਹੀ ਧੂਪ ਵਾਲੀ ਬਿਲਡਿੰਗ ਨੂੰ ਵੀ ਕਈ ਮਹੀਨੇ ਪਹਿਲਾਂ ਨਿਗਮ ਨੇ ਸੀਲ ਕੀਤਾ ਸੀ ਪਰ ਹੁਣ ਉੱਥੇ ਵੀ ਅੰਦਰਖਾਤੇ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਸਬੰਧੀ ਨਿਗਮ ਅਧਿਕਾਰੀਆਂ ਨੇ ਕਾਰਵਾਈ ਕਰਣ ਦਾ ਮਨ ਬਣਾ ਲਿਆ ਹੈ।
ਕੈਨਾਲ ਰੋਡ ’ਤੇ ਅਜੇ ਵੀ ਚੱਲ ਰਹੇ ਨਾਜਾਇਜ਼ ਨਿਰਮਾਣ
ਬੀਤੇ ਦਿਨੀਂ ਹਾਈਵੇ ਕੰਢੇ ਅਤੇ ਇੰਡਸਟਰੀਅਲ ਏਰੀਆ ਅਤੇ ਬਾਬਾ ਬਾਲਕ ਨਾਥ ਨਗਰ ਦੇ ਵਿਚਕਾਰ ਪੈਂਦੇ ਕੈਨਾਲ ਰੋਡ ’ਤੇ ਨਾਜਾਇਜ਼ ਤੌਰ ’ਤੇ ਬਣ ਰਹੇ ਕਈ ਕਮਰਸ਼ੀਅਲ ਕੰਪਲੈਕਸਾਂ ਦਾ ਮਾਮਲਾ ਅਖਬਾਰਾਂ ਵਿਚ ਉੱਠਿਆ ਸੀ ਪਰ ਉਸ ਮਾਮਲੇ ਵਿਚ ਨਿਗਮ ਪ੍ਰਸ਼ਾਸਨ ਨੇ ਹੁਣ ਤਕ ਕੋਈ ਕਾਰਵਾਈ ਨਹੀਂ ਕੀਤੀ ਹੈ। ਪਤਾ ਲੱਗਾ ਹੈ ਕਿ ਨਾਜਾਇਜ਼ ਨਿਰਮਾਣ ਕਰਨ ਵਾਲੇ ਕਈ ਬਿਲਡਿੰਗ ਮਾਲਕਾਂ ਨੇ ਨਿਗਮ ਨੂੰ ਰਾਜ਼ੀਨਾਮੇ ਦੀਆਂ ਫਾਈਲਾਂ ਸੌਂਪ ਦਿੱਤੀਆਂ ਹਨ ਪਰ ਹੁਣ ਤਕ ਨਾ ਤਾਂ ਕਿਸੇ ਨਿਰਮਾਣ ਨੂੰ ਰੈਗੂਲਰ ਕੀਤਾ ਗਿਆ ਹੈ ਅਤੇ ਨਾ ਹੀ ਨਾਜਾਇਜ਼ ਨਿਰਮਾਣਾਂ ਨੂੰ ਰੋਕਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਜਦੋਂ ਇਲਾਕੇ ਦੇ ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਾਫ ਕਿਹਾ ਕਿ ਇਹ ਇਲਾਕਾ ਹੁਣ ਉਨ੍ਹਾਂ ਦਾ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਪ੍ਰਮੋਸ਼ਨ ਹੋ ਚੁੱਕੀ ਹੈ ਅਤੇ ਉਹ ਇਸ ਇਲਾਕੇ ਨੂੰ ਛੱਡ ਚੁੱਕੇ ਹਨ।
ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ ਦੀ ਹੋਈ ਪ੍ਰਮੋਸ਼ਨ, ਸੁਪਰਡੈਂਟ ਬਣੇ
ਲੋਕਲ ਬਾਡੀਜ਼ ਵਿਭਾਗ ਨੇ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ ਨੂੰ ਪ੍ਰਮੋਟ ਕਰ ਕੇ ਸੁਪਰਡੈਂਟ ਬਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ ਜਿੱਥੇ ਕੌਂਸਲਰ ਹਾਊਸ ਦੇ ਨਿਸ਼ਾਨੇ ’ਤੇ ਰਹੇ, ਉੱਥੇ ਹੀ ਇਨ੍ਹੀਂ ਿਦਨੀਂ ਬਿਲਡਿੰਗ ਮਾਮਲਿਆਂ ਸਬੰਧੀ ਬਣੀ ਐਡਹਾਕ ਕਮੇਟੀ ਨਾਲ ਵੀ ਉਨ੍ਹਾਂ ਦਾ ‘ਛੱਤੀ ਦਾ ਅੰਕੜਾ’ ਚੱਲ ਰਿਹਾ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ ਨੂੰ ਬੀਤੇ ਦਿਨੀਂ ਹਰਦਿਆਲ ਨਗਰ ਵਿਚ ਨਾਜਾਇਜ਼ ਤੌਰ ’ਤੇ ਬਣੇ ਕੋਲਡ ਸਟੋਰੇਜ ਦੇ ਮਾਮਲੇ ਵਿਚ ਕਾਰਣ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਪਰ ਅਜਿਹੀ ਸਥਿਤੀ ਵਿਚ ਵੀ ਉਨ੍ਹਾਂ ਦੀ ਪ੍ਰਮੋਸ਼ਨ ਕਈ ਸਵਾਲ ਖੜ੍ਹੇ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਇਸ ਮਾਮਲੇ ਵਿਚ ਇਕ ਮਹਿਲਾ ਕਾਂਗਰਸ ਆਗੂ ਦੀ ਭੂਮਿਕਾ ਕਾਫੀ ਅਹਿਮ ਮੰਨੀ ਜਾ ਰਹੀ ਹੈ, ਜਿਸ ਕਾਰਣ ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ ’ਤੇ ਨਿਗਮ ਕੋਈ ਕਾਰਵਾਈ ਨਹੀਂ ਕਰ ਰਿਹਾ।