ਕਾਂਗਰਸ ਸਰਕਾਰ ਆਉਣ ਤੋਂ ਬਾਅਦ ਬਠਿੰਡਾ ’ਚ 2100 ਨਾਜਾਇਜ਼ ਇਮਾਰਤਾਂ ਬਣੀਆਂ

Saturday, Jul 28, 2018 - 04:10 AM (IST)

ਕਾਂਗਰਸ ਸਰਕਾਰ ਆਉਣ ਤੋਂ ਬਾਅਦ ਬਠਿੰਡਾ ’ਚ 2100 ਨਾਜਾਇਜ਼ ਇਮਾਰਤਾਂ ਬਣੀਆਂ

ਬਠਿੰਡਾ(ਵਰਮਾ)-ਜਦੋਂ ਤੋਂ ਪੰਜਾਬ ’ਚ ਕਾਂਗਰਸ ਸਰਕਾਰ ਆਈ ਹੈ, ਉਦੋਂ ਤੋਂ ਨਾਜਾਇਜ਼ ਬਿਲਡਿੰਗਾਂ ’ਚ ਹਡ਼੍ਹ ਜਿਹਾ ਆ ਗਿਆ ਹੈ। ਹੁਣ ਤੱਕ  ਸਿਰਫ ਬਠਿੰਡਾ ਸ਼ਹਿਰ ’ਚ 2100 ਨਾਜਾਇਜ਼ ਇਮਾਰਤਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ, ਜੋ ਸਰਕਾਰ ਤੇ ਅਧਿਕਾਰੀਆਂ ਨੂੰ ਮੂੰਹ ਚਿਡ਼ਾਅ ਰਹੀਅਾਂ ਹਨ। ਇਹ ਅੰਕਡ਼ਾ ਨਗਰ ਨਿਗਮ ਵੱਲੋਂ ਕੱਟੇ ਗਏ ਨੋਟਿਸਾਂ ਦੇ ਆਧਾਰ ’ਤੇ ਹੈ। ਜਿਥੇ ਵੀ ਨਾਜਾਇਜ਼ ਇਮਾਰਤਾਂ ਦੀ ਸ਼ਿਕਾਇਤ ਮਿਲਦੀ ਹੈ ਤਾਂ ਨਿਗਮ ਉਨ੍ਹਾਂ ਨੂੰ ਨੋਟਿਸ ਕਰ ਦਿੰਦਾ ਹੈ। ਅਜਿਹੇ ’ਚ ਲਗਾਤਾਰ 3 ਨੋਟਿਸ ਚਲੇ ਜਾਂਦੇ ਹਨ, ਉਸ ਤੋਂ ਬਾਅਦ ਜੇਬ ਗਰਮ ਹੁੰਦੀ ਹੈ ਅਤੇ ਬਿਲਡਿੰਗ ਬਣ ਕੇ ਤਿਆਰ ਹੋ ਜਾਂਦੀ ਹੈ। ਸਥਾਨਕ ਵਿਭਾਗ ਦੀ ਨਵੀਂ ਪਾਲਿਸੀ ਤਹਿਤ 31 ਮਾਰਚ ਤੋਂ ਪਹਿਲਾਂ ਬਣੀਆਂ ਇਮਾਰਤਾਂ ਅਤੇ ਨਾਜਾਇਜ਼ ਕਾਲੋਨੀਆਂ ਨੂੰ ਤੋਡ਼ਣ ’ਤੇ ਰੋਕ ਲਾ ਦਿੱਤੀ  ਗਈ ਸੀ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਸਨ ਕਿ ਇਨ੍ਹਾਂ ਤੋਂ ਇਕ ਮੁਸ਼ਤ ਜੁਰਮਾਨਾ ਸਮੇਤ ਫੀਸ ਲਈ ਜਾਵੇਗੀ ਅਤੇ ਨਾਜਾਇਜ਼ ਕਾਲੋਨੀਆਂ ਨੂੰ ਨਿਯਮਿਤ ਕਰ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਇਸ ਨੂੰ ਹਥਿਆਰ ਦੇ ਰੂਪ ’ਚ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਜਾਇਜ਼ ਬਣੀਆਂ ਇਮਾਰਤਾਂ ਨੂੰ ਲੈ ਕੇ ਮੋਲ-ਤੋਲ ਕਰ  ਕੇ ਖੂਬ ਹੱਥ ਰੰਗੇ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ, ਉਨ੍ਹਾਂ ਬਠਿੰਡਾ ਨਗਰ ਨਿਗਮ ਦੇ 70 ਫੀਸਦੀ  ਤੱਕ ਅਧਿਕਾਰੀ ਬਦਲ ਦਿੱਤੇ ਪਰ ਬਾਵਜੂਦ ਇਸ ਦੇ ਨਾਜਾਇਜ਼ ਉਸਾਰੀਆਂ ’ਤੇ ਕੋਈ ਵੀ ਸਫਲਤਾ ਹਾਸਲ ਨਹੀਂ ਹੋਈ।  ਸ਼ਹਿਰ ਦੀਅਾਂ ਵੱਖ-ਵੱਖ ਥਾਵਾਂ ’ਤੇ ਅਜੇ ਵੀ ਤੇਜ਼ੀ ਨਾਲ ਨਾਜਾਇਜ਼ ਉਸਾਰੀਆਂ ਜਾਰੀ ਹਨ, ਜੇਕਰ ਕੋਈ ਸ਼ਿਕਾਇਤ ਕਰਦਾ ਹੈ ਤਾਂ ਨਿਗਮ ਉਸ ਨੂੰ ਨੋਟਿਸ ਜਾਰੀ ਕਰ ਦਿੰਦਾ ਹੈ ਨਹੀਂ  ਤਾਂ ਮਿਲੀਭੁਗਤ ਨਾਲ ਉਸਾਰੀ ਕੰਮ ਜਾਰੀ ਹੈ। ਨਾਜਾਇਜ਼ ਉਸਾਰੀ ਦੇ ਨਾਲ-ਨਾਲ ਸਰਕਾਰੀ ਜ਼ਮੀਨ ’ਤੇ ਵੀ 10 ਫੁੱਟ ਤੱਕ ਕਬਜ਼ਾ ਹੋ ਰਿਹਾ ਹੈ, ਜਿਸ ਨੂੰ ਲੈ ਕੇ ਨਿਗਮ ਵਿਭਾਗ ਦੇ ਅਧਿਕਾਰੀ ਅੱਖਾਂ ਬੰਦ ਕਰੀ ਬੈਠੇ ਹਨ।
...ਤਾਂ  ਵਿੱਤ ਮੰਤਰੀ ਦੀ ਸਿਫਾਰਿਸ਼ ਕਾਰਨ ਇਸ ਇਮਾਰਤ ਨੂੰ ਸੁੱਟਣਾ ਸੰਭਵ ਨਹੀਂ
 ਉਦਾਹਰਨ ਦੇ ਤੌਰ  ’ਤੇ ਨਾਰਥ ਅਸਟੇਟ ਵਿਚ ਸਿਰਫ 75 ਗਜ਼ ਦੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਕਰ  ਕੇ  ਆਲੀਸ਼ਾਨ ਬੰਗਲਾ ਬਣਿਆ, ਜਿਸ ਵਿਚ 10 ਫੁੱਟ ਨਿਗਮ ਦੀ ਜ਼ਮੀਨ ’ਤੇ ਵੀ ਕਬਜ਼ਾ ਹੋਇਆ। ਉਸ ਦੇ ਗੁਆਂਢ ਵਿਚ ਰਹਿਣ ਵਾਲੇ ਅਸ਼ਵਨੀ ਮਿੱਤਲ ਨੇ ਉਸਾਰੀ ਤੋਂ ਪਹਿਲਾਂ ਤੇ ਉਸਾਰੀ ਦੌਰਾਨ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਵੀ ਕਰਵਾਇਆ ਸੀ ਪਰ ਕਾਰਵਾਈ ਦੇ ਨਾਂ ’ਤੇ ਸਿਰਫ ਨੋਟਿਸ ਭੇਜੇ, ਹੱਥ ਗਰਮ ਹੋਏ ਤੇ ਬਿਲਡਿੰਗ ਬਣ ਕੇ ਤਿਆਰ ਹੋ ਗਈ। ਇਸ ਮਾਮਲੇ ਨੂੰ ਲੈ ਕੇ ਮਿੱਤਲ ਪਰਿਵਾਰ ਨੇ ਚੰਡੀਗਡ਼੍ਹ ਦੇ ਚੱਕਰ ਲਾਏ, ਇਥੋਂ ਤੱਕ ਕਿ ਸਥਾਨਕ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਨੂੰ ਮਿਲ ਕੇ ਸਾਰੀ ਕਹਾਣੀ ਦੱਸੀ ਤਾਂ ਉਨ੍ਹਾਂ ਨੇ ਨਿਗਮਾ ਕਮਿਸ਼ਨਰ ਨੂੰ ਨਾਜਾਇਜ਼ ਇਮਾਰਤ ਢਾਹੁਣ ਦੇ ਹੁਕਮ ਜਾਰੀ ਕੀਤੇ ਪਰ ਕੋਈ ਕਾਰਵਾਈ ਨਹੀਂ ਹੋਈ। ਮਿੱਤਲ ਦਾ ਕਹਿਣਾ ਹੈ ਕਿ ਫੋਨ ’ਤੇ ਹੀ ਨਵਜੋਤ ਕੌਰ ਨੂੰ ਕਮਿਸ਼ਨਰ ਨੇ ਦੱਸ ਦਿਤਾ ਸੀ ਕਿ ਵਿੱਤ ਮੰਤਰੀ ਦੀ ਸਿਫਾਰਿਸ਼ ਕਾਰਨ ਇਸ ਇਮਾਰਤ ਨੂੰ ਢਾਹੁਣਾ ਸੰਭਵ ਨਹੀਂ। ਅਜਿਹੀਆਂ ਕਈ ਉਦਾਹਰਨਾਂ ਹਨ, ਜਿਸ ਦਾ ਵਰਨਣ ਕਰਨਾ ਸੰਭਵ ਨਹੀਂ। ਨਿਗਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਹੀ ਲੋਕਾਂ ਦੀਆਂ ਅੱਖਾਂ ਵਿਚ ਧੂਡ਼ ਪਾਉਂਦਿਆਂ ਤੇ ਇਕ ਸੂਬਾ ਆਗੂ ਦੇ ਇਸ਼ਾਰੇ ’ਤੇ ਅੱਧਾ ਦਰਜਨ ਨਾਜਾਇਜ਼ ਇਮਾਰਤਾਂ ਦਾ ਅਗਲਾ ਹਿੱਸਾ ਢਾਹ ਦਿੱਤਾ। ਉਸ ਤੋਂ ਬਾਅਦ ਸ਼ਾਂਤ ਹੋ ਕੇ ਬੈਠ ਗਏ।  
ਵਕਫ ਬੋਰਡ ਦੀ ਜ਼ਮੀਨ ’ਤੇ ਹੋਏ ਸਭ ਤੋਂ ਜ਼ਿਅਾਦਾ ਨਾਜਾਇਜ਼ ਕਬਜ਼ੇ
ਸਭ ਤੋਂ ਜ਼ਿਆਦਾ ਨਾਜਾਇਜ਼ ਉਸਾਰੀ ਵਕਫ ਬੋਰਡ ਦੀ ਜ਼ਮੀਨ ’ਤੇ ਹੋਈ, ਪਿਛਲੇ 20 ਦਿਨਾਂ ਤੋਂ ਹਾਜੀਰਤਨ ਚੌਕ ’ਚ ਉਸਾਰੀ ਜਾਰੀ ਸੀ ਪਰ ਨਿਗਮ ਨੇ ਕੁਝ ਨਹੀਂ ਕੀਤਾ, ਜਦੋਂ ਸ਼ੋਰ ਜ਼ਿਆਦਾ ਹੋਣ ਲੱਗਾ ਤਾਂ ਖਾਨਾਪੂਰਤੀ ਕਰਦਿਆਂ ਨਿਗਮ ਨੇ ਸਿਰਫ 4 ਦੁਕਾਨਾਂ ’ਤੇ ਹੀ ਆਪਣਾ ਬੁਲਡੋਜ਼ਰ ਚਲਾ ਕੇ ਉਨ੍ਹਾਂ ਨੂੰ 5-5 ਫੁੱਟ ਢਾਹ ਦਿੱਤਾ, ਜਦਕਿ ਇਹ ਸਾਰੀਆਂ ਦੁਕਾਨਾਂ ਵਕਫ ਬੋਰਡ ਦੀ ਜ਼ਮੀਨ ’ਤੇ ਨਾਜਾਇਜ਼ ਬਣੀਆਂ ਹੋਈਆਂ ਹਨ। ਇਸ ਤਰ੍ਹਾਂ 100 ਫੁੱਟ ਰੋਡ ’ਤੇ ਬੁੱਧਵਾਰ ਨੂੰ ਨਿਗਮ ਨੇ ਕਾਰਵਾਈ ਕਰਦਿਆਂ ਸਿਰਫ 3 ਨਾਜਾਇਜ਼ ਇਮਾਰਤਾਂ ਦਾ ਅੱਗੇ ਦਾ ਹਿੱਸਾ ਢਾਹਿਆ ਜਦਕਿ ਹੋਰਨਾਂ ਨੂੰ ਆਗੂਅਂ ਦੇ ਇਸ਼ਾਰੇ ’ਤੇ ਛੱਡ ਦਿੱਤਾ, ਜਿਸ ਨਾਲ ਸਰਕਾਰ ਦੀ ਭੂਮਿਕਾ ਵੀ ਸ਼ੱਕ ਦੇ ਦਾਇਰੇ ਵਿਚ ਆ ਗਈ। ਬਿਨਾਂ ਸੀ. ਐੱਲ. ਯੂ. ਦੇ ਹੀ ਗੋਨਿਆਣਾ ਰੋਡ, ਮਾਨਸਾ ਰੋਡ, ਸਾਈਂ ਨਗਰ, 100 ਫੁੱਟ ਰੋਡ, ਹਾਜੀਰਤਨ ਚੌਕ, ਅਮਰੀਕ ਸਿੰਘ ਰੋਡ ਸਮੇਤ ਹੋਰ ਥਾਵਾਂ ’ਤੇ ਵਪਾਰਕ ਜਗ੍ਹਾ, ਹੋਟਲ, ਹਸਪਤਾਲ, ਸ਼ੋਅਰੂਮ ਤੱਕ ਬਣ ਗਏ ਹਨ ਅਤੇ ਨਿਗਮ ਉਨ੍ਹਾਂ ਦਾ ਕੁਝ ਨਹੀਂ ਵਿਗਾਡ਼ ਸਕਿਆ। ਲੀਜ਼ ’ਤੇ ਲਈ ਹੋਈ ਵਕਫ ਬੋਰਡ ਦੀ ਜ਼ਮੀਨ ’ਤੇ ਸੈਂਕਡ਼ੇ ਵਪਾਰਕ ਅਦਾਰੇ ਬਣ ਚੁੱਕੇ ਹਨ ਜਦਕਿ ਸ਼ਾਮਲਾਟ ਭੂਮੀ ’ਤੇ ਕਈ ਕਾਲੋਨੀਆਂ ਵੀ ਵਸ ਗਈਆਂ। ਭੂ ਮਾਫੀਆ ਨੇ ਸੂਬਾ ਆਗੂਆਂ ਨਾਲ ਮਿਲ ਕੇ ਤੇ ਸਰਕਾਰੀ ਅਧਿਕਾਰੀਆਂ ਦੇ ਹੱਥ ਗਰਮ ਕਰ ਕੇ ਆਮ ਜਨਤਾ ਨੂੰ ਖੂਬ ਲੁੱਟਿਆ। ਨਾਜਾਇਜ਼ ਉਸਾਰੀ ਕਰ ਕੇ ਇਸ ਭੂ ਮਾਫੀਆ ਨੇ ਭੋਲੇ-ਭਾਲੇ ਲੋਕਾਂ ਨਾਲ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਕਮਾਈ ਹਡ਼ੱਪ ਲਈ। ਹੁਣ ਉਹ ਸਰਕਾਰੀ ਪੱਤਰਾਂ ਦਾ ਉਤਰ ਦਿੰਦੇ ਥੱਕਦੇ ਨਹੀਂ। ਨਾਜਾਇਜ਼ ਉਸਾਰੀ ਦਾ ਚਿੰਤਾਜਨਕ ਪਹਿਲੂ ਇਹ ਹੈ ਕਿ ਵਕਫ ਬੋਰਡ ਦੀ ਜ਼ਮੀਨ ਨੂੰ ਜਾਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਨਿਗਮ ਦੀ ਪ੍ਰਾਪਰਟੀ ਦੱਸ ਕੇ ਉਸ ’ਤੇ ਨਾਜਾਇਜ਼ ਉਸਾਰੀ ਤੱਕ ਕਰ ਲਈ, ਜਿਸ ਦੀ ਸਭ ਤੋਂ ਵੱਡੀ ਉਦਾਹਰਨ ਸ਼ਹਿਰ ਵਿਚ ਪਾਣੀ ਇਕੱਠਾ ਕਰਨ ਲਈ ਬਣੇ ਛੱਪਡ਼ ਹਨ। ਨਿਗਮ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਸਬੰਧੀ ਸੋਸ਼ਲ ਮੀਡੀਆ  ’ਤੇ ਵੀਡੀਓ ਵੀ ਵਾਇਰਲ ਹੋ ਚੁੱਕੀ ਹੈ, ਜਿਸ ਵਿਚ ਸਪੱਸ਼ਟ ਹੁੰਦਾ ਹੈ ਕਿ ਨਾਜਾਇਜ਼ ਇਮਾਰਤ  ਬਣਾਉਣ ਲਈ ਕਿਹਡ਼ੇ-ਕਿਹਡ਼ੇ ਅਧਿਕਾਰੀਆਂ ਨੇ ਉਨ੍ਹਾਂ ਤੋਂ ਪੈਸੇ ਲਏ। ਗਣਪਤੀ  ਇਨਕਲੇਵ ਨਾਲ ਲਗਦੀ ਰੋਡ ਸਥਿਤ ਸਾਈਂ ਨਗਰ ਪੂਰੀ ਤਰ੍ਹਾਂ ਵਕਫ ਬੋਰਡ ਦੀ ਜ਼ਮੀਨ ’ਤੇ ਬਣਿਆ ਹੋਇਆ  ਹੈ। ਉਥੇ ਲਗਭਗ 200 ਘਰ ਬਣ ਚੁੱਕੇ ਹਨ ਜਿਨ੍ਹਾਂ ਨੇ ਵਕਫ ਬੋਰਡ ਦੀ 159 ਕਨਾਲ ਜ਼ਮੀਨ ’ਤੇ  ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਦੀ ਕੀਮਤ 20 ਕਰੋਡ਼ ਤੋਂ ਜ਼ਿਆਦਾ ਮੰਨੀ ਗਈ ਹੈ। ਇਸ  ਮਾਮਲੇ ਵਿਚ ਕੁਝ ਲੋਕਾਂ ’ਤੇ ਮਾਮਲੇ ਵੀ ਦਰਜ ਹੋਏ ਸੀ, ਬਾਵਜੂਦ ਇਸ ਦੇ ਉਥੇ ਨਾਜਾਇਜ਼  ਉਸਾਰੀ ਅਜੇ ਵੀ ਲਗਾਤਾਰ ਜਾਰੀ ਹੈ।
ਕੀ ਕਹਿੰਦੇ ਹਨ ਵਕਫ ਬੋਰਡ ਦੇ ਅਧਿਕਾਰੀ
ਵਕਫ ਬੋਰਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਵਕਫ ਬੋਰਡ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਰਿਪੋਰਟ ਤਲਬ ਕਰਨਗੇ। ਜਿਥੇ-ਜਿਥੇ ਵਕਫ ਬੋਰਡ ਦੀ ਜ਼ਮੀਨ ’ਤੇ ਨਾਜਾਇਜ਼ ਉਸਾਰੀ ਹੋ ਰਹੀ ਹੈ ਉਸ ਦੀ ਜਾਂਚ ਕਰਵਾਈ ਜਾਵੇਗੀ। ਜਲਦੀ ਹੀ ਅਜਿਹੇ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਨੋਟਿਸ ਦਿੱਤੇ ਜਾਣਗੇ ਜਿਨ੍ਹਾਂ ਨੇ ਵਕਫ ਬੋਰਡ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਜਮਾ ਰੱਖਿਆ ਹੈ।


Related News