ਮੰਦਬੁੱਧੀ ਮੁੰਡੇ ਨੂੰ ਮਿੱਟੀ ''ਚ ਦੱਬਿਆ, ਚੁਭੋਈਆਂ ਸੂਈਆਂ, ਕੱਚ ''ਤੇ ਤੁਰਾਇਆ, ਇਲਾਜ ਦੌਰਾਨ ਮੌਤ
Wednesday, Jun 26, 2024 - 06:24 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਜ਼ਿਲ੍ਹੇ ਦੇ ਇਕ ਪਿੰਡ ਵਿਚ ਮੰਦਬੁੱਧੀ ਨੌਜਵਾਨ ਨਾਲ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਅਣਮਨੁੱਖੀ ਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਇਲਾਜ ਦੌਰਾਨ ਮੰਦਬੁੱਧੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਪਿਤਾ ਪੁੱਤਰ ਸਮੇਤ ਚਾਰ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਥਾਂਦੇਵਾਲਾ ਨਿਵਾਸੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਭਪ ਸਿੰਘ ਦਾ ਬੇਟਾ ਜਗਸੀਰ ਸਿੰਘ (28) ਸਿੱਧਾ ਸਾਧਾ ਨੌਜਵਾਨ ਸੀ। ਉਹ ਆਪਣੇ ਪੱਧਰ 'ਤੇ ਕੋਈ ਕੰਮ ਨਹੀਂ ਕਰ ਸਕਦਾ ਸੀ। ਉਨ੍ਹਾਂ ਦਾ ਪਰਿਵਾਰ ਹੀ ਉਸਦੀ ਦੇਖਭਾਲ ਕਰਦਾ ਸੀ।
ਕਰੀਬ ਡੇਢ ਮਹੀਨੇ ਪਹਿਲਾਂ ਪਿੰਡ ਕੇ ਰਹਿਣ ਵਾਲੇ ਵਿਜੈ ਕੁਮਾਰ ਪੁੱਤਰ ਰਾਜੂ, ਸੋਨੂੰ ਪੁੱਤਰ ਵਿਜੈ ਕੁਮਾਰ, ਗੁਰਮੀਤ ਸਿੰਘ ਨਿਵਾਸੀ ਪਿੰਡ ਥਾਂਦੇਵਾਲਾ ਅਤੇ ਉਨ੍ਹਾਂ ਨਾਲ ਬੰਟੀ ਨਿਵਾਸੀ ਪਿੰਡ ਘੜਿਆਣਾ ਜ਼ਿਲ੍ਹਾ ਫਾਜ਼ਿਲਕਾ ਜਗਸੀਰ ਸਿੰਘ ਦੇ ਸਿੱਧੇਪਣ ਦਾ ਫਾਇਦਾ ਚੁੱਕ ਕੇ ਉਸਦੇ ਨਾਲ ਅਣਮਨੁੱਖੀ ਵਿਵਹਾਰ ਕਰਦੇ ਰਹਿੰਦੇ ਸਨ। ਦੋਸ਼ੀ ਜਗਸੀਰ ਨੂੰ 20 ਜੂਨ ਨੂੰ ਬੇਹੋਸ਼ੀ ਦੀ ਹਾਲਤ ਵਿਚ ਉਸਦੇ ਭਰਾ ਮਹਿੰਗਾ ਸਿੰਘ ਦੇ ਘਰ ਛੱਡ ਕੇ ਫਰਾਰ ਹੋ ਗਏ। ਸ਼ਿਕਾਇਤਕਰਤਾ ਅਨੁਸਾਰ ਜਗਸੀਰ ਸਿੰਘ ਉਸ ਸਮੇਂ ਜ਼ਖ਼ਮੀ ਹਾਲਤ ਵਿਚ ਸੀ ਉਸਦੇ ਪੈਰਾਂ, ਹੱਥਾਂ ਅਤੇ ਮੂੰਹ ਸੁੱਜਿਆ ਹੋਇਆ ਸੀ। ਸਰੀਰ ਦੇ ਹੋਰ ਹਿੱਸਿਆਂ ਵਿਚ ਸੱਟਾਂ ਲੱਗਣ ਕਾਰਨ ਉਸ 'ਤੇ ਕਾਲਾ ਤੇਲ ਲਗਾਇਆ ਹੋਇਆ ਸੀ। ਉਹ ਜਗਸੀਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਲੈ ਗਏ, ਜਿੱਥੇ ਡਾਕਟਰ ਵੱਲੋਂ ਚੈਕਅਪ ਕਰਨ ’ਤੇ ਉਸਨੂੰ ਰੈਫਰ ਕਰ ਦਿੱਤਾ। ਜਿਸ ਤੋਂ ਬਾਅਦ ਉਸਨੂੰ ਮੈਡੀਕਲ ਕਾਲਜ ਫਰੀਦਕੋਟ ਵਿਚ ਦਾਖਲ ਕਰਵਾਇਆ, ਜਿੱਥੇ ਇਕ ਵਾਰ ਜਗਸੀਰ ਸਿੰਘ ਨੂੰ ਤਿੰਨ ਦਿਨ ਬਾਅਦ ਹੋਸ਼ ਆ ਗਿਆ ਸੀ।
ਇਸ ਦੌਰਾਨ ਜਗਸੀਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਦੇ ਨਾਲ ਪਿੰਡ ਦੇ ਵਿਜੈ ਕੁਮਾਰ ਪੁੱਤਰ ਰਾਜੂ, ਸੋਨੂੰ ਪੁੱਤਰ ਵਿਜੈ, ਗੁਰਮੀਤ ਸਿੰਘ ਪੁੱਤਰ ਤੇਜ ਸਿੰਘ ਵਾਸੀ ਪਿੰਡ ਥਾਂਦੇਵਾਲਾ ਅਤੇ ਬੰਟੀ ਨੇ ਸਰੀਰਿਕ ਤੌਰ ’ਤੇ ਅਣਮਨੁੱਖੀ ਵਿਵਹਾਰ ਕਰਦੇ ਹੋਏ ਉਸਨੂੰ ਜ਼ਮੀਨ ਵਿਚ ਦੱਬ ਦਿੱਤਾ ਸੀ। ਇਸ ਤੋਂ ਪਹਿਲਾਂ ਕੱਚ ਤੋੜ ਕੇ ਉਸਨੂੰ ਉਸਦੇ ਉਪਰ ਚੱਲਣ ਲਈ ਮਜਬੂਰ ਕੀਤਾ ਗਿਆ, ਸੂਈਆਂ ਚੁਭੋਈਆਂ। ਇੱਥੋਂ ਤੱਕ ਕਿ ਸੂਈ ਉਸਦੀ ਜੀਭ ਦੇ ਆਰ-ਪਾਰ ਕਰ ਦਿੱਤੀ। 24 ਜੂਨ ਨੂੰ ਜਗਸੀਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਦੋਸ਼ੀ ਵਿਜੈ ਕੁਮਾਰ, ਸੋਨੂੰ, ਗੁਰਮੀਤ ਸਿੰਘ ਅਤੇ ਬੰਟੀ ਦੇ ਖਿਲਾਫ਼ ਕੇਸ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।