ਜੇਕਰ PSPCL ਮੈਨੇਜਮੈਂਟ ਬਿੱਜਲੀ ਹਿੱਤਾਂ ਦੀ ਰਾਖੀ ਨਾ ਕਰ ਸਕਿਆ ਤਾਂ ਇੰਜੀਨਅਰਾਂ ਵੱਲੋਂ ਕੀਤਾ ਜਾਵੇਗਾ ਸੰਘਰਸ਼
Thursday, Feb 25, 2021 - 11:56 PM (IST)
ਘਨੌਲੀ,(ਸ਼ਰਮਾ)- ਪੰਜਾਬ ਸਰਕਾਰ ਵੱਲੋਂ ਪਾਵਰ ਸੈਕਟਰ ਸਬੰਧੀ ਲਏ ਜਾ ਰਹੇ ਲੋਕ ਮਾਰੂ ਫੈਸਲਿਆਂ ਦੇ ਵਿਰੋਧ ਵਿੱਚ ਹੁਣ ਪਾਵਰਕਾਮ ਦੇ ਇੰਜੀਨੀਅਰਾਂ ਨੇ ਵੀ ਸੰਘਰਸ਼ ਦਾ ਬਿਗੁਲ ਬਜਾ ਦਿੱਤਾ ਹੈ। ਇਸ ਸਬੰਧੀ ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਦੀ ਥਰਮਲ ਜ਼ੋਨ ਦੀ ਵਿਸ਼ੇਸ਼ ਮੀਟੰਗ ਹੋਈ। ਜ਼ੋਜਲ ਸਕੱਤਰ ਇੰਜੀਨੀਅਰ ਰਣਜੀਤ ਸਿੰਘ ਬਾਂਗੜ ਅਤੇ ਇੰਜੀਨੀਅਰ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਥੇਬੰਦੀ ਦੀ ਕੇਂਦਰੀ ਕਮੇਟੀ ਦੇ ਜੁਆਇੰਟ ਸਕੱਤਰ ਇੰਜੀਨੀਅਰ ਰਵਿੰਦਰ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਵਿਸ਼ੇਸ਼ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਜੀਨੀਅਰ ਜੇ.ਐਸ.ਧੀਮਾਨ ਅਤੇ ਪੈਟਰਨ ਇੰਜੀਨੀਅਰ ਪਦਮਜੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਥਰਮਲ ਜ਼ੋਨ ਦੇ ਇੰਜੀਨੀਅਰਾਂ ਨੂੰ ਸੰਬੋਧਨ ਕਰੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਜੇ.ਐਸ.ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਪਾਵਰ ਸੈਕਟਰ ਸਬੰਧੀ ਗਲਤ ਫੈਸਲੇ ਲੈ ਰਹੀ ਹੈ ਉੱਥੇ ਹੀ ਪਾਵਰ ਕਾਮ ਮੈਨੇਜ਼ਮੈਂਟ ਵੱਲੋਂ ਵੀ ਪਾਵਰ ਸੈਕਟਰ ਦੀ ਰਾਖੀ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਾਵਰ ਸੈਕਟਰ ਸਬੰਧੀ ਲਏ ਜਾ ਰਹੇ ਫੈਸਲੇ ਜਿੱਥੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਹਿੱਤ ਵਿੱਚ ਨਹੀਂ ਹਨ ਉੱਥੇ ਹੀ ਪੰਜਾਬ ਸਰਕਾਰ ਦੇ ਇਹਨਾਂ ਫੈਸਲਿਆਂ ਦਾ ਪੰਜਾਬ ਦੀ ਜਨਤਾ ਤੇ ਵੀ ਮਾੜਾ ਅਸਰ ਪੈਣ ਵਾਲਾ ਹੈ। ਉਨਾ੍ਹ ਕਿਹਾ ਕਿ ਬਿਜਲੀ ਸੈਕਟਰ ਬਠਿੰਡਾ ਥਰਮਲ ਪਲਾਂਟ ਦੀ 4000 ਕਰੋੜ ਰੁਪਏ ਦੀ ਜ਼ਮੀਨ ਨਿੱਜੀ ਕੰਪਣੀਆਂ ਨੂੰ ਸਿਰਫ ਇੱਕ ਰੁਪਏ ਵਿੱਚ ਦਿੱਤੀ ਜਾ ਰਹੀ ਹੈ। ਇੰਜੀਅਰਾਂ ਵਲੋਂ ਪਾਵਰ ਕਾਮ ਮੈਨੇਜ਼ਮੈਂਟ ਦੀ ਅਲੋਚਨਾ ਕਰਦੇ ਹੋਏ ਹੋਏ ਕਿਹਾ ਕਿ ਮੈਨੇਜ਼ਮੈਂਟ ਵੱਲੋਂ ਪਾਵਰ ਸੈਕਟਰ ਵਿੱਚ ਨਵੀਂ ਭਰਤੀ ਕਰਨ ਦੀ ਬਜਾਏ ਜਿੱਥੇ ਕਰਮਚਾਰੀਆਂ ਦੀ ਛਾਂਟੀ ਕਰਕੇ ਸਟਾਫ ਨੂੰ ਘਟਾਇਆ ਜਾ ਰਿਹਾ ਹੈ ਉੱਥੇ ਹੀ ਠੇਕੇਦਾਰੀ ਸਿਸਟਮ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
ਉਨਾ੍ਹ ਕਿਹਾ ਕਿ ਬਿਜਲੀ ਖੇਤਰ ਦੀਆਂ ਜ਼ਮੀਨਾਂ ਨੂੰ ਪੰਜਾਬ ਸਰਕਾਰ ਹੜੱਪ ਰਹੀ ਹੈ। ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਬਿਜਲੀ ਹੋਰ ਵੀ ਮਹਿੰਗੀ ਮਿਲੇਗੀ। ਉਨਾ੍ਹਂ ਕਿਹਾ ਕਿ ਬਿਜਲੀ ਸੈਕਟਰ ਵਿੱਚ ਮੁੜ ਨਿਵੇਸ਼ ਕਰਨ ਦੀ ਬਜਾਏ ਪੀਐਸਪੀਸੀਐਲ ਵੱਲੋਂ ਮਹਿੰਗੀਆਂ ਜਾਇਦਾਦਾਂ ਦੀ ਬਲੀ ਦਿੱਤੀ ਜਾ ਰਹੀ ਹੈ।ਜਿਸ ਕਾਰਨ ਪਾਵਰ ਕਾਮ ਦੇ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਜਾ ਰਿਹਾ ਹੈ। ਜਥੇਬੰਦੀ ਦੇ ਪੈਟਰਨ ਇੰਜੀਨੀਅਰ ਪਦਮਜੀਤ ਸਿੰਘ ਏ.ਆਈ.ਪੀ.ਈ.ਐਫ. ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਮਰਜੀ ਨਾਲ ਪਹਿਲਾਂ ਬਠਿੰਡਾ ਵਿਖੇ ਚਲ ਰਹੇ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਤੇ ਹੁਣ ਰੋਪੜ ਥਰਮਲ ਪਲਾਂਟ ਨੂੰ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਰੂਪਨਗਰ ਥਰਮਲ ਪਲਾਂਟ ਨੂੰ ਬੰਦ ਕਰਨਾ ਸਿਆਸੀ ਗਲਤੀ ਹੋਵੇਗੀ ਜਿਸ ਦੀ ਸਜਾ ਗਰਮੀਆਂ ਦੇ ਦਿਨਾਂ ਵਿੱਚ ਹੀ ਪੰਜਾਬ ਦੇ ਲੋਕਾਂ ਨੂੰ ਭੁਗਤਣੀ ਪਵੇਗੀ। ਜਦੋਂ ਪੰਜਾਬ ਆਪਣੀ ਬਿਜਲੀ ਦੀ ਮੰਗ ਨੂੰ ਪੂਰਾ ਨਹੀਂ ਕਰ ਸਕੇਗਾ। ਉਨਾ੍ਹ ਕਿਹਾ ਕਿ ਬਿਜਲੀ ਖੇਤਰ ਦੇ ਮਾਹਿਰਾਂ ਵਲੋਂ ਬਠਿੰਡਾ ਅਤੇ ਰੂਪਨਗਰ ਵਿਖੇ ਵਾਧੂ ਸੋਲਰ ਪਲਾਂਟ ਸਥਾਪਤ ਕਰਨ ਦੇ ਜੋ ਪ੍ਰਸਤਾਬ ਦਿਤੇ ਜਾ ਰਹੇ ਹਨ ਉਹੋ ਪ੍ਰਸਤਾਬ ਜਿੱਥੇ ਪਾਵਰ ਸੈਕਟਰ ਲਈ ਲਾਹੇਬੰਦ ਹੋਣਗੇ ਉੱਥੇ ਹੀ ਖਪਤਕਾਰਾਂ ਨੂੰ ਵੀ ਸਸਤੀ ਅਤੇ ਲਗਾਤਾਰ ਬਿਜਲੀ ਦੀ ਸਪਲਾਈ ਮਿਲੇਗੀ। ਲੇਕਿਨ ਸਰਕਾਰ ਵੱਲੋਂ ਮਾਹਿਰਾਂ ਦੇ ਇਸ ਪ੍ਰਸਤਾਬ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ। ਇੰਜੀਨੀਅਰ ਧੀਮਾਨ ਨੇ ਕਿਹਾ ਕਿ ਪੁਨਰਗਠਨ ਦੇ ਨਾਮ ਤੇ ਮੈਨੇਜ਼ਮੈਂਟ ਜ਼ਰੂਰੀ ਅਸਾਮੀਆਂ ਨੂੰ ਖਤਮ ਕਰ ਰਹੀ ਹੈ। ਉਨਾ੍ਹ ਕਿਹਾ ਕਿ ਪੀਐਸਪੀਸੀਐਲ ਦੀ ਅਸਮਰੱਥਾ ਕਾਰਨ ਬੀਬੀਐਮਬੀ ਅੰਦਰ ਪੰਜਾਬ ਕੇਡਰ ਦੀਆਂ 1217 ਅਸਾਮੀਆਂ ਖਾਲੀ ਹਨ।ਇਸ ਨਾਲ ਜਿੱਥੇ ਵਿੱਤ ਪੱਖੋਂ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਪੰਜਾਬ ਦੇ ਨੌਜਵਾਨਾਂ ਦੇ ਰੋਜਗਾਰ ਦੇ ਮੌਕੇ ਵੀ ਖੋਹੇ ਜਾ ਰਹੇ ਹਨ। ਉਨਾ੍ਹ ਕਿਹਾ ਕਿ ਏ.ਈ. ਦੇ 18030 ਦੇ ਸ਼ੁਰੂਆਤੀ ਸਕੇਲ, ਜਨਰੇਸ਼ਨ ਇੰਨਸੈਂਟਿਵ ਰੋਕਣ ਦਾ ਫੈਸਲਾ ਅਤੇ ਐਨ ਪੀ ਅੇਸ ਦੇ ਯੋਗਦਾਨ ਨੂੰ 14%ਤੋਂ ਘਟਾ ਕੇ 10% ਕਰਨਾ ਟੀ ਪੀ ਏ ਦੀ ਉਲੰਘਣਾ ਹੈ ।ਇਸ ਲਈ ਐਸੋਸੀਏਸ਼ਨ ਇਹਨਾ ਫੈਸਲਿਆਂ ਨੂੰ ਵਾਪਸ ਲੈਣ ਦੀ ਮੰਗ ਕਰਦੀ ਹੈ।ਉਨਹਾਂ ਕਿਹਾ ਕਿ ਮੈਂਜ਼ਮੈਂਟ ਵੱਲੋਂ ਇੰਜੀਨੀਅਰਾਂ ਨੂੰ ਤੰਗ ਕਰਨ ਦੇ ਮੰਤਵ ਨਾਲ ਡੀ.ਐਸ. ਦੇ ਇੰਜੀਨੀਅਰਾਂ ਨੂੰ ਬੇਵਜਾ੍ਹ ਚਾਰਜਸ਼ੀਟ ਅਤੇ ਨਸੀਹਤ ਪੱਤਰ ਜਾਰੀ ਕੀਤੇ ਜਾ ਰਹੇ ਹਨ।
ਜਦਕਿ ਬਹੁਤ ਸਾਰੀਆਂ ਸੰਵੇਦਨਸ਼ੀਲ ਅਸਾਮੀਆਂ ਖਾਲੀ ਪਈਆਂ ਹਨ।ਉਨਹਾਂ ਕਿਹਾ ਕਿ ਮੈਨੇਜ਼ਮੈਂਟ ਵੱਲੋਂ ਸਿਵਲ ਇੰਜੀਨੀਅਰਾਂ ਨੂੰ ਵਾਹਨ ਦੇਣ ਤੋਂ ਇਨਕਾਰ ਕਰਨਾ,ਮੁਢਲੀ ਆਈ.ਟੀ. ਸੁਵਿਧਾਵਾਂ ਨਾ ਦੇਣਾ,ਹਾਲ ਵਿੱਚ ਕੁਝ ਅਫਸਰਾਂ ਨੂੰ 50 ਸਾਲ ਉਮਰ ਉਪਰੰਤ ਸਿਰਫ ਇੱਕ ਸਾਲ ਦੀ ਨੌਕਰੀ ਦਾ ਵਾਧਾ ਕਰਨਾ ਆਦਿ ਫੈਸਲੇ ਅਫਸਰਾਂ ਤੇ ਕੰਮ ਦਾ ਤਣਾਅ ਵਧਾ ਰਹੇ ਹਨ।ਸਮੂਹ ਇੰਜੀਨੀਅਰਾ ਵੱਲੋਂ ਮੈਨੇਜ਼ਮੈਂਟ ਦੇ ਇਹਨਾਂ ਫੈਸਲਿਆਂ ਦੀ ਨਿਖੇਦੀ ਕੀਤੀ ਗਈ। ਇੰਜੀਨੀਅਰਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੀਐਸਪੀਸੀਐਲ ਮੈਨੇਜ਼ਮੈਂਟ ਬਿੱਜਲੀ ਖੇਤਰ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਰਾਜ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਵਿੱਚ ਰੂਪਨਗਰ , ਨੰਗਲ ,ਸ਼੍ਰੀ ਆਨੰਦਪੁਰ ਸਾਹਿਬ ਅਤੇ ਥਰੜ ਦੇ ਇੰਜੀਨੀਅਰਾਂ ਵੱਲੋਂ ਵੀ ਭਾਗ ਲਿਆ ਗਿਆ।