ਬੇਗਾਨੀ ਕਾਰ ''ਚ ਬੈਠੇ ''IAS ਸਾਬ੍ਹ'' ! ਲੋਕਾਂ ਨੂੰ ਇੰਝ ਲਾ ਚੁੱਕੇ ਲੱਖਾਂ ਦਾ ਚੂਨਾ, ਸੁਣ ਤੁਹਾਨੂੰ ਵੀ ਨਹੀਂ ਹੋਣਾ ਯਕੀਨ
Tuesday, Mar 04, 2025 - 05:48 AM (IST)

ਮੋਹਾਲੀ (ਰਣਬੀਰ)- ਖੁਦ ਨੂੰ ਆਈ.ਏ.ਐੱਸ. ਅਧਿਕਾਰੀ ਦੱਸਦਿਆਂ ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਨੌਸਰਬਾਜ਼ ਨੂੰ ਮੋਹਾਲੀ ਫੇਸ ਥਾਣਾ-1 ਦੀ ਪੁਲਸ ਨੇ ਕਾਬੂ ਕੀਤਾ ਹੈ। ਉਸ ਦੀ ਪਛਾਣ ਪਵਨ ਕੁਮਾਰ ਪਿੰਡ-14 ਬੀ.ਪੀ.ਐੱਮ. ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਵਜੋਂ ਹੋਈ ਹੈ। ਉਹ ਸਹੀ ਤਰ੍ਹਾਂ ਤੁਰਨ-ਫਿਰਨ ’ਚ ਅਸਮਰੱਥ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਐੱਸ.ਐੱਚ.ਓ. ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਫੇਜ਼ -5 ਵਿਖੇ ਸਥਿਤ ਇਕ ਹੋਟਲ ਦੀ ਮਹਿਲਾ ਮੁਲਾਜ਼ਮ ਵਲੋਂ ਦਿੱਤੇ ਗਏ ਬਿਆਨਾਂ ਮੁਤਾਬਕ 24 ਫਰਵਰੀ ਨੂੰ ਉਨ੍ਹਾਂ ਦੇ ਹੋਟਲ ’ਚ ਇਕ ਵਿਅਕਤੀ ਆਇਆ, ਜਿਸ ਨਾਲ ਦੋ ਜਣੇ ਹੋਰ ਵੀ ਸਨ। ਉਸ ਨੇ ਵਿਕਾਸ ਨਾਂ ਦੀ ਆਈ.ਡੀ. ’ਤੇ 2 ਕਮਰੇ ਬੁੱਕ ਕਰਵਾਏ ਸਨ। ਆਪਣੇ-ਆਪ ਨੂੰ ਆਈ.ਏ.ਐੱਸ. ਅਫ਼ਸਰ ਦੱਸਣ ਵਾਲਾ ਕਰੀਬ ਚਾਰ ਦਿਨ ਹੋਟਲ ’ਚ ਰਹਿ ਕੇ 28 ਫਰਵਰੀ ਨੂੰ ਉੱਥੋਂ ਚਲਾ ਗਿਆ ਜਦਕਿ ਉਸ ਨਾਲ ਆਏ ਦੋਵੇਂ ਵਿਅਕਤੀ ਹੋਟਲ ’ਚ ਹੀ ਰਹਿ ਰਹੇ ਸਨ।
ਇਹ ਵੀ ਪੜ੍ਹੋ- ''ਤੇਰਾ ਕੇਸ ਰਫ਼ਾ-ਦਫ਼ਾ ਕਰਵਾ ਦਿਆਂਗੇ....'' ਕਹਿ ਕੇ ਵੱਡਾ ਕਾਂਡ ਕਰਨ ਨੂੰ ਫ਼ਿਰਦੇ ਸੀ ਇਹ 'ਪੁਲਸ ਵਾਲੇ'
ਉਸ ਦੀ ਡਿਜ਼ਾਇਰ ਕਾਰ ’ਤੇ ਭਾਰਤ ਸਰਕਾਰ ਲਿਖਿਆ ਹੋਇਆ ਸੀ। ਸ਼ੱਕ ਪੈਣ ’ਤੇ ਹੋਟਲ ਸਟਾਫ ਨੇ ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਉਸ ਬਾਰੇ ਹੋਟਲ ਸਟਾਫ ਵਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ । ਪੁਲਸ ਨੇ ਮੌਕੇ ’ਤੇ ਪੁੱਜ ਕੇ ਉਸ ਕੋਲੋਂ ਜਦੋਂ ਉਸ ਦੀ ਪੁਖ਼ਤਾ ਪਛਾਣ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਲਾਸ-1 ਰੈਂਕ ਦਾ ਅਧਿਕਾਰੀ ਹੋਣ ਸਬੰਧੀ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ। ਉਸ ਨਾਲ ਹੋਟਲ ’ਚ ਰਹਿਣ ਆਏ ਹਰਿਆਣਾ ਦੇ ਨੌਜਵਾਨਾਂ ਨੇ ਦੱਸਿਆ ਕਿ ਪਵਨ ਕੁਮਾਰ ਨੇ ਉਨ੍ਹਾਂ ਨੂੰ ਰੇਲਵੇ ’ਚ ਨੌਕਰੀ ਦਿਵਾਉਣ ਦਾ ਵਾਅਦਾ ਕੀਤਾ ਸੀ, ਇਸ ਕਰ ਕੇ ਹੀ ਉਹ ਇਥੇ ਕਮਰੇ ’ਚ ਉਸ ਨਾਲ ਰਹਿ ਰਹੇ ਸਨ।
ਇਹ ਵੀ ਪੜ੍ਹੋ- ਪੰਜਾਬ 'ਚ ਚੱਲ ਰਿਹਾ ਵੱਡਾ Fraud, ਕਿਤੇ ਤੁਸੀਂ ਤਾਂ ਨਹੀਂ ਲਵਾ ਲਿਆ 'ਚੂਨਾ' !
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e