SKM ’ਚੋਂ ਬਾਹਰ ਕਰਨ ਤੋਂ ਬਾਅਦ ਵੀ ਕਿਸਾਨਾਂ ਲਈ ਸੰਘਰਸ਼ ਕਰਦਾ ਰਹਾਂਗਾ : ਚਢੂਨੀ
Sunday, Jan 30, 2022 - 06:54 PM (IST)
ਦਿੜ੍ਹਬਾ ਮੰਡੀ (ਅਜੈ)-ਸੰਯੁਕਤ ਸੰਘਰਸ਼ ਪਾਰਟੀ ਦੇ ਪ੍ਰਧਾਨ ਅਤੇ ਕਿਸਾਨ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਹੈ ਕਿ ਉਹ ਕਿਸਾਨਾਂ ਲਈ ਸੰਘਰਸ਼ ਕਰਨ ਲਈ ਹਰ ਸਮੇਂ ਤਿਆਰ ਸਨ ਅਤੇ ਤਿਆਰ ਰਹਿਣਗੇ। ਚਢੂਨੀ ਦਿੜ੍ਹਬਾ ਵਿਖੇ ਸੰਯੁਕਤ ਸੰਘਰਸ਼ ਪਾਰਟੀ ਅਤੇ ਸੰਯੁਕਤ ਸਮਾਜ ਮੋਰਚਾ ਦੇ ਸਾਂਝੇ ਉਮੀਦਵਾਰ ਮਾਲਵਿੰਦਰ ਸਿੰਘ ਦੇ ਦਿੜ੍ਹਬਾ ਵਿਖੇ ਦਫਤਰ ਦੇ ਉਦਘਾਟਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਚਢੂਨੀ ਨੇ ਕਿਹਾ ਕਿ ਐੱਸ. ਕੇ. ਐੱਮ. ਨੇ ਉਨ੍ਹਾਂ ਨੂੰ ਮੋਰਚੇ ’ਚੋਂ ਵੱਖ ਕੀਤਾ ਹੈ, ਉਸ ਗੱਲ ਦੀ ਉਨ੍ਹਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਿਹਤਰੀ ਲਈ ਅਤੇ ਉਨ੍ਹਾਂ ਦੀਆਂ ਅਹਿਮ ਮੰਗਾਂ ਲਈ ਹਕੂਮਤਾਂ ਨਾਲ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਖੇਤੀ ਬਿੱਲ ਵਾਪਿਸ ਕਰਵਾਉਣ ਲਈ ਉਨ੍ਹਾਂ ਦੀ ਕਿਸਾਨ ਜਥੇਬੰਦੀ ਨੇ ਵੀ ਲੰਮਾ ਸੰਘਰਸ਼ ਕੀਤਾ, ਜਿਸ ਕਾਰਨ ਸਭ ਤੋਂ ਵੱਧ ਪੁਲਸ ਮਾਮਲੇ ਉਸ ਉਪਰ ਹੀ ਦਰਜ ਹਨ।
ਉਨ੍ਹਾਂ ਕਿਹਾ ਕਿ ਲੁਟੇਰੇ ਲੋਕਾਂ ਨੂੰ ਨੱਥ ਪਾਉਣ ਲਈ ਕਿਸਾਨਾਂ ਦਾ ਰਾਜਭਾਗ ’ਚ ਹਿੱਸੇਦਾਰ ਹੋਣਾ ਬਹੁਤ ਜ਼ਰੂਰੀ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਜੋ ਕਿਸਾਨ ਜਥੇਬੰਦੀਆਂ ਚੋਣਾਂ ’ਚ ਹਿੱਸਾ ਨਹੀਂ ਲੈ ਰਹੀਆਂ, ਇਹ ਬੇਸ਼ੱਕ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ ਪਰ ਜੇਕਰ ਚਿੱਕੜ ਸਾਫ਼ ਕਰਨਾ ਹੈ ਤਾਂ ਉਸ ਨਾਲ ਕੱਪੜੇ ਲਿਬੇੜਨੇ ਹੀ ਪੈਣਗੇ। ਉਮੀਦਵਾਰ ਮਾਲਵਿੰਦਰ ਸਿੰਘ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।