ਮੈਂ ਅੱਜ ਤੱਕ ਕਿਸੇ ਤੋਂ ਰਿਸ਼ਵਤ ਦਾ ਇਕ ਰੁਪਿਆ ਨਹੀਂ ਖਾਧਾ : ਚੰਨੀ
Tuesday, May 23, 2023 - 01:17 PM (IST)
ਸ੍ਰੀ ਚਮਕੌਰ ਸਾਹਿਬ (ਕੌਸ਼ਲ) : ਜੇਕਰ ਮੈਂ ਇਕ ਰੁਪਿਆ ਵੀ ਆਪਣੇ ਭਾਣਜੇ, ਭਤੀਜੇ ਜਾਂ ਕਿਸੇ ਹੋਰ ਰਿਸ਼ਤੇਦਾਰ ਤੋਂ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਰਿਸ਼ਵਤ ਵਜੋਂ ਖਾਧਾ ਹੋਵੇਂ ਤਾਂ ਮੈਂ ਵਾਹਿਗੁਰੂ ਦਾ ਦੇਣਦਾਰ ਹਾਂ। ਇਹ ਗੱਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਪਣੇ ਸਮਰਥਕਾਂ ਅਤੇ ਪੁੱਤਰ ਸਮੇਤ ਸਥਾਨਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਚ ਭਰੇ ਮਨ ਨਾਲ ਕਹੀ। ਉਹ ਮੁੱਖ ਮੰਤਰੀ ਵਲੋਂ ਦਿੱਤੇ ਬਿਆਨ ਕਿ ਚੰਨੀ ਨੇ ਨੌਕਰੀ ਦੇ ਮਾਮਲੇ ਵਿਚ ਦੋ ਕਰੋੜ ਆਪਣੇ ਭਾਣਜੇ ਰਾਹੀਂ ਇਕ ਵਿਅਕਤੀ ਪਾਸੋਂ ਮੰਗੇ ਸਨ ਆਦਿ ਲਾਏ ਝੂਠੇ ਦੋਸ਼ਾਂ ਦੇ ਸਬੰਧ ’ਚ ਇਥੇ ਅਰਦਾਸ ਕਰਨ ਲਈ ਪੁੱਜੇ ਸਨ। ਬਾਅਦ ਵਿਚ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਹ ਅਸਥਾਨ ਹੈ, ਜਿੱਥੇ ਉਨ੍ਹਾਂ ਨੂੰ ਹਮੇਸ਼ਾ ਇਨਸਾਫ਼ ਮਿਲਿਆ ਹੈ ਕਿਉਂਕਿ ਪ੍ਰਮਾਤਮਾ ਸਭ ਜਾਣਦਾ ਹੈ, ਉਨ੍ਹਾਂ ’ਤੇ ਜਦ ਵੀ ਭੀੜ ਪਈ ਹੈ ਤਾਂ ਇਸ ਦਰ ’ਤੇ ਆ ਕੇ ਉਨ੍ਹਾਂ ਦੀ ਅਰਦਾਸ ਕਬੂਲ ਹੋਈ ਹੈ। ਉਨ੍ਹਾਂ ਮੁੱਖ ਮੰਤਰੀ ਵਲੋਂ ਲਾਏ ਦੋਸ਼ਾਂ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਮੇਰੇ ਭਾਣਜੇ ਨੂੰ ਇੰਨੇ ਲੰਬੇ ਸਮੇਂ ਤੋਂ ਜੇਲ ਵਿਚ ਰੱਖਿਆ ਗਿਆ, ਰਿਮਾਂਡ ’ਤੇ ਲਿਆ, ਉਦੋਂ ਅਜਿਹੀ ਕੋਈ ਵੀ ਗੱਲ ਸਾਹਮਣੇ ਕਿਉ ਨਹੀਂ ਆਈ?
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਗੈਸ ਪਾਈਪ ਹੋਈ ਲੀਕ, ਕੰਪਨੀ ਨੇ ਤੁਰੰਤ ਕਾਰਵਾਈ ਕਰਦਿਆਂ ਵੱਡਾ ਹਾਦਸਾ ਟਾਲਿਆ
ਪਰ ਸਟੇਜ ’ਤੇ ਗੱਲਾਂ ਬਣਾਉਣ ਵਾਂਗ ਮੁੱਖ ਮੰਤਰੀ ਨੇ ਇਹ ਨਵੀਂ ਗੱਲ ਬਣਾ ਲਈ ਹੈ ਕਿ ਇਕ ਵਿਅਕਤੀ ਨੌਕਰੀ ਲੈਣ ਲਈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੋਲ ਪੁੱਜਾ, ਫੇਰ ਮੇਰੇ ਕੋਲ ਆਇਆ ਅਤੇ ਮੈਂ ਅੱਗੇ ਅਪਣੇ ਭਾਣਜੇ ਕੋਲ ਭੇਜ ਦਿੱਤਾ ਤੇ ‘ਮੇਰੇ ਭਾਣਜੇ ਨੇ ਉਸ ਵਿਅਕਤੀ ਨੂੰ ਦੋ ਉਂਗਲੀਆਂ ਖੜੀਆਂ ਕਰ ਦਿੱਤੀਆਂ, ਤਾਂ ਉਸ ਆਦਮੀ ਨੇ ਪੁੱਛਿਆ ਕੀ ਦੋ ਲੱਖ, ਤਾਂ ਮੇਰੇ ਭਾਣਜੇ ਨੇ ਗੁੱਸੇ ਵਿਚ ਕਿਹਾ ਕਿ ਦੋ ਲੱਖ ਵਿਚ ਕੀ ਨੌਕਰੀ ਮਿਲਦੀ ਹੈ, ਤੂੰ ਦੋ ਕਰੋੜ ਰੁਪਿਆ ਦੇ।’ਚੰਨੀ ਨੇ ਕਿਹਾ ਕਿ ਇਹ ਸਾਰੀ ਕਾਲਪਨਿਕ ਕਹਾਣੀ ਫਿਲਮਾਂ ਵਿਚ ਚੰਗੀ ਲੱਗਦੀ ਹੈ ਜਾਂ ਚੁਟਕਲਿਆਂ ਵਿਚ। ਮੈਂ ਅੱਜ ਤਕ ਕਿਸੇ ਤੋਂ ਰਿਸ਼ਵਤ ਦਾ ਇਕ ਰੁਪਿਆ ਨਹੀਂ ਖਾਧਾ, ਇਸ ਸਬੰਧ ਵਿਚ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਅਤੇ ਨਾਂ ਹੀ ਮੈਂ ਕਿਸੇ ਅਦਾਲਤ ਵਿਚ ਜਾਵਾਂਗਾਂ ਕਿਉਂਕਿ ਰੱਬ ਤੋਂ ਵੱਡੀ ਅਦਾਲਤ ਹੋਰ ਕੋਈ ਨਹੀਂ ਹੋ ਸਕਦੀ। ਮਹਾਰਾਜ ਨੇ ਸਾਰਾ ਇਨਸਾਫ਼ ਆਪ ਹੀ ਕਰ ਦੇਣਾ ਹੈ।
ਇਹ ਵੀ ਪੜ੍ਹੋ : ਟਰਾਂਸਪੋਰਟ ਮੰਤਰੀ ਦੀ ਵੱਡੀ ਕਾਰਵਾਈ, ਕੰਡਕਟਰ ਨੂੰ ਨੌਕਰੀ ਤੋਂ ਫ਼ਾਰਗ ਕਰਨ ਦੇ ਆਦੇਸ਼, ਜਾਣੋ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ