ਬਾਦਲ ਤੇ ਕੈਪਟਨ ਵਿਚਕਾਰ ਸਮਝੌਤਿਆਂ ਦੇ ਮੇਰੇ ਕੋਲ ਪੁਖਤਾ ਸਬੂਤ : ਜਗਮੀਤ ਬਰਾੜ

05/26/2016 12:53:13 PM

ਮਾਛੀਵਾੜਾ ਸਾਹਿਬ, (ਟੱਕਰ)- ਕਾਂਗਰਸ ਪਾਰਟੀ ਤੋਂ ਵੱਖ ਹੋਏ ਪੰਜਾਬ ਦੀ ਰਾਜਨੀਤੀ ਦੇ ਸੀਨੀਅਰ ਆਗੂ ਤੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਪ੍ਰਧਾਨ ਕੈ. ਅਮਰਿੰਦਰ ਸਿੰਘ ਖਿਲਾਫ਼ ਸਿਆਸੀ ਸਮਝੌਤਿਆਂ ਦੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ ਅਤੇ ਦੋਵੇਂ ਆਗੂ ਆਪਣੀ ਪਾਰਟੀ ਦੇ ਵਰਕਰਾਂ ਅਤੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਕੇ ਸਿਆਸੀ ਲਾਭ ਲੈ ਰਹੇ ਹਨ।
ਇਹ ਪ੍ਰਗਟਾਵਾ ਜਗਮੀਤ ਸਿੰਘ ਬਰਾੜ ਵੱਲੋਂ ਮਾਛੀਵਾੜਾ ਨੇੜੇ ਪਿੰਡ ਮਿਲਕੋਵਾਲ ਦੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਗੁਰਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 
ਉਨ੍ਹਾਂ ਕਿਹਾ ਕਿ ਬਾਦਲ ਤੇ ਕੈਪਟਨ ਵਿਚਕਾਰ ਸਭ ਤੋਂ ਵੱਡੇ ਸਿਆਸੀ ਸਮਝੌਤੇ ਦਾ ਸਬੂਤ ਇਹ ਹੈ ਕਿ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਵਿਚ ਉਮੀਦਵਾਰ ਦਾ ਐਲਾਨ ਹੋਣ ਦੇ ਬਾਵਜੂਦ ਵੀ ਕਾਂਗਰਸ ਹਾਈਕਮਾਂਡ ਦੇ ਉਲਟ ਜਾ ਕੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਅਤੇ ਇਹ ਸੀਟ ਅਕਾਲੀ ਦਲ ਦੀ ਝੋਲੀ ਪਾਈ ਗਈ ਅਤੇ ਇਸ ਤੋਂ ਪਹਿਲਾਂ ਬਾਦਲਾਂ ਨੇ ਵੀ ਪਟਿਆਲਾ ਦੀ ਸੀਟ ''ਤੇ ਜ਼ਿਆਦਾ ਚੋਣ ਪ੍ਰਚਾਰ ਨਾ ਕਰਕੇ ਇਹ ਸੀਟ ਕਾਂਗਰਸ ਦੀ ਝੋਲੀ ਪਾਈ ਸੀ। ਇਸ ਤੋਂ ਇਲਾਵਾ ਇਨ੍ਹਾਂ ਦੋਵਾਂ ਆਗੂਆਂ ਵਿਚਕਾਰ ਸਿਆਸੀ ਸਮਝੌਤੇ ਦੇ ਹੋਰ ਵੀ ਕਈ ਪੁਖਤਾ ਸਬੂਤ ਹਨ ਜੋ ਉਹ ਜਨਤਕ ਕਰਦੇ ਰਹਿਣਗੇ।
ਪਿੰਡ ਮਿਲਕੋਵਾਲ ਨੇੜੇ ਸਤਲੁਜ ਦਰਿਆ ''ਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਕੀਤੀ ਜਾ ਰਹੀ ਰੇਤ ਮਾਈਨਿੰਗ ਬਾਰੇ ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਸ਼ਹਿ ''ਤੇ ਪੰਜਾਬ ਨੂੰ ਮਾਫੀਆ ਰਾਜ ਨੇ ਬਰਬਾਦੀ ਕੰਢੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਪੰਜਾਬ ਵਿਚ ਅਕਾਲੀ-ਭਾਜਪਾ ਦੇ ਰਾਜ ''ਚ ਕਿਸਾਨ ਸਿਰਫ 5-5 ਲੱਖ ਰੁਪਏ ਦੇ ਕਰਜ਼ੇ ਲਈ ਖੁਦਕੁਸ਼ੀਆਂ ਕਰ ਰਹੇ ਹਨ, ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਕੋਈ ਵੱਡਾ ਪੈਕੇਜ ਨਾ ਦਿੱਤਾ ਤਾਂ ਕਿਸਾਨੀ ਹਿੱਤਾਂ ਲਈ ਇਕ ਵੱਡਾ ਅੰਦੋਲਨ ਆਰੰਭਿਆ ਜਾਵੇਗਾ। 
ਇਸ ਮੌਕੇ ਉਨ੍ਹਾਂ ਨਾਲ ਮਨਜੀਤ ਸਿੰਘ ਝਲਬੂਟੀ, ਅਮਨਦੀਪ ਸਿੰਘ ਮਾਂਗਟ ਸਾਬਕਾ ਪ੍ਰਧਾਨ ਨਗਰ ਕੌਂਸਲ ਚਮਕੌਰ ਸਾਹਿਬ, ਪਰਮਿੰਦਰ ਸਿੰਘ ਸੇਖੋਂ, ਸੰਦੀਪ ਸਿੰਘ ਜੱਸੜਾਂ, ਜਗਤਾਰ ਸਿੰਘ ਕਾਲਾ ਤੇ ਕ੍ਰਿਪਾਲ ਸਿੰਘ ਗਿੱਲ ਵੀ ਮੌਜੂਦ ਸਨ।


Related News