ਬੰਦ ਕਮਰੇ ’ਚ ਆਈ. ਟੀ. ਇੰਜੀਨੀਅਰ ਦੀ ਮਿਲੀ ਲਾਸ਼

11/28/2022 11:36:03 PM

ਡੇਰਾਬੱਸੀ (ਅਨਿਲ)-ਨਗਰ ਕੌਂਸਲ ਦੇ ਵਾਰਡ ਨੰਬਰ-14 ਅਧੀਨ ਪੈਂਦੇ ਸਰਸਵਤੀ ਵਿਹਾਰ ਵਿਚ ਇਕ ਆਈ. ਟੀ. ਇੰਜੀਨੀਅਰ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਉਸ ਦੀ ਲਾਸ਼ ਸਵੇਰੇ 11 ਵਜੇ ਉਸ ਦੇ ਬੰਦ ਕਮਰੇ ਵਿਚ ਛੱਤ ਦੇ ਪੱਖੇ ਨਾਲ ਬੰਨ੍ਹੀ ਚਾਦਰ ਦੇ ਫਾਹੇ ਨਾਲ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ 25 ਸਾਲਾ ਮਨੂ ਸ਼ਰਮਾ ਵਾਸੀ ਰਿਸੀਕੇਸ਼ ਵਜੋਂ ਹੋਈ ਹੈ, ਜੋ ਇਥੇ ਮੁਥੂਟ ਫਾਈਨਾਂਸ ਵਿਚ ਆਈ. ਟੀ. ਹੈੱਡ ਸੀ। ਘਟਨਾ ਸਥਾਨ ਤੋਂ ਕੋਈ ਸੁਸਾਈਡ ਨੋਟ ਨਾ ਮਿਲਣ ਕਾਰਨ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮਨੂ ਸ਼ਰਮਾ ਪੁੱਤਰ ਹਰਿੰਦਰ ਸਰਮਾ ਵਾਸੀ ਗੰਗਾਨਗਰ, ਰਿਸ਼ੀਕੇਸ਼ ਉਤਰਾਖੰਡ, ਜੋ ਇਕ ਸਾਲ ਤੋਂ ਇਥੇ ਗਲੀ ਨੰਬਰ-7 ਵਿਚ ਕਿਰਾਏ ’ਤੇ ਰਹਿ ਰਿਹਾ ਸੀ। ਉਸ ਦੀ ਕੰਪਨੀ ਦੇ ਸਾਥੀਆਂ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਬੀਮਾਰ ਪਰਿਵਾਰਕ ਮੈਂਬਰਾਂ ਦਾ ਹਾਲ-ਚਾਲ ਪੁੱਛਣ ਲਈ ਰਿਸ਼ੀਕੇਸ਼ ਜਾਣ ਦਾ ਕਹਿ ਕੇ ਛੁੱਟੀ ਲੈ ਕੇ ਗਿਆ ਸੀ ਪਰ ਘਰ ਨਹੀਂ ਪਹੁੰਚਿਆ। ਸੋਮਵਾਰ ਸਵੇਰੇ ਜਦੋਂ ਕਮਰੇ ਦੀ ਸਫਾਈ ਅਤੇ ਮੁਰੰਮਤ ਲਈ ਦਰਵਾਜ਼ਾ ਖੜਕਾਇਆ ਗਿਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਰੋਸ਼ਨਦਾਨ ’ਚੋਂ ਝਾਤ ਮਾਰਨ ’ਤੇ ਉਸ ਨੂੰ ਪੱਖੇ ਨਾਲ ਲਟਕਦਾ ਦੇਖਿਆ ਗਿਆ। ਪੁਲਸ ਨੂੰ ਇਸ ਦੀ ਸੂਚਨਾ ਦੀ ਦਿੱਤੀ ਗਈ।

ਪੁਲਸ ਦੀ ਮੌਜੂਦਗੀ ’ਚ ਦਰਵਾਜ਼ਾ ਖੋਲ੍ਹਣ ’ਤੇ ਪਤਾ ਲੱਗਿਆ ਕਿ ਉਸ ਨੇ ਖੁਦ ਫਾਹਾ ਲੈਣ ਲਈ ਬੈੱਡ ’ਤੇ ਇਕ ਬਾਲਟੀ ਦੀ ਵਰਤੋਂ ਕੀਤੀ ਸੀ। ਏ. ਐੱਸ. ਆਈ. ਸਤਵੀਰ ਨੇ ਦੱਸਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਲਾਸ਼ ਵੀ ਦੋ ਦਿਨ ਪੁਰਾਣੀ ਜਾਪਦੀ ਹੈ। ਫਿਲਹਾਲ ਉਸ ਦੀ ਮ੍ਰਿਤਕ ਦੇਹ ਨੂੰ ਡੇਰਾਬੱਸੀ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ ਹੈ ਅਤੇ ਉਸ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।


Manoj

Content Editor

Related News