ਦੋ ਬੱਚਿਆਂ ਦੀ ਮਾਂ ਨੂੰ ਗੈਰ-ਮਰਦ ਨਾਲ ਹੋ ਗਿਆ ਪਿਆਰ! ਪਤੀ ਨੂੰ ਰਾਹ ''ਚੋਂ ਹਟਾਉਣ ਲਈ...

Monday, Jun 01, 2026 - 06:45 PM (IST)

ਦੋ ਬੱਚਿਆਂ ਦੀ ਮਾਂ ਨੂੰ ਗੈਰ-ਮਰਦ ਨਾਲ ਹੋ ਗਿਆ ਪਿਆਰ! ਪਤੀ ਨੂੰ ਰਾਹ ''ਚੋਂ ਹਟਾਉਣ ਲਈ...

ਲੁਧਿਆਣਾ (ਗੌਤਮ/ਰਾਜ): ਸ਼ਹਿਰ ਦੇ ਲੋਹਾਰਾ ਇਲਾਕੇ ਵਿਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ, ਜਿਸ ਨੇ ਕਾਨੂੰਨ ਵਿਵਸਥਾ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਥੇ ਇਕ ਪਤਨੀ ਨੇ ਆਪਣੇ ਨਾਜਾਇਜ਼ ਸਬੰਧਾਂ ਦੇ ਰਸਤੇ ਵਿਚੋਂ ਪਤੀ ਨੂੰ ਹਟਾਉਣ ਲਈ ਖ਼ੌਫ਼ਨਾਕ ਸਾਜ਼ਿਸ਼ ਰਚੀ। ਮਹਿਲਾ ਨੇ ਆਪਣੇ ਪ੍ਰੇਮੀ ਅਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਸੜਕ ਵਿਚਾਲੇ ਆਪਣੇ ਹੀ ਪਤੀ 'ਤੇ ਤੇਜ਼ਧਾਰ ਹਥਿਆਰਾਂ (ਦਾਤਰ ਅਤੇ ਗੰਡਾਸੇ) ਨਾਲ ਜਾਨਲੇਵਾ ਹਮਲਾ ਕਰ ਦਿੱਤਾ।

ਵਾਰਦਾਤ ਦੀ CCTV ਫੁਟੇਜ ਆਈ ਸਾਹਮਣੇ

ਇਸ ਵਾਰਦਾਤ ਦੀ ਇਕ ਸੀ.ਸੀ.ਟੀ.ਵੀ. (CCTV) ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਮਹਿਲਾਵਾਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੀਆਂ ਇੱਕ ਨੌਜਵਾਨ ਨੂੰ ਬੇਰਹਿਮੀ ਨਾਲ ਵੱਢਦੀਆਂ ਨਜ਼ਰ ਆ ਰਹੀਆਂ ਹਨ। ਵਾਰਦਾਤ ਵਿਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੌਜਵਾਨ ਨੂੰ ਲਹੂ-ਲੁਹਾਨ ਹਾਲਤ ਵਿਚ ਇਲਾਜ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ।

ਪੀੜਤ ਨੌਜਵਾਨ ਦੀ ਪਛਾਣ ਯੁਵਰਾਜ (ਨਿਵਾਸੀ ਲੋਹਾਰਾ) ਵਜੋਂ ਹੋਈ ਹੈ। ਪੀੜਤ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਦੋ ਮਾਸੂਮ ਬੱਚੇ ਹਨ। ਉਸ ਅਨੁਸਾਰ, ਕੁਝ ਮਹੀਨੇ ਪਹਿਲਾਂ ਉਸ ਦੀ ਪਤਨੀ ਦੇ ਕਿਸੇ ਹੋਰ ਮਰਦ ਨਾਲ ਨਾਜਾਇਜ਼ ਸਬੰਧ ਬਣ ਗਏ, ਜਿਸ ਤੋਂ ਬਾਅਦ ਘਰ ਨਰਕ ਬਣ ਗਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਪਤਨੀ ਨੇ ਯੁਵਰਾਜ ਨੂੰ ਉਸ ਦੇ ਆਪਣੇ ਹੀ ਘਰ ਵਿਚੋਂ ਧੱਕੇ ਮਾਰ ਕੇ ਕੱਢ ਦਿੱਤਾ ਅਤੇ ਘਰ ਵਿਚ ਰੱਖਿਆ ਲੱਖਾਂ ਰੁਪਏ ਦਾ ਸੋਨਾ ਆਪਣੇ ਪ੍ਰੇਮੀ ਨੂੰ ਸੌਂਪ ਦਿੱਤਾ। ਪਤਨੀ ਹੁਣ ਉਸ 'ਤੇ ਤਲਾਕ ਦੇਣ ਲਈ ਦਬਾਅ ਪਾ ਰਹੀ ਸੀ, ਪਰ ਬੱਚਿਆਂ ਦੇ ਭਵਿੱਖ ਦੀ ਖ਼ਾਤਰ ਯੁਵਰਾਜ ਤਿਆਰ ਨਹੀਂ ਸੀ, ਜਿਸ ਕਾਰਨ ਉਸ ਨੂੰ ਰਸਤੇ ਵਿਚੋਂ ਹਟਾਉਣ ਦੀ ਯੋਜਨਾ ਬਣਾਈ ਗਈ।

ਸੱਸ ਅਤੇ ਸਾਲੀ ਵੱਲੋਂ ਬੇਰਹਿਮੀ ਨਾਲ ਹਮਲਾ

ਮੁਲਜ਼ਮਾਂ ਦੇ ਹੌਸਲੇ ਇੰਨੇ ਬੁਲੰਦ ਸਨ ਕਿ ਉਨ੍ਹਾਂ ਨੇ ਯੁਵਰਾਜ 'ਤੇ ਲਗਾਤਾਰ ਦੋ ਦਿਨ ਜਾਨਲੇਵਾ ਹਮਲੇ ਕੀਤੇ। ਸ਼ਨੀਵਾਰ ਦੇਰ ਸ਼ਾਮ ਜਦੋਂ ਯੁਵਰਾਜ ਲੋਹਾਰਾ ਇਲਾਕੇ ਵਿਚ ਸੀ, ਤਾਂ ਉਸ ਦੀ ਪਤਨੀ, ਪ੍ਰੇਮੀ, ਸੱਸ, ਸਾਲੀ ਅਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਘੇਰ ਲਿਆ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ, ਉਸ ਦੀ ਸੱਸ ਅਤੇ ਸਾਲੀ ਨੇ ਹੱਥਾਂ ਵਿਚ ਫੜੇ ਦਾਤਰ ਅਤੇ ਗੰਡਾਸੇ ਨਾਲ ਉਸ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਵੀਡੀਓ ਵਿਚ ਸਾਫ਼ ਦਿਖ ਰਿਹਾ ਹੈ ਕਿ ਇਕ ਬਜ਼ੁਰਗ ਮਹਿਲਾ (ਸੱਸ) ਅਤੇ ਇਕ ਹੋਰ ਮਹਿਲਾ (ਸਾਲੀ) ਪਹਿਲਾਂ ਉਸ ਨੂੰ ਲੱਤਾਂ-ਮੁੱਕਿਆਂ ਨਾਲ ਬੇਰਹਿਮੀ ਨਾਲ ਕੁੱਟਦੀਆਂ ਹਨ ਅਤੇ ਫਿਰ ਦਾਤਰ-ਗੰਡਾਸਿਆਂ ਨਾਲ ਲਗਾਤਾਰ ਵਾਰ ਕਰਦੀਆਂ ਹਨ। ਇਸ ਖ਼ੂਨੀ ਖੇਡ ਤੋਂ ਬਾਅਦ ਪੂਰੇ ਲੋਹਾਰਾ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਫ਼ਿਲਹਾਲ ਇਨ੍ਹਾਂ ਦੋਸ਼ਾਂ ਬਾਰੇ ਦੂਜੀ ਧਿਰ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਇਸ ਪੂਰੇ ਮਾਮਲੇ ਸਬੰਧੀ ਜਦੋਂ ਥਾਣਾ ਡਾਬਾ ਦੇ ਐੱਸ.ਐੱਚ.ਓ. (SHO) ਪਰਮਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਘਟਨਾ ਦੀ ਵੀਡੀਓ ਅਤੇ ਸੀ.ਸੀ.ਟੀ.ਵੀ. ਫੁਟੇਜ ਹੁਣ ਪੁਲਸ ਦੇ ਧਿਆਨ ਵਿਚ ਆ ਚੁੱਕੀ ਹੈ। ਫਿਲਹਾਲ ਪੀੜਤ ਪਰਿਵਾਰ ਦੀ ਸ਼ਿਕਾਇਤ ਅਤੇ ਸੀ.ਸੀ.ਟੀ.ਵੀ. ਦੇ ਪੁਖ਼ਤਾ ਸਬੂਤਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
 


author

Anmol Tagra

Content Editor

Related News