ਲੋਹੜੀ ਦੀ ਰਾਤ ਪਤੀ-ਪਤਨੀ ਲਈ ਬਣੀ ਆਖਰੀ ਰਾਤ, ਸਵੇਰੇ ਦਰਵਾਜ਼ਾ ਖੋਲ੍ਹਣ 'ਤੇ ਸਭ ਦੇ ਉੱਡੇ ਹੋਸ਼
Sunday, Jan 15, 2023 - 01:01 PM (IST)
ਲੁਧਿਆਣਾ (ਰਾਜ) : ਲੋਹੜੀ ਦਾ ਤਿਉਹਾਰ ਹਰ ਪਰਿਵਾਰ ਲਈ ਖ਼ੁਸ਼ੀਆਂ ਲੈ ਕੇ ਆਉਂਦਾ ਹੈ ਪਰ ਇਕ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਲੋਹੜੀ ਦੀ ਰਾਤ ਨੂੰ ਅੱਗ ਬਾਲ ਕੇ ਅੱਧਖੜ ਉਮਰ ਦਾ ਜੋੜਾ ਕਮਰਾ ਬੰਦ ਕਰ ਕੇ ਸੌਂ ਗਿਆ। ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਰਾਤ ਹੋਵੇਗੀ। ਅੱਗ ’ਚੋਂ ਨਿਕਲੀ ਖ਼ਤਰਨਾਕ ਗੈਸ ਕਾਰਨ ਦੋਵੇਂ ਪਤੀ-ਪਤਨੀ ਦਾ ਦਮ ਘੁੱਟ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ। ਸਾਰੀ ਰਾਤ ਉਨ੍ਹਾਂ ਦੀਆਂ ਲਾਸ਼ਾਂ ਕਮਰੇ ’ਚ ਪਈਆਂ ਰਹੀਆਂ। ਅਗਲੀ ਸਵੇਰ ਜਦੋਂ ਉਨ੍ਹਾਂ ਦਾ ਜਾਣਕਾਰ ਬੁਲਾਉਣ ਆਇਆ ਤਾਂ ਅੰਦਰੋਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਬੁਲਾ ਕੇ ਦਰਵਾਜ਼ਾ ਤੋੜਿਆ ਤਾਂ ਅੰਦਰ ਪਤੀ-ਪਤਨੀ ਦੀਆਂ ਲਾਸ਼ਾਂ ਪਈਆਂ ਸਨ। ਦੋਵੇਂ ਲਾਸ਼ਾਂ ਆਕੜ ਚੁੱਕੀਆਂ ਸਨ।
ਇਹ ਵੀ ਪੜ੍ਹੋ- ਸੁਖਬੀਰ ਬਾਦਲ ਦਾ ਵੱਡਾ ਬਿਆਨ, ਕਾਂਗਰਸ ਤੇ ਗਾਂਧੀ ਪਰਿਵਾਰ ਨੇ ਪੰਜਾਬ ਅਤੇ ਸਿੱਖ ਕੌਮ ਦਾ ਕੀਤਾ ਸਭ ਤੋਂ ਵੱਧ ਨੁਕਸਾਨ
ਸੂਚਨਾ ਮਿਲਣਾ ’ਤੇ ਥਾਣਾ ਡਵੀਜ਼ਨ ਨੰ. 5 ਅਤੇ ਚੌਕੀ ਕੋਚਰ ਮਾਰਕੀਟ ਦੀ ਪੁਲਸ ਮੌਕੇ ’ਤੇ ਪੁੱਜੀ। ਮ੍ਰਿਤਕ ਸਤੀਸ਼ ਕੁਮਾਰ (55) ਅਤੇ ਉਸ ਦੀ ਪਤਨੀ ਅਨੀਤਾ ਦੇਵੀ (50) ਹੈ। ਪੁਲਸ ਨੇ ਜੋੜੇ ਦੀਆਂ ਲਾਸ਼ਾਂ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ’ਚ ਰੱਖਵਾ ਦਿੱਤੀਆਂ ਹਨ। ਜਾਣਕਾਰੀ ਮੁਤਾਬਕ ਰਾਜੀਵ ਭਾਰਦਵਾਜ ਦਾ ਸਾਊਥ ਮਾਡਲ ਗ੍ਰਾਮ ਦੀ ਪ੍ਰਕਾਸ਼ ਕਾਲੋਨੀ ’ਚ 3 ਮੰਜ਼ਿਲਾ ਗੋਦਾਮ ਹੈ। ਉਸ ਦੀ ਤੀਜੀ ਮੰਜ਼ਿਲ ’ਤੇ ਡਰਾਈਵਰ ਸਤੀਸ਼ ਕੁਮਾਰ ਆਪਣੀ ਪਤਨੀ ਦੇ ਨਾਲ ਰਹਿੰਦਾ ਹੈ। ਰਾਜੀਵ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਗੋਦਾਮ ਤੋਂ ਮਾਲ ਲੋਡ ਕਰ ਕੇ ਭੇਜਣਾ ਸੀ। ਇਸ ਲਈ ਉਹ ਸ਼ਨੀਵਾਰ ਸਵੇਰ ਤੀਜੀ ਮੰਜ਼ਿਲ ’ਤੇ ਰਹਿ ਰਹੇ ਸਤੀਸ਼ ਨੂੰ ਬੁਲਾਉਣ ਗਿਆ ਤਾਂ ਉਸ ਦੇ ਕਮਰੇ ਦਾ ਦਰਵਾਜ਼ਾ ਬੰਦ ਸੀ। ਉਸ ਨੇ ਗੇਟ ਖੜਕਾਇਆ ਪਰ ਅੰਦਰੋਂ ਕੋਈ ਆਵਾਜ਼ ਨਹੀਂ ਆਈ।
ਇਹ ਵੀ ਪੜ੍ਹੋ- 2 ਬੱਚਿਆਂ ਦੇ ਪਿਓ ਨੇ ਕੀਤੀ ਸ਼ਰਮਨਾਕ ਕਰਤੂਤ, ਕੜਾਕੇ ਦੀ ਠੰਡ 'ਚ ਬੱਚਿਆਂ ਸਮੇਤ ਥਾਣੇ ਅੱਗੇ ਮਾਂ ਨੇ ਲਾਇਆ ਧਰਨਾ
ਇਸ ਤੋਂ ਬਾਅਦ ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਬੁਲਾ ਕੇ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਮੰਜਰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਅੰਦਰ ਸਤੀਸ਼ ਅਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਪਈਆਂ ਹੋਈਆਂ ਸਨ। ਉਸ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਉਧਰ ਚੌਕੀ ਇੰਚਾਰਜ ਏ. ਐੱਸ. ਆਈ. ਭੀਸ਼ਣ ਸੇਠ ਅਤੇ ਜਾਂਚ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਕਮਰੇ ਦੇ ਅੰਦਰ ਅੱਗ ਬਾਲੀ ਹੋਈ ਸੀ ਅਤੇ ਕਮਰਾ ਅੰਦਰੋਂ ਬੰਦ ਕੀਤਾ ਹੋਇਆ ਸੀ, ਜਿਸ ਤੋਂ ਸਾਫ਼ ਪਤਾ ਲਗਦਾ ਹੈ ਕਿ ਅੱਗ ਤੋਂ ਉੱਠਣ ਵਾਲੀ ਗੈਸ ਕਾਰਨ ਦੋਵਾਂ ਦਾ ਦਮ ਘੁੱਟ ਗਿਆ ਅਤੇ ਦੋਵਾਂ ਦੀ ਮੌਤ ਹੋ ਗਈ। ਮ੍ਰਿਤਕ ਜੋੜੇ ਦੇ ਇਕ ਮੁੰਡਾ ਤੇ ਇਕ ਕੁੜੀ ਹੈ। ਕੁੜੀ ਵਿਆਹੀ ਹੋਈ ਹੈ, ਜਦਕਿ ਮੁੰਡਾ ਪੜ੍ਹਨ ਲਈ ਇਲਾਹਾਬਾਦ ਗਿਆ ਹੋਇਆ ਹੈ। ਉਨ੍ਹਾਂ ਨੂੰ ਸੂਚਨਾ ਭੇਜ ਦਿੱਤੀ ਗਈ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।