ਨਾਜਾਇਜ਼ ਸਬੰਧਾਂ ਕਾਰਨ ਪਤੀ-ਪਤਨੀ ਵੱਲੋਂ ਖੁਦਕੁਸ਼ੀ, ਬੱਚੀ ਹੋਈ ਅਨਾਥ

Monday, Mar 05, 2018 - 07:18 AM (IST)

ਮੌੜ ਮੰਡੀ (ਪ੍ਰਵੀਨ) - ਨਾਜਾਇਜ਼ ਸਬੰਧਾਂ ਦੇ ਕਾਰਨ ਪਿੰਡ ਘੁੰਮਣ ਕਲਾਂ ਦਾ ਇਕ ਪਰਿਵਾਰ ਪੂਰੀ ਤਰ੍ਹਾਂ ਉਜੜ ਗਿਆ। ਪਹਿਲਾਂ ਪਤਨੀ ਵੱਲੋਂ ਅਤੇ ਬਾਅਦ 'ਚ ਪਤੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਅਤੇ ਦੋਵਾਂ ਦੀ ਪੁੱਤਰੀ ਰੁਹਾਨੀ ਅਨਾਥ ਹੋ ਗਈ। ਬੀਤੇ ਦਿਨ ਹਰਮੀਤ ਕੌਰ ਪਤਨੀ ਗੁਰਜੀਤ ਸਿੰਘ ਵਾਸੀ ਘੁੰਮਣ ਕਲਾਂ ਵੱਲੋਂ ਅੱਗ ਲਾ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਸਬੰਧੀ ਲੜਕੀ ਦੇ ਪਰਿਵਾਰ ਵੱਲੋਂ ਥਾਣਾ ਮੌੜ ਵਿਖੇ ਦਰਖਾਸਤ ਦਿੱਤੀ ਗਈ ਸੀ। ਇਸ ਦੇ ਕੁਝ ਦਿਨ ਬਾਅਦ ਹਰਮੀਤ ਕੌਰ ਦੇ ਪਤੀ ਗੁਰਜੀਤ ਸਿੰਘ ਨੇ ਵੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਅਤੇ ਇਸ ਸਬੰਧੀ ਪੁਲਸ ਨੇ ਗੁਰਜੀਤ ਸਿੰਘ ਦੇ ਪਰਿਵਾਰ ਦੀ ਸ਼ਿਕਾਇਤ 'ਤੇ ਲੜਕੀ ਦੇ ਪੇਕੇ ਪਰਿਵਾਰ ਦੇ ਮੈਂਬਰਾਂ 'ਤੇ ਪਰਚਾ ਦਰਜ ਕਰ ਲਿਆ। ਪੁਲਸ ਪ੍ਰਸ਼ਾਸਨ ਵੱਲੋਂ ਲੜਕੀ ਦੇ ਸਹੁਰੇ ਪਰਿਵਾਰ ਅਤੇ ਹੋਰ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਕਾਰਵਾਈ ਨਾ ਕੀਤੇ ਜਾਣ ਤੋਂ ਖਫ਼ਾ ਲੜਕੀ ਦੇ ਮਾਪੇ ਪੱਤਰਕਾਰਾਂ ਨੂੰ ਮਿਲੇ ਤੇ ਆਪਣੀ ਦਰਦ ਭਰੀ ਦਾਸਤਾਨ ਸੁਣਾਈ।
 ਹਰਬੰਸ ਸਿੰਘ ਵਾਸੀ ਜੋਧਪੁਰ ਪਾਖਰ ਨੇ ਦੱਸਿਆ ਕਿ ਉਸ ਦੀ ਲੜਕੀ ਹਰਮੀਤ ਕੌਰ ਦਾ ਵਿਆਹ ਲਗਭਗ 10 ਸਾਲ ਪਹਿਲਾਂ ਗੁਰਜੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਘੁੰਮਣ ਕਲਾਂ ਨਾਲ ਹੋਇਆ ਸੀ। ਇਸ ਦੌਰਾਨ ਉਸ ਦੇ ਜਵਾਈ ਗੁਰਜੀਤ ਸਿੰਘ ਦੇ ਪਿੰਡ ਦੀ ਹੀ ਇਕ ਹੋਰ ਔਰਤ ਨਾਲ ਨਾਜਾਇਜ਼ ਸਬੰਧ ਬਣ ਗਏ, ਜਿਸ 'ਤੇ ਹਰਮੀਤ ਕੌਰ ਨੂੰ ਇਤਰਾਜ਼ ਸੀ, ਜਿਸ ਕਾਰਨ ਗੁਰਜੀਤ ਸਿੰਘ ਦੇ ਨਾਲ-ਨਾਲ ਉਸ ਦੇ ਪਰਿਵਾਰਕ ਮੈਂਬਰ ਵੀ ਹਰਮੀਤ ਕੌਰ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਮਰਨ ਲਈ ਉਕਸਾਉਂਦੇ ਸਨ। ਅਖੀਰ ਤੰਗ ਆ ਕੇ ਹਰਮੀਤ ਕੌਰ ਨੇ 3 ਫਰਵਰੀ ਨੂੰ ਆਪਣੇ ਆਪ ਨੂੰ ਅੱਗ ਲਾ ਲਈ, ਜਿਸ ਦਾ ਇਲਾਜ ਸਰਕਾਰੀ ਹਸਪਤਾਲ ਮਾਨਸਾ ਅਤੇ ਡੀ. ਐੱਮ. ਸੀ. ਲੁਧਿਆਣਾ ਤੋਂ ਚੱਲਿਆ ਅਤੇ ਅਖੀਰ ਬਠਿੰਡਾ ਦੇ ਹਸਪਤਾਲ ਵਿਖੇ ਉਸ ਦੀ ਪੁੱਤਰੀ ਦੀ ਮੌਤ ਹੋ ਗਈ।
 ਹਰਬੰਸ ਸਿੰਘ ਨੇ ਦੱਸਿਆ ਕਿ ਲੜਕੀ ਦੇ ਫੁੱਲ ਪਾਉਣ ਉਪਰੰਤ ਜਦ ਅਸੀਂ ਲੜਕੀ ਦਾ ਸਾਮਾਨ ਦੇਖ ਰਹੇ ਸੀ ਤਾਂ ਇਸੇ ਦੌਰਾਨ ਸਾਨੂੰ ਸਾਮਾਨ 'ਚੋਂ ਹਰਮੀਤ ਕੌਰ ਵੱਲੋਂ ਲਿਖਿਆ ਗਿਆ ਖੁਦਕਸ਼ੀ ਨੋਟ ਮਿਲਿਆ, ਜਿਸ 'ਚ ਉਸ ਨੇ ਆਪਣੀ ਮੌਤ ਦੇ ਕਾਰਨਾਂ, ਉਸ ਨਾਲ ਹੁੰਦੇ ਅੱਤਿਆਚਾਰਾਂ ਅਤੇ ਜ਼ਿੰਮੇਵਾਰ ਵਿਅਕਤੀਆਂ ਬਾਰੇ ਪੂਰੇ ਵਿਸਥਾਰ ਨਾਲ ਲਿਖਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮੈਂ ਖੁਦਕੁਸ਼ੀ ਨੋਟ ਅਤੇ ਇਕ ਲਿਖਤੀ ਦਰਖਾਸਤ ਥਾਣਾ ਮੌੜ ਵਿਖੇ ਦਿੱਤੀ ਹੈ ਤਾਂ ਜੋ ਮੇਰੀ ਲੜਕੀ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹੋ ਸਕੇ ਪਰ ਮੇਰੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।
 ਹਰਬੰਸ ਸਿੰਘ ਨੇ ਇਹ ਵੀ ਦੱਸਿਆ ਕਿ ਉਸ ਦੀ ਲੜਕੀ ਵੱਲੋਂ ਲਿਖੇ ਖੁਦਕਸ਼ੀ ਨੋਟ ਦੇ ਮਿਲਣ ਤੋਂ ਬਾਅਦ ਕਾਨੂੰਨੀ ਕਾਰਵਾਈ ਤੋਂ ਡਰਦੇ ਹੋਏ ਉਸ ਦੇ ਜਵਾਈ ਗੁਰਜੀਤ ਸਿੰਘ ਨੇ ਵੀ ਖੁਦਕੁਸ਼ੀ ਕਰ ਲਈ ਹੈ। ਹਰਮੀਤ ਕੌਰ ਦੀ ਹੋਈ ਮੌਤ ਸਬੰਧੀ ਤਾਂ ਪੁਲਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਪਰ ਗੁਰਜੀਤ ਸਿੰਘ ਦੀ ਮੌਤ ਹੋ ਜਾਣ ਤੋਂ ਤੁਰੰਤ ਬਾਅਦ ਹੀ ਸਾਡੇ ਪਰਿਵਾਰਕ ਮੈਂਬਰਾਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ। ਉਸ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਮੇਰੀ ਲੜਕੀ ਦੇ ਸਹੁਰੇ ਪਰਿਵਾਰ ਦੀ ਮਦਦ ਕਰ ਰਿਹਾ ਹੈ, ਜਦੋਂ ਕਿ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮਾਮਲੇ ਦੀ ਉਚ ਪੱਧਰੀ ਜਾਂਚ ਕਰ ਕੇ ਮੇਰੀ ਪੁੱਤਰੀ ਹਰਮੀਤ ਕੌਰ, ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਅਸਲ ਦੋਸ਼ੀ ਵਿਅਕਤੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਉਸ ਔਰਤ ਖਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇ, ਜਿਸ ਕਾਰਨ ਉਸ ਦੀ ਬੇਟੀ ਦਾ ਹਸਦਾ-ਖੇਡਦਾ ਪਰਿਵਾਰ ਉਜੜਿਆ ਹੈ।
 ਇਸ ਸਬੰਧੀ ਲੜਕੀ ਦੇ ਭਰਾ ਅੰਮ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਨੂੰ ਉਹ ਆਡੀਓ ਰਿਕਾਰਡਿੰਗ ਵੀ ਸੁਣਾਈ, ਜਿਸ ਵਿਚ ਉਸ ਦੀ ਭੈਣ ਹਰਮੀਤ ਕੌਰ ਉਸ ਨੂੰ ਰੋਂਦੇ ਹੋਏ ਇਸ ਦੁਨੀਆ ਨੂੰ ਛੱਡਣ ਦੀ ਗੱਲ ਕਰ ਰਹੀ ਹੈ ਅਤੇ ਲਿਖੇ ਗਏ ਖੁਦਕਸ਼ੀ ਨੋਟ ਬਾਰੇ ਵੀ ਦੱਸ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੇ ਫੋਨ ਤੋਂ ਬਾਅਦ ਜਦ ਮੈਂ ਉਸ ਦੇ ਸਹੁਰੇ ਘਰ ਪੁੱਜਾ ਤਾਂ ਉਹ ਅੱਗ ਨਾਲ ਬੁਰੀ ਤਰ੍ਹਾ ਜਲ ਚੁੱਕੀ ਸੀ।
 ਇਹ ਵੀ ਦੱਸਣਾ ਬਣਦਾ ਹੈ ਕਿ ਗੁਰਮੀਤ ਕੌਰ ਵੱਲੋਂ ਲਿਖੇ ਗਏ ਖੁਦਕਸ਼ੀ ਨੋਟ ਵਿਚ ਉਹ ਆਪਣੀ ਬੱਚੀ ਰੁਹਾਨੀ ਤੋਂ ਮੁਆਫ਼ੀ ਮੰਗਦੇ ਹੋਏ ਉਸ ਨੂੰ ਮਿਸ ਕਰਨ ਬਾਰੇ ਲਿਖ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਖੁਦਕੁਸ਼ੀ ਨੋਟ ਵਿਚ ਆਪਣੀ ਮੌਤ ਦੇ ਕਾਰਨਾਂ ਅਤੇ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਵੀ ਲਿਖਿਆ ਹੈ।
 ਇਸ ਮੌਕੇ ਲੜਕੀ ਦਾ ਪਿਤਾ ਹਰਬੰਸ ਸਿੰਘ, ਮੰਦਰ ਸਿੰਘ ਤਾਇਆ, ਮਲਕੀਤ ਸਿੰਘ ਚਾਚਾ, ਜਗਮੀਤ ਸਿੰਘ ਭਰਾ, ਅੰਮ੍ਰਿਤਪਾਲ ਸਿੰਘ ਭਰਾ, ਲੀਲਾ ਸਿੰਘ, ਜਸਵਿੰਦਰ ਸਿੰਘ, ਬਲਤੇਜ ਸਿੰਘ, ਰਣਜੀਤ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ ਆਦਿ ਮੌਜੂਦ ਸਨ।
 ਇਸ ਸਬੰਧੀ ਮ੍ਰਿਤਕ ਗੁਰਜੀਤ ਸਿੰਘ ਦੇ ਭਰਾ ਅਤੇ ਮ੍ਰਿਤਕ ਲੜਕੀ ਹਰਮੀਤ ਕੌਰ ਦੇ ਫੁੱਫੜ ਗੁਰਪ੍ਰੀਤ ਸਿੰਘ ਨੇ ਆਪਣਾ ਪੱਖ ਦੱਸਦੇ ਹੋਏ ਇਹ ਗੱਲ ਮੰਨੀ ਕਿ ਦੋਵਾਂ ਦੇ ਕਲੇਸ਼ ਅਤੇ ਮੌਤ ਦਾ ਕਾਰਨ ਭਾਵੇਂ ਨਾਜਾਇਜ਼ ਸਬੰਧ ਸਨ ਪਰ ਹੁਣ ਸਾਡੇ ਲੜਕੇ ਨੇ ਉਸ ਔਰਤ ਤੋਂ ਕਿਨਾਰਾ ਕਰ ਲਿਆ ਸੀ ਅਤੇ ਦੋਵੇਂ ਠੀਕ ਰਹਿ ਰਹੇ ਸਨ। ਲੜਕੀ ਨੂੰ ਬਚਾਉਣ ਲਈ ਅਸੀਂ ਦੋਵੇਂ ਪਰਿਵਾਰਾਂ ਨੇ ਰਲ ਕੇ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ। ਹੁਣ ਲੜਕੀ ਦੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਨੂੰ ਝੂਠਾ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਦੋਂ ਕਿ ਰੌਲਾ ਪਤੀ-ਪਤਨੀ ਦਾ ਸੀ। ਲੜਕੀ ਦੀ ਮੌਤ ਤੋਂ ਬਾਅਦ ਹਰਮੀਤ ਕੌਰ ਦੇ ਮਾਪੇ ਅਤੇ ਰਿਸ਼ਤੇਦਾਰ ਗੁਰਜੀਤ ਸਿੰਘ ਨੂੰ ਧਮਕੀਆਂ ਦਿੰਦੇ ਸਨ, ਜਿਸ ਕਾਰਨ ਉਸ ਨੇ ਡਰਦੇ ਹੋਏ ਖੁਦਕੁਸ਼ੀ ਕਰ ਲਈ।  
ਇਸ ਸਬੰਧੀ ਐੱਸ. ਐੱਚ. ਓ. ਮਨੋਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਅਸੀਂ ਦੋਵੇਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


Related News