20 ਲੱਖ ਰੁਪਏ ਖਰਚ ਕੇ ਕੈਨੇਡਾ ਪੁੱਜੇ ਪਤੀ ਨੂੰ ਪਤਨੀ ਨੇ ਧਮਕਾ ਕੇ ਭੇਜਿਆ ਵਾਪਸ

1/19/2020 11:25:34 PM

ਬਠਿੰਡਾ, (ਵਰਮਾ)— ਥਾਣਾ ਦਿਆਲਪੁਰਾ ਪੁਲਸ ਨੇ ਇਕ ਨੌਜਵਾਨ ਦੇ 20 ਲੱਖ ਰੁਪਏ ਖਰਚ ਕਰਵਾ ਕੇ ਉਸ ਨਾਲ ਵਿਆਹ ਕਰਨ ਅਤੇ ਕੈਨੇਡਾ ਪਹੁੰਚ ਕੇ ਉਸਨੂੰ ਡਰਾ ਧਮਕਾ ਕੇ ਵਾਪਸ ਭੇਜਣ ਦੇ ਦੋਸ਼ 'ਚ ਇਕ ਵਿਆਹੁਤਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਗੁਰਪ੍ਰੀਤ ਸਿੰਘ ਵਾਸੀ ਭਗਤਾ ਭਾਈਕਾ ਨੇ ਅਕਤੂਬਰ 2019 ਦੌਰਾਨ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਕੈਨੇਡਾ ਜਾਣਾ ਚਾਹੁੰਦਾ ਸੀ। ਉਸਨੇ ਦੱਸਿਆ ਕਿ ਉਨ੍ਹਾਂ ਨੇ ਇਕ ਅਖਬਾਰ 'ਚ ਇਸ਼ਤਿਹਾਰ ਪੜ੍ਹ ਕੇ ਸੁਮਨਪ੍ਰੀਤ ਕੌਰ ਵਾਸੀ ਦੁੱਲੇਵਾਲਾ ਹਾਲ ਆਬਾਦ ਕੈਨੇਡਾ ਦੇ ਨਾਲ ਵਿਆਹ ਕਰਵਾਉਣ ਲਈ ਗੱਲ ਚਲਾਈ। ਉਕਤ ਲੜਕੀ ਨੇ ਦੱਸਿਆ ਕਿ ਉਹ ਆਈਲੈਟਸ ਪਾਸ ਹੈ ਅਤੇ ਉਸਦੇ ਨਾਲ ਵਿਆਹ ਕਰ ਕੇ ਉਸਨੂੰ ਕੈਨੇਡਾ ਲੈ ਜਾਵੇਗੀ।
ਵਿਆਹ ਅਤੇ ਕੈਨੇਡਾ ਜਾਣ ਦੇ ਲਈ ਉਸਨੇ 20 ਲੱਖ ਰੁਪਏ ਉਕਤ ਲੜਕੀ ਨੂੰ ਦਿੱਤਾ ਅਤੇ ਦੋਵਾਂ ਦਾ ਵਿਆਹ ਹੋ ਗਿਆ। ਵਿਆਹ ਤੋਂ ਬਾਅਦ ਦੋਵੇਂ ਕੈਨੇਡਾ ਚਲੇ ਗਏ ਪਰ ਉਥੇ ਜਾ ਕੇ ਪਤਾ ਲੱਗਾ ਕਿ ਉਕਤ ਲੜਕੀ ਦਾ ਕਿਸੇ ਹੋਰ ਲੜਕੇ ਨਾਲ ਸਬੰਧ ਹੈ। ਉਕਤ ਲੋਕਾਂ ਨੇ ਉਸਨੂੰ ਡਰਾ-ਧਮਕਾ ਕੇ ਵਾਪਸ ਭੇਜ ਦਿੱਤਾ। ਇੰਝ ਕਰ ਕੇ ਉਕਤ ਲੜਕੀ ਨੇ ਉਸਦੇ ਨਾਲ ਠੱਗੀ ਕੀਤੀ ਹੈ। ਪੁਲਸ ਨੇ ਇਸ ਮਾਮਲੇ ਦੀ ਆਰਥਿਕ ਅਪਰਾਧ ਸ਼ਾਖਾ 'ਚ ਪੜਤਾਲ ਕਰਵਾਈ। ਬਾਅਦ 'ਚ ਡੀ. ਡੀ. ਏ. ਲੀਗਲ ਕੋਲ ਕੇਸ ਭੇਜਿਆ ਗਿਆ, ਜਿਨ੍ਹਾਂ ਨੇ ਦੱਸਿਆ ਕਿ ਉਕਤ ਮਾਮਲਾ ਪਹਿਲੀ ਨਜ਼ਰ ਵਿਚ ਧੋਖਾਦੇਹੀ ਦਾ ਬਣਦਾ ਹੈ। ਇਸ 'ਤੇ ਐੱਸ. ਐੱਸ. ਪੀ. ਥਾਣਾ ਦਿਆਲਪੁਰਾ ਪੁਲਸ ਨੂੰ ਮਾਮਲਾ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਇਸਤੋਂ ਬਾਅਦ ਥਾਣਾ ਦਿਆਲਪੁਰਾ ਪੁਲਸ ਨੇ ਉਕਤ ਸੁਮਨਪ੍ਰੀਤ ਕੌਰ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

This news is Edited By KamalJeet Singh