ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਪੁਲਸ ਜਾਂਚ ਜਾਰੀ
Wednesday, Dec 15, 2021 - 11:12 AM (IST)
ਮੋਗਾ (ਅਜ਼ਾਦ) : ਥਾਣਾ ਚੜਿੱਕ ਦੇ ਅਧੀਨ ਪੈਂਦੇ ਚੁੱਪਕੀਤੀ ਪਿੰਡ ਵਿਚ ਦਿਨ-ਦਿਹਾੜੇ ਪਤੀ ਵੱਲੋਂ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਚੜਿੱਕ ਦੇ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ, ਸਹਾਇਕ ਥਾਣੇਦਾਰ ਦਲਜੀਤ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਉੱਥੇ ਪੁੱਜੇ ਅਤੇ ਮਾਮਲੇ ਦੀ ਜਾਂਚ ਕਰਨ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਨੇ ਕਿਹਾ ਕਿ ਮ੍ਰਿਤਕਾ ਕਰਮਜੀਤ ਕੌਰ (32) ਦਾ ਵਿਆਹ ਬਸੰਤ ਸਿੰਘ ਵਾਸੀ ਪਿੰਡ ਅਖਾੜਾ ਮੋੜ ਕੋਟਕਪੂਰਾ ਦੇ ਨਾਲ ਹੋਇਆ ਸੀ, ਜਿਨ੍ਹਾਂ ਦੇ ਤਿੰਨ ਬੱਚੇ ਹਨ।
ਪਤੀ-ਪਤਨੀ ਦੇ ਵਿਚਕਾਰ ਘਰੇਲੂ ਝਗੜੇ ਦੇ ਚੱਲਦਿਆਂ ਕਰਮਜੀਤ ਕੌਰ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਬੁੱਧ ਸਿੰਘ ਵਾਲਾ ਆ ਕੇ ਰਹਿਣ ਲੱਗੀ। ਉਨ੍ਹਾਂ ਕਿਹਾ ਕਿ 2-3 ਮਹੀਨੇ ਪਹਿਲਾਂ ਪਤੀ-ਪਤਨੀ ਦੇ ਵਿਚਕਾਰ ਤਕਰਾਰ ਖ਼ਤਮ ਹੋਣ ’ਤੇ ਉਸ ਦਾ ਪਤੀ ਵੀ ਪਿੰਡ ਚੁੱਪਕੀਤੀ ਵਿਚ ਆ ਕੇ ਕਿਰਾਏ ਦੇ ਕਮਰੇ ਵਿਚ ਉਸ ਦੇ ਨਾਲ ਰਹਿਣ ਲੱਗਾ। ਉਨ੍ਹਾਂ ਦੱਸਿਆ ਕਿ ਜਦੋਂ ਉਕਤ ਮਕਾਨ ਕੋਲ ਪਾਈਪਾਂ ਪੈ ਰਹੀਆਂ ਸਨ ਤਾਂ ਇਸ ਦੌਰਾਨ ਉੱਥੇ ਸੱਪ ਨਿਕਲ ਆਇਆ। ਇਸ ਤੋਂ ਬਾਅਦ ਲੋਕਾਂ ਨੇ ਰੌਲਾ ਪਾਇਆ ਅਤੇ ਬਸੰਤ ਸਿੰਘ ਨੂੰ ਵੀ ਬਾਹਰ ਆਉਣ ਲਈ ਕਿਹਾ ਪਰ ਉਹ ਬਾਹਰ ਨਹੀਂ ਨਿਕਲਿਆ। ਜਦੋਂ ਉਹ ਬਾਹਰ ਆਇਆ ਤਾਂ ਲੋਕਾਂ ਨੂੰ ਸ਼ੱਕ ਹੋਇਆ ਤਾਂ ਇਸ ਦੌਰਾਨ ਉਹ ਕਮਰੇ ਨੂੰ ਤਾਲਾ ਲਾ ਕੇ ਉਥੋਂ ਭੱਜ ਗਿਆ।
ਲੋਕਾਂ ਨੇ ਜਦੋਂ ਕਮਰੇ ਦਾ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਕਰਮਜੀਤ ਕੌਰ ਦੇ ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਣ ਖੂਨ ਨਾਲ ਲੱਥਪਥ ਲਾਸ਼ ਹੋਈ ਪਈ ਸੀ, ਉਸ ਸਮੇਂ ਉਸ ਦੇ ਬੱਚੇ ਘਰ ਵਿਚ ਮੌਜੂਦ ਨਹੀਂ ਸੀ। ਉਕਤ ਘਟਨਾ ਨੂੰ ਲੈ ਕੇ ਲੋਕਾਂ ਵਿਚ ਹੜਕੰਪ ਮਚ ਗਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਮੁਖੀ ਨੇ ਕਿਹਾ ਕਿ ਮ੍ਰਿਤਕਾ ਦੇ ਭਰਾ ਮਨਦੀਪ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਪਿੰਡ ਬੁੱਧ ਸਿੰਘ ਵਾਲਾ ਦੇ ਬਿਆਨਾਂ ’ਤੇ ਕਥਿਤ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਨੇ ਕਿਹਾ ਕਿ ਲਾਸ਼ ਪੋਸਟਮਾਰਟਮ ਦੇ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਥਾਣਾ ਮੁਖੀ ਨੇ ਕਿਹਾ ਕਿ ਕਥਿਤ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਦੇ ਕਾਬੂ ਆਉਣ ’ਤੇ ਕਤਲ ਦਾ ਕਾਰਨਾਂ ਦਾ ਪਤਾ ਲੱਗ ਸਕੇਗਾ। ਜਲਦੀ ਹੀ ਕਥਿਤ ਦੋਸ਼ੀ ਦੇ ਕਾਬੂ ਆ ਜਾਣ ਦੀ ਸੰਭਾਵਨਾ ਹੈ।