ਮਾਮੂਲੀ ਝਗੜੇ ਮਗਰੋਂ ਪਤਨੀ ਨੇ ਸੱਦੇ ਭਰਾ, ਸਾਲੇ ਕਿਰਪਾਨਾਂ-ਬਰਛੇ ਲੈ ਕੇ ਆਏ ਤਾਂ ਜੀਜੇ ਨੇ ਚੁੱਕਿਆ ਖ਼ੌਫ਼ਨਾਕ ਕਦਮ
Tuesday, May 17, 2022 - 04:39 PM (IST)
ਲੋਹੀਆਂ ਖਾਸ (ਰਾਜਪੂਤ) : ਪੁਲਸ ਥਾਣਾ ਲੋਹੀਆਂ ਦੇ ਪਿੰਡ ਮੋਤੀਪੁਰ ਵਿਖੇ ਬੀਤੇ ਦਿਨੀਂ ਇਕ ਵਿਅਕਤੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਘਟਨਾ ਦੀ ਜਾਣਕਾਰੀ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਭੈਣ ਸੰਦੀਪ ਕੌਰ ਨੇ ਦਿੱਤੀ। ਸਥਾਨਕ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਪਤਨੀ ਪਰਮਜੀਤ ਸਿੰਘ ਵਾਸੀ ਸਾਬੂਵਾਲ, ਪੁਲਸ ਥਾਣਾ ਤਲਵੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਨੇ ਬਿਆਨ ਕੀਤਾ ਕਿ ਮੇਰੇ ਪਤੀ ਪਰਮਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਮੈਂ ਕਰੀਬ 1 ਸਾਲ ਤੋਂ ਆਪਣੇ ਪੇਕੇ ਘਰ ਪਿੰਡ ਮੋਤੀਪੁਰ ਪੁਲਸ ਥਾਣਾ ਲੋਹੀਆਂ ਵਿਖੇ ਰਹਿ ਰਹੀ ਹਾਂ।
ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨਾਲ ਬੈਠਕ ਮਗਰੋਂ ਐਕਸ਼ਨ 'ਚ ਸਿੱਖਿਆ ਵਿਭਾਗ, ਸਕੂਲ ਮੁਖੀਆਂ ਨੂੰ ਜਾਰੀ ਕੀਤੇ ਪੱਤਰ
ਮੇਰੇ ਭਰਾ ਗੁਰਪ੍ਰੀਤ ਸਿੰਘ ਦਾ ਵਿਆਹ ਕਰੀਬ 10 ਸਾਲ ਪਹਿਲਾਂ ਮਨਦੀਪ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਦਬੂਲੀਆਂ ਨਾਲ ਹੋਇਆ ਸੀ। ਕਦੇ-ਕਦਾਈਂ ਗੁਰਪ੍ਰੀਤ ਸਿੰਘ ਤੇ ਉਸਦੀ ਪਤਨੀ ਮਨਦੀਪ ਕੌਰ ਦਾ ਆਪਸ ਵਿਚ ਝਗੜਾ ਹੋ ਜਾਂਦਾ ਸੀ ਤੇ ਆਪੇ ਹੀ ਮੰਨ ਜਾਂਦੇ ਸਨ। 15 ਮਈ ਨੂੰ ਕਰੀਬ 8.30 ਵਜੇ ਸ਼ਾਮ ਇਨ੍ਹਾਂ ਦੋਹਾਂ ਦਾ ਮਾਮੂਲੀ ਝਗੜਾ ਹੋਇਆ ਸੀ ਤੇ ਮਨਦੀਪ ਕੌਰ ਨੇ ਆਪਣੇ ਭਰਾ ਜਸਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦਬੂਲੀਆਂ ਅਤੇ ਭੂਆ ਦੇ ਮੁੰਡੇ ਗੋਪੀ ਨੂੰ ਫੋਨ ਕਰ ਕੇ ਬੁਲਾ ਲਿਆ, ਜੋ 4 ਮੋਟਰ ਸਾਈਕਲਾਂ ’ਤੇ ਸਵਾਰ ਹੋ ਕੇ ਆਏ। ਉਨ੍ਹਾਂ ਨਾਲ 6 ਦੇ ਕਰੀਬ ਨਿਹੰਗ ਸਿੰਘ ਸਨ, ਜਿਨ੍ਹਾਂ ਕੋਲ ਕਿਰਪਾਨਾਂ, ਬਰਛੇ ਵਗੈਰਾ ਸਨ। ਉਹ ਆਉਂਦੇ ਹੀ ਮੇਰੇ ਭਰਾ ਗੁਰਪ੍ਰੀਤ ਸਿੰਘ ਨੂੰ ਮਾੜਾ-ਚੰਗਾ ਬੋਲਣ ਲੱਗੇ, ਇਨ੍ਹਾਂ ਤੋਂ ਡਰਦਾ ਮੇਰਾ ਭਰਾ ਰਿਹਾਇਸ਼ੀ ਕਮਰੇ ਅੰਦਰ ਚਲਾ ਗਿਆ ਅਤੇ ਅੰਦਰੋਂ ਕੁੰਡੀ ਲਾ ਕੇ ਪੱਖੇ ਨਾਲ 2 ਚੁੰਨੀਆਂ ਬੰਨ੍ਹ ਕੇ ਫਾਹਾ ਲੈ ਲਿਆ।
ਇਹ ਵੀ ਪੜ੍ਹੋ: ਲੋਕ ਸਭਾ ਹਲਕਾ ਸੰਗਰੂਰ 'ਚ ਜ਼ਿਮਨੀ ਚੋਣ ਦੀ ਆਹਟ, 'ਆਪ' ਦੇ ਸੰਭਾਵੀ ਉਮੀਦਵਾਰ 'ਤੇ ਟਿਕੀਆਂ ਨਜ਼ਰਾਂ
ਸੰਦੀਪ ਕੌਰ ਨੇ ਕਿਹਾ ਕਿ ਮੈਂ ਰੌਲਾ ਪਾਇਆ ਕਿ ਕੋਈ ਮੇਰੇ ਭਰਾ ਨੂੰ ਬਚਾਵੇ। ਮੇਰਾ ਰੌਲਾ ਸੁਣ ਕੇ ਸਰਪੰਚ ਮਨਜੀਤ ਕੌਰ ਤੇ ਹੋਰ ਲੋਕ ਇਕੱਠੇ ਹੋ ਗਏ| ਮੇਰੇ ਸਮੇਤ ਮੇਰੇ ਭਰਾ ਹਰਮਨਪ੍ਰੀਤ ਸਿੰਘ, ਸਰਪੰਚ ਮਨਜੀਤ ਕੌਰ ਨੇ ਰਲ਼ ਕੇ ਦਰਵਾਜ਼ਾ ਤੋੜਿਆ ਤੇ ਗੁਰਪ੍ਰੀਤ ਸਿੰਘ ਨੂੰ ਪੱਖੇ ਨਾਲੋਂ ਲਾਹ ਕੇ ਡਾਕਟਰ ਕੋਲ ਲੈ ਗਏ, ਜਿਸ ਨੇ ਮੇਰੇ ਭਰਾ ਨੂੰ ਮ੍ਰਿਤਕ ਘੋਸ਼ਿਤ ਕਰਾਰ ਦੇ ਦਿੱਤਾ। ਮਨਦੀਪ ਕੌਰ, ਜੋ ਮੇਰੀ ਭਾਬੀ ਹੈ, ਦੇ ਭਰਾ ਜਸਪਾਲ ਸਿੰਘ, ਗੋਪੀ ਤੇ ਨਿਹੰਗ ਸਿੰਘ, ਜੋ ਕਿ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸਨ, ਨੂੰ ਜਦੋਂ ਗੁਰਪ੍ਰੀਤ ਸਿੰਘ ਦੀ ਮੌਤ ਬਾਰੇ ਪਤਾ ਲੱਗਾ ਤਾਂ ਇਹ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਨੇ ਇਸ ਕੇਸ ’ਚ ਕਾਰਵਾਈ ਕਰਦੇ ਹੋਏ ਜਸਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਦਬੂਲੀਆਂ ਜ਼ਿਲ੍ਹਾ ਕਪੂਰਥਲਾ, ਗੋਪੀ ਤੇ 6 ਹੋਰ ਨਿਹੰਗ ਸਿੰਘਾਂ 'ਤੇ ਮੁਕੱਦਮਾ ਦਰਜ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਸੀ।
ਇਹ ਵੀ ਪੜ੍ਹੋ: ਫਿਲੌਰ ਵਿਖੇ ਜੱਜ ਦੇ ਸਾਹਮਣੇ ਪਿਸਤੌਲ ਤਾਣ ਬੋਲਿਆ ਨੌਜਵਾਨ, ਸਿਰ ’ਤੇ ਕਫ਼ਨ ਬੰਨ੍ਹ ਕੇ ਆਇਆ ਹਾਂ, ਇਨਸਾਫ਼ ਦਿਓ
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ