ਪਤਨੀ ਤੋਂ ਦੁਖੀ ਪਤੀ ਵੱਲੋਂ ਫਾਹ ਲੈ ਕੇ ਖੁਦਕੁਸ਼ੀ
Sunday, Aug 11, 2019 - 09:47 PM (IST)

ਹੁਸ਼ਿਆਰਪੁਰ (ਅਮਰਿੰਦਰ)-ਥਾਣਾ ਬੁੱਲ੍ਹੋਵਾਲ ਅਧੀਨ ਨਸਰਾਲਾ ਕਾਲੋਨੀ ਦੇ ਰਹਿਣ ਵਾਲੇ 28 ਸਾਲਾ ਪ੍ਰਦੀਪ ਕੁਮਾਰ ਪੁੱਤਰ ਸ਼ੀਤਲ ਦਾਸ ਨੇ ਅੱਜ ਦੁਪਹਿਰੇ ਕਥਿਤ ਤੌਰ 'ਤੇ ਘਰੇਲੂ ਕਲੇਸ਼ ਤੋਂ ਪ੍ਰੇਸ਼ਾਨ ਹੋ ਕੇ ਘਰ ਵਿਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਅਨੁਸਾਰ ਮ੍ਰਿਤਕ ਪ੍ਰਦੀਪ ਕੁਮਾਰ ਦਾ ਵਿਆਹ 3 ਮਹੀਨੇ ਪਹਿਲਾਂ ਹੀ ਫਗਵਾੜਾ ਦੀ ਰਹਿਣ ਵਾਲੀ ਪ੍ਰਵੀਨ ਕੁਮਾਰੀ ਨਾਲ ਹੋਇਆ ਸੀ। ਪਰਿਵਾਰ ਤੋਂ ਸੂਚਨਾ ਮਿਲਦੇ ਹੀ ਨਸਰਾਲਾ ਪੁਲਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਸਤਵਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਦਾ ਪੰਚਨਾਮਾ ਕਰ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ। ਪੁਲਸ ਅਨੁਸਾਰ ਲਾਸ਼ ਦਾ ਪੋਸਟਮਾਰਟਮ ਸੋਮਵਾਰ ਸਵੇਰੇ ਕੀਤਾ ਜਾਵੇਗਾ।
ਪਰਿਵਾਰ ਨੇ ਕਿਹਾ, 'ਪਤਨੀ ਦੇ ਸੁਭਾਅ ਤੋਂ ਪ੍ਰੇਸ਼ਾਨ ਸੀ ਪ੍ਰਦੀਪ'
ਪੁਲਸ ਸਾਹਮਣੇ ਦਿੱਤੇ ਬਿਆਨ ਵਿਚ ਮ੍ਰਿਤਕ ਪ੍ਰਦੀਪ ਕੁਮਾਰ ਦੇ ਭਰਾ ਦਲਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਵਿਆਹ ਦੇ ਬਾਅਦ ਤੋਂ ਹੀ ਪ੍ਰਦੀਪ ਦੇ ਆਪਣੀ ਪਤਨੀ ਪ੍ਰਵੀਨ ਕੁਮਾਰੀ ਨਾਲ ਸਬੰਧ ਠੀਕ ਨਹੀਂ ਚੱਲ ਰਹੇ ਸਨ। ਵਿਆਹ ਤੋਂ ਬਾਅਦ ਪ੍ਰਦੀਪ ਨੂੰ ਪਤਾ ਲੱਗਾ ਕਿ ਪ੍ਰਵੀਨ ਕੁਮਾਰੀ ਦੇ ਸਬੰਧ ਉਸ ਦੇ ਆਪਣੇ ਜੀਜੇ ਨਾਲ ਹਨ। ਇਸ ਕਾਰਨ ਪ੍ਰਦੀਪ ਪ੍ਰੇਸ਼ਾਨ ਰਹਿੰਦਾ ਸੀ। ਅੱਜ ਇਸ ਗੱਲ ਤੋਂ ਦੁਖੀ ਹੋ ਕੇ ਉਸ ਨੇ ਆਪਣੇ ਕਮਰੇ ਵਿਚ ਫਾਹ ਲੈ ਕੇ ਖੁਦਕੁਸ਼ੀ ਕਰ ਲਈ।
ਪੁਲਸ ਨੇ ਦੋਸ਼ੀਆਂ ਖਿਲਾਫ਼ ਕੀਤਾ ਮਾਮਲਾ ਦਰਜ
ਸੰਪਰਕ ਕਰਨ 'ਤੇ ਥਾਣਾ ਬੁੱਲ੍ਹੋਵਾਲ ਦੇ ਐੱਸ. ਐੱਚ. ਓ. ਇੰਸਪੈਕਟਰ ਸੁਲੱਖਣ ਸਿੰਘ ਸੰਧੂ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਨਸਰਾਲਾ ਚੌਕੀ ਤੋਂ ਪੁਲਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਨੇ ਮ੍ਰਿਤਕ ਦੇ ਭਰਾ ਦਲਜੀਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਇਸ ਮਾਮਲੇ ਵਿਚ ਪ੍ਰਵੀਨ ਕੁਮਾਰੀ ਦੇ ਨਾਲ ਉਸ ਦੇ ਜੀਜੇ ਸੰਤੋਸ਼ ਸਿੰਘ ਅਤੇ ਵਿਚੋਲੇ ਨਸਰਾਲਾ ਦੇ ਹੀ ਗੁਰਪ੍ਰੀਤ ਉਰਫ ਨੀਤੂ ਖਿਲਾਫ਼ ਧਾਰਾ 306 ਅਤੇ 34 ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।