ਗਈ ਸੀ ਨੂੰਹ ਦਾ ਫਰਜ਼ ਨਿਭਾਉਣ ਪਰ ਪਤੀ ਤੇ ਰਿਸ਼ਤੇਦਾਰਾਂ ਨੇ ਕਰ ਦਿੱਤਾ ਬੁਰਾ ਹਾਲ

10/30/2017 3:38:18 PM

ਅੰਮ੍ਰਿਤਸਰ — ਪਤੀ ਦੇ ਨਾਲ ਵਿਵਾਦ ਦੇ ਚਲਦਿਆਂ ਆਪਣੀ ਲੜਕੀ ਸਮੇਤ ਪੇਕੇ ਘਰ ਰਹਿ ਰਹੀ ਮਹਿਲਾ ਨੂੰ ਜਿਵੇਂ ਹੀ ਉਸ ਦੀ ਸੱਸ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਉਸ ਦੇ ਸਸਕਾਰ 'ਚ ਸ਼ਾਮਲ ਹੋਣ ਆਪਣੇ ਰਿਸ਼ਤੇਦਾਰ ਨਾਲ ਉਥੇ ਪਹੁੰਚੀ ਤਾਂ ਉਸ ਦੇ ਪਤੀ ਤੇ ਹੋਰਨਾਂ ਰਿਸ਼ਤੇਦਾਰਾਂ ਨੇ ਉਕਤ ਮਹਿਲਾ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਸ਼ਿਕਾਇਤ 'ਚ ਗੁਰਪ੍ਰੀਤ ਕੌਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਵਿਆਹ ਸਾਲ 2008 'ਚ ਤ੍ਰਿਕੋਣੀ ਪਾਰਕ ਸੁੰਦਰ ਨਗਰ ਨਿਵਾਸੀ ਪਰਵਿੰਦਰ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ ਦਹੇਜ ਦੀ ਮੰਗ ਨੂੰ ਲੈ ਕੇ ਪਰੇਸ਼ਾਨ ਕਰਦਾ ਸੀ। ਇਸ 'ਤੇ ਉਹ ਆਪਣੀ ਲੜਕੀ ਸਮੇਤ ਪੇਕੇ ਘਰ ਆ ਕੇ ਰਹਿਣ ਲੱਗੀ। 6 ਜੂਨ ਨੂੰ ਅਚਾਨਕ ਆਪਣੀ ਸੱਸ ਦੀ ਮੌਤ ਦੀ ਖਬਰ ਮਿਲੀ। ਜਦ ਉਹ ਸਸਕਾਰ 'ਚ ਸ਼ਾਮਲ ਹੋਣ ਲਈ ਆਪਣੇ ਅੰਕਲ ਦੇ ਨਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਥਿਤ ਸ਼ਮਸ਼ਾਨ ਘਾਟ ਪਹੁੰਚੀ ਤਾਂ ਉਸ ਦੇ ਪਤੀ ਤੇ ਹੋਰ ਲੋਕਾਂ ਨੇ ਉਨ੍ਹਾਂ ਦੋਨਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਮਾਮਲੇ ਦੀ ਉੱਚ ਪੱਧਰੀ ਜਾਂਚ ਤੋਂ ਬਾਅਦ ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਦੋਸ਼ੀ ਪਰਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਸੁੰਦਰ ਨਗਰ, ਕੁਲਬੀਰ ਸਿੰਘ ਪੁੱਤਰ ਸੋਹਨ ਸਿੰਘ ਨਿਵਾਸੀ ਜੱਜ ਨਗਰ ਬਟਾਲਾ ਰੋਡ ਤੇ ਗੁਰਪਾਲ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਕੋਟ ਮਿੱਤ ਸਿੰਘ ਦੇ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Related News