ਦੋ ਸਾਲ ਤੋਂ ਵੱਖ ਰਹਿ ਰਹੀ ਸੀ ਪਤਨੀ, ਪਤੀ ਨੇ ਨੋਟ ਲਿਖ ਕੇ ਕਰ ਲਈ ਖ਼ੁਦਕੁਸ਼ੀ
Monday, Mar 01, 2021 - 05:59 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਦੇ ਆਰੀਆ ਸਮਾਜ ਰੋਡ ’ਤੇ ਸਥਿਤ ਮੁਹੱਲਾ ਆਦਰਸ਼ ਨਗਰ ਵਾਸੀ 30 ਸਾਲਾਂ ਨੌਜਵਾਨ ਵੱਲੋਂ ਪਤਨੀ ਅਤੇ ਸਹੁਰਾ ਪਰਿਵਾਰ ਵੱਲੋਂ ਤੰਗ ਪ੍ਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ.ਐੱਚ.ਓ. ਨੇ ਦੱਸਿਆ ਕਿ ਘਟਨਾ ਵਾਲੇ ਸਥਾਨ ਤੋਂ ਪੁਲਸ ਨੂੰ ਮ੍ਰਿਤਕ ਦਾ ਨੋਟ ਮਿਲਿਆ ਹੈ, ਜਿਸ ਦੇ ਆਧਾਰ ’ਤੇ ਪੁਲਸ ਅਗਲੇਰੀ ਕਾਰਵਾਈ ਵਿਚ ਜੁੱਟ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸਚਿਨ ਰਾਣਾ ਦਾ ਵਿਆਹ ਪਟਿਆਲਾ ਵਾਸੀ ਪ੍ਰਿਅੰਕਾ ਨਾਲ 2016 ਵਿਚ ਹੋਇਆ ਸੀ, ਪਿਛਲੇ 2 ਸਾਲਾਂ ਤੋਂ ਪਿਅੰਕਾ ਆਪਣੇ ਪੇਕੇ ਪਰਿਵਾਰ ਵਿਚ ਰਹਿ ਰਹੀ ਸੀ, ਜਿਸਦੇ ਚਲਦੇ ਨੌਜਵਾਨ ਪ੍ਰੇਸ਼ਾਨ ਸੀ।
ਸੁਸਾਈਡ ਨੋਟ ਵਿੱਚ ਮ੍ਰਿਤਕ ਨੇ ਦੱਸਿਆ ਕਿ ਉਸਦਾ ਕੋਈ ਬੱਚਾ ਨਹੀਂ ਸੀ। ਸਹੁਰਾ ਪਰਿਵਾਰ ਵਾਲੇ ਕੁੜੀ ਨੂੰ ਵੱਖ ਹੋਣ ਲਈ 20 ਲੱਖ ਰੁਪਏ ਦੀ ਮੰਗ ਕਰਦੇ ਹੋਏ ਧਮਕੀ ਦੇ ਰਹੇ ਸਨ ਕਿ ਜੇਕਰ ਉਸਨੇ ਉਨ੍ਹਾਂ ਦੀ ਮੰਗ ਨੂੰ ਪੂਰਾ ਨਾ ਕੀਤਾ ਤਾਂ ਉਸਨੂੰ ਪੂਰੀ ਜ਼ਿੰਦਗੀ ਜੇਲ੍ਹ ’ਚ ਕੱਟਣੀ ਪਵੇਗੀ। ਐੱਸ.ਐੱਚ.ਓ. ਨੇ ਦੱਸਿਆ ਕਿ ਉਪਰੋਕਤ ਨੋਟ ਦੇ ਅਧਾਰ ’ਤੇ ਪੁਲਸ ਨੇ ਮ੍ਰਿਤਕ ਦੀ ਪਤਨੀ ਪ੍ਰਿਅੰਕਾ, ਸੱਸ ਕੀਤਾ ਅਤੇ ਸਹੁਰਾ ਪ੍ਰਿਤਪਾਲ ਖ਼ਿਲਾਫ਼ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।