ਪਤੀ-ਪਤਨੀ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ
Monday, Aug 17, 2020 - 11:03 PM (IST)
ਦੋਰਾਹਾ,(ਵਿਨਾਇਕ)- ਦੋਰਾਹਾ ਥਾਣਾ ਅਧੀਨ ਪੈਂਦੇ ਪਿੰਡ ਰਾਜਗੜ੍ਹ 'ਚ ਬਾਅਦ ਦੁਪਹਿਰ ਇਕ ਨੌਜਵਾਨ ਜੋੜੇ ਪਤੀ-ਪਤਨੀ ਨੇ ਘਰ 'ਚ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਇਕੱਠਿਆਂ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਦਲਵੀਰ ਸਿੰਘ (26 ਸਾਲ) ਪੁੱਤਰ ਗੁਰਮੀਤ ਸਿੰਘ ਤੇ ਉਸ ਦੀ ਪਤਨੀ ਖੁਸ਼ਪ੍ਰੀਤ ਕੌਰ (25 ਸਾਲ) ਵਾਸੀ ਪਿੰਡ ਰਾਜਗੜ੍ਹ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਦੋਰਾਹਾ ਦੇ ਐਸ. ਐਚ. ਓ. ਇੰਸਪੈਕਟਰ ਦਵਿੰਦਰਪਾਲ ਸਿੰਘ ਮੌਕੇ 'ਤੇ ਟੀਮ ਸਮੇਤ ਪੁੱਜੇ, ਜਿਨ੍ਹਾਂ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਦੋਵੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਜੋੜੇ ਦਾ ਕਰੀਬ ਇਕ ਸਾਲ ਪਹਿਲਾ ਵਿਆਹ ਹੋਇਆ ਸੀ ਅਤੇ ਮ੍ਰਿਤਕਾ ਖੁਸ਼ਪ੍ਰੀਤ ਕੌਰ, ਕਰੀਬ 5 ਮਹੀਨੇ ਦੀ ਗਰਭਵਤੀ ਸੀ। ਪਿੰਡ ਦੇ ਸਰਪੰਚ ਹਰਤੇਜ ਸਿੰਘ ਗਰੇਵਾਲ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦਲਵੀਰ ਸਿੰਘ, ਮਾਪਿਆਂ ਦਾ ਇਕੱਲੌਤਾ ਪੁੱਤਰ ਸੀ ਅਤੇ ਦੁਪਹਿਰ 12 ਵਜੇ ਕਰੀਬ ਉਸ ਦੀ ਵਿਆਹੀ ਹੋਈ ਭੈਣ ਦੀ ਆਪਣੇ ਭਰਾ ਤੇ ਭਰਜਾਈ ਨਾਲ ਫੋਨ 'ਤੇ ਗੱਲ ਵੀ ਹੋਈ ਸੀ, ਜਦਕਿ ਮ੍ਰਿਤਕਾ ਖੁਸ਼ਪ੍ਰੀਤ ਕੌਰ ਦੀ ਕੁੱਝ ਸਮਾਂ ਪਹਿਲਾ ਹੀ ਆਪਣੀ ਮਾਂ ਨਾਲ ਗੱਲ ਵੀ ਹੋਈ ਸੀ ਅਤੇ ਘਰ 'ਚ ਕਿਸੇ ਗੱਲੋਂ ਕੋਈ ਲੜਾਈ ਝਗੜਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਦੁਪਹਿਰ 2 ਵਜੇ ਕਰੀਬ ਮ੍ਰਿਤਕ ਦਲਵੀਰ ਸਿੰਘ ਦੀ ਮਾਤਾ ਦਵਾਈ ਲੈਣ ਲਈ ਘਰੋਂ ਬਾਹਰ ਗਈ ਹੋਈ ਸੀ, ਉਪਰੰਤ ਦੋਵਾਂ ਇੱਕਠਿਆਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਕਰੀਬ ਢਾਈ ਕੁ ਵਜੇ ਜਦੋਂ ਮ੍ਰਿਤਕ ਦੀ ਮਾਤਾ ਘਰ ਪੁੱਜੀ ਤਾਂ ਮੁੱਖ ਗੇਟ ਲੱਗਾ ਹੋਇਆ ਸੀ। ਜਦੋਂ ਕੁਝ ਸਮਾਂ ਦਰਵਾਜ਼ਾ
ਖੜਕਾਉਣ ਉਪਰੰਤ ਵੀ ਨਾ ਖੋਲਿਆ ਤਾਂ ਉਸਨੇ ਰੋਲਾ ਪਾ ਦਿੱਤਾ। ਜਿਸ 'ਤੇ ਆਸ-ਪਾਸ ਦੇ ਲੋਕ ਇੱਕਠੇ ਹੋ ਗਏ, ਜਿਹੜੇ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋਏ ਅਤੇ ਅੰਦਰ ਦੇ ਦਰਦਨਾਕ ਦ੍ਰਿਸ਼ ਨੂੰ ਦੇਖ ਕੇ ਕੰਬ ਉੱਠੇ। ਇਸ ਦੌਰਾਨ ਪਤਨੀ ਖੁਸ਼ਪ੍ਰੀਤ ਕੌਰ ਦਮ ਤੋੜ ਚੁੱਕੀ ਸੀ, ਜਦਕਿ ਲੜਕੇ ਦਲਵੀਰ ਸਿੰਘ ਨੂੰ ਨਾਜ਼ੁਕ ਹਾਲਤ ਵਿਚ ਚੁੱਕ ਕੇ ਸਿੱਧੂ ਹਸਪਤਾਲ ਦੋਰਾਹਾ ਲਿਆਂਦਾ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ।ਸੂਤਰਾ ਤੋਂ ਪਤਾ ਲਗਾ ਹੈ ਕਿ ਮ੍ਰਿਤਕਾਂ ਖੁਸ਼ਪ੍ਰੀਤ ਕੌਰ ਨੇ ਆਇਲੈਟਸ ਵਿੱਚ 6 ਬੈਂਡ ਹਾਸਿਲ ਕੀਤੇ ਹੋਏ ਸਨ ਅਤੇ ਇਹ ਜੋੜਾ ਵਿਦੇਸ਼ ਜਾਣ ਦਾ ਇਛੁੱਕ ਸੀ।