ਸੜਕ ''ਤੇ ਪਹੁੰਚਿਆ ਪਤੀ-ਪਤਨੀ ਦਾ ਝਗੜਾ, ਚੱਲੇ ਇੱਟਾ-ਰੋੜੇ (ਵੀਡੀਓ)
Sunday, Nov 25, 2018 - 05:41 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੀ ਸ਼ਿਵਾਲਾ ਕਾਲੋਨੀ ਦਾ ਇਲਾਕਾ ਉਸ ਸਮੇਂ ਦਹਿਲ ਗਿਆ ਜਦੋਂ ਪਤੀ-ਪਤਨੀ ਦੀ ਲੜਾਈ 'ਚ ਇੱਟਾਂ-ਪੱਥਰ ਤੇ ਬੋਤਲਾਂ ਚੱਲ ਪਈਆਂ। ਆਲਮ ਇਹ ਸੀ ਕਿ ਪਤੀ-ਪਤਨੀ ਦੀ ਲੜਾਈ ਸੜਕ 'ਤੇ ਪਹੁੰਚ ਗਈ ਅਤੇ ਇਲਾਕੇ 'ਚੋਂ ਲੰਘਣ ਵਾਲੇ ਵਾਹਨਾਂ ਦੇ ਉੱਪਰ ਪੱਥਰ 'ਤੇ ਬੋਤਲਾਂ ਬਰਸਾਈਆਂ ਗਈਆਂ। ਪੀੜਤ ਮਹਿਲਾ ਰਿਤਿਕਾ ਦਾ ਕਹਿਣਾ ਹੈ ਕਿ ਉਸ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ ਅਤੇ ਉਹ ਆਪਣੇ ਰਿਸ਼ਤੇਦਾਰ ਦਾ ਹਾਲ ਜਾਨਣ ਲਈ ਇਸ ਮੁਹੱਲੇ 'ਚ ਆਈ ਸੀ, ਜਿਸ ਸਮੇਂ ਉਸ ਦੇ ਪਤੀ ਨੇ ਆਪਣੇ ਪਰਿਵਾਰ ਨਾਲ ਉਸ 'ਤੇ ਹਮਲਾ ਕਰ ਦਿੱਤਾ।
ਰਿਤਿਕਾ ਦਾ ਦੋਸ਼ ਹੈ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਤੋਂ ਦਾਜ ਦੀ ਮੰਗ ਕਰਦੇ ਹਨ ਤੇ ਕਈ ਵਾਰ ਇਸ ਲਈ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਚੁੱਕੇ ਹਨ। ਇਸ ਬਾਰੇ ਜਦੋਂ ਰਿਤਿਕਾ ਦੇ ਪਤੀ ਦੀਪਕ ਤੋਂ ਪੁੱਛਿਆ ਗਿਆ ਤਾਂ ਉਸ ਨੇ ਹੈਰਾਨੀ ਭਰਿਆ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਨੂੰ ਦਾਜ ਚਾਹੀਦਾ ਹੈ ਅਤੇ ਇਸ ਲੜਾਈ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਉਸ ਦੀ ਪਤਨੀ ਰਿਤਿਕਾ ਉਸ ਨਾਲ ਗਾਲੀ-ਗਲੋਚ ਕਰਦੀ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਤੇ ਦੋਵਾਂ ਪੱਖਾਂ ਦੇ ਬਿਆਨ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।