ਪੇਰੇਂਟਸ ਮੀਟਿੰਗ ''ਚ ਜਾ ਰਹੇ ਪਤੀ-ਪਤਨੀ ਦੀ ਭਿਆਨਕ ਹਾਦਸੇ ''ਚ ਮੌਤ
Tuesday, Dec 24, 2019 - 06:53 PM (IST)

ਮੁੱਲਾ ਦਾਖਾ (ਕਾਲੀਆ) : ਥਾਣਾ ਦਾਖਾ ਅਧੀਨ ਪੈਂਦੇ ਪਿੰਡ ਦੇਤਵਾਲ ਦੇ ਜੋੜੇ ਦੀ ਕੈਂਟਰਲ ਹੇਠ ਆਉਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਚਰਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਦੇਤਵਾਲ ਆਪਣੀ ਪਤਨੀ ਰਮਨਦੀਪ ਕੌਰ ਨਾਲ ਆਪਣੇ ਮੋਟਰ ਸਾਈਕਲ 'ਤੇ ਟੈਗੋਰ ਪਬਲਿਕ ਸਕੂਲ ਵਿਚ ਬੱਚਿਆਂ ਦੀ ਪੇਰੇਂਟਸ ਮੀਟਿੰਗ ਵਿਚ ਸ਼ਮੂਲੀਅਤ ਕਰਨ ਜਾ ਰਹੇ ਸਨ।
ਇਸ ਦੌਰਾਨ ਸਵੇਰੇ ਲਗਭਗ 9.30 ਵਜੇ ਜਿਵੇਂ ਹੀ ਉਸ ਨੇ ਆਪਣਾ ਮੋਟਰਸਾਈਕਲ ਸਿਧਵਾਂ ਬ੍ਰਾਂਚ ਨਹਿਰ 'ਤੇ ਬਣੇ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਮਾਰਗ 'ਤੇ ਚਾੜ੍ਹਿਆ ਤਾਂ ਲੁਧਿਆਣਾ ਨੂੰ ਜਾ ਰਹੇ ਇਕ ਕੈਂਟਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦਾਖਾ ਦੇ ਮੁਖੀ ਇੰਸਪਕੈਟਰ ਪ੍ਰੇਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ।