ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦਾ ਕਤਲ, ਗੁਆਂਢੀ ਪਿਓ-ਪੁੱਤ ’ਤੇ ਕੇਸ ਦਰਜ

Monday, Feb 22, 2021 - 02:53 AM (IST)

ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦਾ ਕਤਲ, ਗੁਆਂਢੀ ਪਿਓ-ਪੁੱਤ ’ਤੇ ਕੇਸ ਦਰਜ

ਲੁਧਿਆਣਾ, (ਜ. ਬ.)- ਰੰਜਿਸ਼ ਕਾਰਣ ਇਕ ਦੁਕਾਨਦਾਰ ਨਾਲ ਕੁੱਟ-ਮਾਰ ਕਰਨ ਅਤੇ ਸੜਕ ’ਤੇ ਸੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੇ ਦੋਸ਼ ’ਚ ਗੁਆਂਢੀ ਪਿਓ-ਪੁੱਤ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਮਾਮਲਾ ਥਾਣਾ ਸਦਰ ਅਧੀਨ ਆਉਂਦੇ ਪਿੰਡ ਫੁੱਲਾਂਵਾਲ ਦੇ ਬਾਬਾ ਇੰਦਰ ਸਿੰਘ ਨਗਰ ਦਾ ਹੈ।

ਮ੍ਰਿਤਕ ਦੀ ਪਤਨੀ ਗੁੱਡੀ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦੇ ਪਤੀ ਨੂੰ ਗੁਆਂਢੀ ਮੋਹਨ ਕੁਮਾਰ ਅਤੇ ਮੋਹਨ ਦੇ ਬੇਟੇ ਅਭਿਸ਼ੇਕ ਨੇ ਮਾਰ ਦਿੱਤਾ। ਸ਼ੁੱਕਰਵਾਰ ਸ਼ਾਮ ਲਗਭਗ 7.30 ਵਜੇ ਦੋਵੇਂ ਪਿਓ-ਪੁੱਤ ਉਸ ਦੀ ਕਰਿਆਨੇ ਦੀ ਦੁਕਾਨ ’ਤੇ ਆਏ ਅਤੇ ਉਸ ਦੇ ਪਤੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਖਿਚ ਕੇ ਸੜਕ ’ਤੇ ਲੈ ਗਏ। ਮੋਹਨ ਨੇ ਉਸ ਦੇ ਪਤੀ ਦੇ ਢਿੱਡ ਅਤੇ ਅਭਿਸ਼ੇਕ ਨੇ ਮੂੰਹ ’ਤੇ ਮੁੱਕਾ ਮਾਰਿਆ ਅਤੇ ਉਸ ਨੂੰ ਹੇਠਾਂ ਸੁੱਟ ਦਿੱਤਾ। ਪਤੀ ਦੇ ਸਿਰ ਦਾ ਪਿਛਲਾ ਹਿੱਸਾ ਜ਼ੋਰ ਨਾਲ ਸੜਕ ’ਤੇ ਲੱਗਾ ਅਤੇ ਖੂਨ ਵਹਿਣ ਲੱਗਾ।

ਖੂਨ ਦੇਖ ਕੇ ਉਹ ਮਦਦ ਲਈ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗੀ। ਨੇੜੇ ਦੇ ਲੋਕ ਇਕੱਠਾ ਹੋਏ ਤਾਂ ਮੁਲਜ਼ਮ ਪਿਓ-ਪੁੱਤ ਮੌਕਾ ਮਿਲਣ ’ਤੇ ਉਥੋਂ ਭੱਜ ਗਏ। ਉਸ ਨੇ ਆਪਣੇ ਇਕ ਗੁਆਂਢੀ ਟੈਨਟੂਨ ਰਾਮ ਦੀ ਮਦਦ ਨਾਲ ਪਤੀ ਨੂੰ ਦੀਪ ਹਸਪਤਾਲ ਪਹੁੰਚਾਇਆ ਪਰ ਉਥੇ ਪੁੱਜਣ ਤੋਂ ਪਹਿਲਾਂ ਹੀ ਪਤੀ ਦੀ ਮੌਤ ਹੋ ਗਈ ਸੀ। ਅਗਲੇ ਦਿਨ ਉਸ ਨੇ ਪੁਲਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ। ਗੁੱਡੀ ਨੇ ਦੱਸਿਆ ਕਿ ਮੁਲਜ਼ਮ ਮੋਹਨ ਅਕਸਰ ਸ਼ਰਾਬ ਪੀ ਕੇ ਉਸ ਦੇ ਪਤੀ ਨਾਲ ਬਿਨਾਂ ਵਜ੍ਹਾ ਲੜਾਈ-ਝਗੜਾ ਕਰਦਾ ਸੀ ਅਤੇ ਉਸ ਦੇ ਨਾਲ ਰੰਜਿਸ਼ ਰੱਖਦਾ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


author

Bharat Thapa

Content Editor

Related News