ਪਤੀ ਨੂੰ ਕਤਲ ਕਰਨ ਤੋਂ ਛੇ ਘੰਟੇ ਬਾਅਦ ਹੀ ਪਤਨੀ ਆਸ਼ਕ ਸਣੇ ਗ੍ਰਿਫ਼ਤਾਰ

Friday, May 16, 2025 - 05:05 PM (IST)

ਪਤੀ ਨੂੰ ਕਤਲ ਕਰਨ ਤੋਂ ਛੇ ਘੰਟੇ ਬਾਅਦ ਹੀ ਪਤਨੀ ਆਸ਼ਕ ਸਣੇ ਗ੍ਰਿਫ਼ਤਾਰ

ਪਾਇਲ (ਵਿਨਾਇਕ) : ਪਾਇਲ ਸਬ-ਡਵੀਜ਼ਨ ਦੇ ਥਾਣਾ ਮਲੌਦ ਅਧੀਨ ਪੈਂਦੇ ਪਿੰਡ ਸੋਹੀਆਂ ਵਿਖੇ ਨਜਾਇਜ਼ ਸਬੰਧਾਂ ਦੇ ਚੱਲਦਿਆਂ ਹੋਏ ਇਕ ਦਿਲ ਦਹਿਲਾ ਦੇਣ ਵਾਲੇ ਕਤਲ ਮਾਮਲੇ ਨੂੰ ਮਲੌਦ ਪੁਲਸ ਨੇ ਸਿਰਫ਼ 6 ਘੰਟੇ ਤੋਂ ਵੀ ਘੱਟ ਸਮੇਂ ਵਿਚ ਸੁਲਝਾ ਲਿਆ ਹੈ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਨਜਾਇਜ਼ ਪ੍ਰੇਮੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਦੀ ਪਛਾਣ ਬਹਾਦਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬਡਬਰ, ਥਾਣਾ ਧਨੌਲਾ, ਜ਼ਿਲ੍ਹਾ ਬਰਨਾਲਾ ਹਾਲ ਵਾਸੀ ਪਿੰਡ ਸੋਹੀਆਂ ਵਜੋਂ ਹੋਈ ਹੈ ਜਦਕਿ ਮੁਲਜ਼ਮਾਂ ਦੀ ਪਹਿਚਾਣ ਜਸਵੀਰ ਕੌਰ ਪਤਨੀ ਸ਼ੁਭਕਰਨ ਸਿੰਘ ਉਰਫ ਸ਼ੁਭੀ ਵਾਸੀ ਬਡਬਰ ਥਾਣਾ ਧਨੋਲਾ, ਜ਼ਿਲ੍ਹਾ ਬਰਨਾਲਾ ਹਾਲ ਵਾਸੀ ਪਿੰਡ ਸੋਹੀਆਂ, ਥਾਣਾ ਮਲੌਦ ਜ਼ਿਲ੍ਹਾ ਲੁਧਿਆਣਾ ਅਤੇ ਸੁਖਪ੍ਰੀਤ ਸਿੰਘ ਉਰਫ ਸੁੱਖੀ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਧਲੇਰ ਕਲਾਂ ਥਾਣਾ ਸਦੌੜ, ਜ਼ਿਲ੍ਹਾ ਮਲੇਰਕੋਟਲਾ ਵਜੋਂ ਹੋਈ ਹੈ।

ਪੁਲਸ ਅਨੁਸਾਰ ਜਸਵੀਰ ਕੌਰ ਅਤੇ ਸੁਖਪ੍ਰੀਤ ਸਿੰਘ ਦੇ ਆਪਸੀ ਨਜਾਇਜ਼ ਸਬੰਧ ਸਨ, ਜਿਸ ਦੀ ਜਾਣਕਾਰੀ ਬਹਾਦਰ ਸਿੰਘ ਨੂੰ ਹੋ ਚੁੱਕੀ ਸੀ। ਉਹ ਇਸ ਨਜਾਇਜ਼ ਰਿਸ਼ਤੇ ਦਾ ਵਿਰੋਧ ਕਰ ਰਿਹਾ ਸੀ। ਰੁਕਾਵਟ ਦੂਰ ਕਰਨ ਲਈ ਦੋਵਾਂ ਨੇ ਮਿਲ ਕੇ ਬਹਾਦਰ ਸਿੰਘ ਦੀ ਹੱਤਿਆ ਦੀ ਯੋਜਨਾ ਬਣਾਈ ਅਤੇ ਉਸ ਨੂੰ ਘਰ ਦੇ ਅੰਦਰ ਹੀ ਲੋਹੇ ਦੀ ਪਾਈਪ ਨਾਲ ਸਿਰ 'ਤੇ ਵਾਰ ਕਰਕੇ ਮਾਰ ਦਿੱਤਾ ਗਿਆ। ਇਸ ਸਬੰਧੀ ਖੰਨਾ ਦੇ ਐੱਸ.ਐੱਸ.ਪੀ. ਡਾ. ਜੋਤੀ ਯਾਦਵ ਬੈਂਸ ਆਈ. ਪੀ. ਐੱਸ. ਨੇ ਦੱਸਿਆ ਕਿ 15 ਮਈ ਨੂੰ ਸਵੇਰ 8:30 ਵਜੇ ਕਰੀਬ ਮ੍ਰਿਤਕ ਦੇ ਭਰਾ ਕਰਮਜੀਤ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਸ ਦੇ ਭਰਾ ਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਸ ਜਾਂਚ ਦੌਰਾਨ ਇਹ ਗੰਭੀਰ ਖੁਲਾਸਾ ਹੋਇਆ ਕਿ ਹੱਤਿਆ ਪਿੱਛੇ ਮੁੱਖ ਕਾਰਨ ਨਜਾਇਜ਼ ਸਬੰਧ ਸਨ।

ਇਹ ਕਾਰਵਾਈ ਐੱਸ. ਪੀ. (ਆਈ) ਖੰਨਾ ਪਵਨਜੀਤ ਚੌਧਰੀ, ਡੀ.ਐੱਸ.ਪੀ. (ਆਈ) ਖੰਨਾ ਮੋਹਿਤ ਸਿੰਗਲਾ, ਡੀ.ਐੱਸ.ਪੀ. ਪਾਇਲ ਹੇਮੰਤ ਮਲਹੋਤਰਾ, ਇੰਸਪੈਕਟਰ ਹਰਦੀਪ ਸਿੰਘ ਇੰਚਾਰਜ ਸੀਆਈਏ ਖੰਨਾ ਅਤੇ ਥਾਣਾ ਮਲੌਦ ਦੇ ਮੁੱਖ ਅਫਸਰ ਸਬ-ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਵੱਲੋਂ ਕੀਤੀ ਗਈ। ਦੱਸਣਯੋਗ ਹੈ ਕਿ ਮੁੱਖ ਦੋਸ਼ੀ ਸੁਖਪ੍ਰੀਤ ਸਿੰਘ ਉਰਫ ਸੁੱਖੀ ਵਿਰੁੱਧ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਮਕੱਦਮਾ ਨੰ. 61 ਮਿਤੀ 17.07.2024 ਅਧੀਨ ਧਾਰਾ 324, 329, 34 ਆਈ.ਪੀ.ਸੀ., ਮਕੱਦਮਾ ਨੰ. 83 ਮਿਤੀ 24.07.2020 ਅਧੀਨ ਧਾਰਾ 325, 201, 323, 342, 34 ਆਈ.ਪੀ.ਸੀ. ਅਤੇ ਮਕੱਦਮਾ ਨੰ. 25 ਮਿਤੀ 25.03.2022 ਅਧੀਨ ਧਾਰਾ 420 ਆਈ.ਪੀ.ਸੀ. ਥਾਣਾ ਸਦੌੜ, ਜ਼ਿਲ੍ਹਾ ਮਾਲੇਰਕੋਟਲਾ ਸ਼ਾਮਲ ਹਨ। ਐੱਸ.ਐੱਸ.ਪੀ. ਨੇ ਆਖ਼ਿਰ ‘ਚ ਕਿਹਾ ਕਿ ਕਤਲ ਵਰਗੇ ਗੰਭੀਰ ਜੁਰਮਾਂ ਲਈ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਕਾਨੂੰਨ ਹੱਥ ਵਿਚ ਲੈਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।


author

Gurminder Singh

Content Editor

Related News