ਦਾਜ ਲਈ ਹੱਤਿਆ ਦੇ ਮਾਮਲੇ ਵਿਚ ਪਤੀ, ਸੱਸ ਤੇ ਸਹੁਰਾ ਗ੍ਰਿਫਤਾਰ
Friday, Aug 11, 2017 - 04:05 AM (IST)

ਲੁਧਿਆਣਾ, (ਮਹੇਸ਼)- ਬਸਤੀ ਜੋਧੇਵਾਲ ਦੇ ਕੁਲਦੀਪ ਨਗਰ ਇਲਾਕੇ ਵਿਚ ਜ਼ਹਿਰ ਨਿਗਲਣ ਨਾਲ ਨਵ-ਵਿਆਹੁਤਾ ਹਰਜਿੰਦਰ ਕੌਰ ਦੀ ਹੋਈ ਮੌਤ ਦੇ ਮਾਮਲੇ ਵਿਚ ਇਲਾਕਾ ਪੁਲਸ ਨੇ ਉਸ ਦੇ ਪਤੀ, ਸੱਸ ਤੇ ਸਹੁਰੇ 'ਤੇ ਦਾਜ ਲਈ ਹੱਤਿਆ ਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ 'ਤੇ ਦੋਸ਼ ਹੈ ਕਿ ਉਹ ਦਾਜ 'ਚ ਕਾਰ ਦੀ ਮੰਗ ਨੂੰ ਲੈ ਕੇ ਨਵ-ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਤਿੰਨਾਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਰਿਪੋਰਟ ਵਿਚ ਮੌਤ ਦਾ ਕਾਰਨ ਜ਼ਹਿਰ ਆਇਆ ਹੈ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਰਜਿੰਦਰ ਨੇ ਸੁਹਰਿਆਂ ਵੱਲੋਂ ਦੁਖੀ ਕਰਨ ਤੋਂ ਤੰਗ ਹੋ ਕੇ ਇਹ ਭਿਆਨਕ ਕਦਮ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਮੰਗਲੀ ਟਾਂਡਾ ਨਿਵਾਸੀ ਕਰਨੈਲ ਸਿੰਘ ਦੀ ਸ਼ਿਕਾਇਤ 'ਤੇ ਹਰਜਿੰਦਰ ਦੇ ਪਤੀ ਗੁਰਦੀਪ ਸਿੰਘ, ਸੱਸ ਰਬੈਰ ਕੌਰ ਤੇ ਸਹੁਰੇ ਬਲਵੀਰ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ।
ਕਰਨੈਲ ਦਾ ਦੋਸ਼ ਹੈ ਕਿ ਇਹ ਦੋਸ਼ੀ ਦਾਜ ਵਿਚ ਕਾਰ ਦੀ ਡਿਮਾਂਡ ਨੂੰ ਲੈ ਕੇ ਉਸ ਦੀ ਬੇਟੀ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਤੰਗ-ਪ੍ਰੇਸ਼ਾਨ ਕਰਦੇ ਸਨ, ਜਿਸ ਕਾਰਨ ਉਸ ਨੇ ਜ਼ਹਿਰ ਨਿਗਲ ਕੇ ਆਤਮ-ਹੱਤਿਆ ਕਰ ਲਈ।