ਮਾਮਲਾ ਪਤੀ ਦੇ ਲਾਪਤਾ ਹੋਣ ਦਾ, ਪਤਨੀ ਨੇ ਪੁਲਸ ਪ੍ਰਸ਼ਾਸਨ ਪਾਸੋਂ ਕੀਤੀ ਕਾਰਵਾਈ ਦੀ ਮੰਗ
Wednesday, Feb 21, 2018 - 10:22 AM (IST)

ਅੰਮ੍ਰਿਤਸਰ (ਵਾਲੀਆ) - ਸੁਖਵਿੰਦਰ ਕੌਰ ਮਜੀਠਾ ਵਾਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਪਤੀ ਲਖਵਿੰਦਰ ਸਿੰਘ ਤੇ ਬੱਚਿਆਂ ਨਾਲ ਆਪਣੇ ਪੇਕੇ ਪਰਿਵਾਰ ਗਿਲਵਾਲੀ ਗੇਟ ਆਈ ਹੋਈ ਸੀ ਤੇ ਐਤਵਾਰ ਉਨ੍ਹਾਂ ਦੇ ਪਤੀ ਨੇ ਆਪਣੇ ਕਿਸੇ ਦੋਸਤ ਨੂੰ ਮਿਲਣ ਲਈ ਫਿਰੋਜ਼ਪੁਰ ਜਾਣਾ ਸੀ, ਇਸ ਦੌਰਾਨ ਉਹ ਬੀਤੇ ਐਤਵਾਰ ਦੁਪਹਿਰ 1 ਵੱਜ ਕੇ 8 ਮਿੰਟ 'ਤੇ ਬੱਸ 'ਚ ਸਵਾਰ ਹੋ ਗਏ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਫੋਨ ਵੀ ਨਹੀਂ ਚੁੱਕਿਆ ਤੇ ਕਰੀਬ 5 ਵਜੇ ਸ਼ਾਮ ਵੇਲੇ ਉਨ੍ਹਾਂ ਦਾ ਫੋਨ ਬੰਦ ਹੋ ਗਿਆ। ਕਾਫੀ ਲੱਭਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੇ ਪਤੀ ਬਾਰੇ ਪਤਾ ਨਹੀਂ ਲੱਗਾ, ਜਿਸ ਕਰ ਕੇ ਪੁਲਸ ਚੌਕੀ ਗੁੱਜਰਪੁਰਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ। ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਪੁਲਸ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੀ ਹੈ ਕਿ ਉਨ੍ਹਾਂ ਦੇ ਪਤੀ ਦੀ ਫੋਨ ਡਿਟੇਲ ਕਢਵਾਈ ਜਾਵੇ ਪਰ ਪੁਲਸ ਚੌਕੀ ਗੁੱਜਰਪੁਰਾ ਵਾਲੇ ਇਸ ਕਾਰਵਾਈ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ। ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਤੀ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪਰਿਵਾਰਕ ਮੈਂਬਰ ਬੀਬੀ ਦਲਬੀਰ ਕੌਰ ਸਾਬਕਾ ਕੌਂਸਲਰ, ਬੀਬੀ ਭੋਲੀ ਕੌਂਸਲਰ ਵਾਰਡ-65, ਜਸਬੀਰ ਕੌਰ ਆਦਿ ਹਾਜ਼ਰ ਸਨ। ਇਸ ਸਬੰਧੀ ਜਦੋਂ ਪੁਲਸ ਚੌਕੀ ਗੁੱਜਰਪੁਰਾ ਦੇ ਇੰਚਾਰਜ ਏ. ਐੱਸ. ਆਈ. ਗੁਰਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਲਖਵਿੰਦਰ ਸਿੰਘ ਦੀ ਮੋਬਾਇਲ ਡਿਟੇਲ ਕਢਵਾਈ ਜਾ ਰਹੀ ਹੈ ਤੇ ਉਸ ਨੂੰ ਲੱਭਣ 'ਚ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ।