ਸਿਖਰ ''ਤੇ ਪੁੱਜਿਆ ਪਰਿਵਾਰ ਦਾ ਕਲੇਸ਼, ਅੰਤ ਨੂੰਹ ਨੇ ਪਾਰ ਕੀਤੀਆਂ ਸਾਰੀਆਂ ਹੱਦਾਂ
Friday, Sep 08, 2017 - 11:52 AM (IST)
ਲੁਧਿਆਣਾ (ਪੰਕਜ) : 5 ਸਾਲ ਪਹਿਲਾਂ ਵਿਆਹ ਦੇ ਬੰਧਨ ਵਿਚ ਬੱਝੇ ਪਤੀ-ਪਤਨੀ ਵਿਚਕਾਰ ਚੱਲ ਰਹੀ ਖਿੱਚੋਤਾਣ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ, ਜਦੋਂ ਨੂੰਹ ਨੇ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਆਪਣੇ ਮਾਤਾ-ਪਿਤਾ ਨਾਲ ਮਿਲ ਕੇ ਨਾ ਸਿਰਫ ਸੱਸ-ਸਹੁਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਸਗੋਂ ਘਰ ਦਾ ਸਾਮਾਨ ਵੀ ਤੋੜ ਦਿੱਤਾ।
ਹੀਰਾ ਨਗਰ ਫੋਕਲ ਪੁਆਇੰਟ ਨਿਵਾਸੀ ਮਨਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਨੇ ਦੋਸ਼ ਲਾਇਆ ਕਿ ਸਾਲ 2012 ਵਿਚ ਉਸ ਦਾ ਵਿਆਹ ਗੁਰਜੀਤ ਕੌਰ ਨਾਲ ਹੋਇਆ ਸੀ। ਦੋਵਾਂ ਵਿਚ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਪਰ 3 ਸਤੰਬਰ ਨੂੰ ਉਸ ਦੀ ਪਤਨੀ ਨੇ ਗੁਰਮੇਲ ਸਿੰਘ, ਪਰਵਿੰਦਰ ਸਿੰਘ, ਸੁਰਿੰਦਰ ਸਿੰਘ, ਮਿੱਟੂ, ਅਵਤਾਰ ਸਿੰਘ, ਦਵਿੰਦਰ ਸਿੰਘ, ਕੁਲਤਾਰ ਸਿੰਘ ਨੂੰ ਨਾਲ ਲੈ ਕੇ ਉਸ ਦੇ ਘਰ ਹਮਲਾ ਕਰਦੇ ਹੋਏ ਸਾਰਾ ਸਾਮਾਨ ਤੋੜ ਦਿੱਤਾ ਤੇ ਉਸ ਦੇ ਮਾਤਾ-ਪਿਤਾ ਨੂੰ ਵੀ ਬੁਰੀ ਤਰ੍ਹਾਂ ਨਾਲ ਕੁੱਟਿਆ। ਜੇਕਰ ਮੁਹੱਲੇ ਦੇ ਲੋਕ ਉਸ ਦੇ ਮਾਤਾ-ਪਿਤਾ ਨੂੰ ਨਾ ਛੁਡਾਉਂਦੇ ਤਾਂ ਕੁਝ ਵੀ ਹੋ ਸਕਦਾ ਸੀ। ਪੁਲਸ ਨੇ ਸਾਰੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
