ਪਤੀ ਦੇ ਨਜਾਇਜ਼ ਸੰਬੰਧਾਂ ਨੇ ਉਜਾੜਿਆ ਪਰਿਵਾਰ, ਦੋ ਧੀਆਂ ਦੀ ਮਾਂ ਨੇ ਹੱਥੀਂ ਗਲ ਲਾਈ ਮੌਤ

Tuesday, Feb 11, 2025 - 06:13 PM (IST)

ਪਤੀ ਦੇ ਨਜਾਇਜ਼ ਸੰਬੰਧਾਂ ਨੇ ਉਜਾੜਿਆ ਪਰਿਵਾਰ, ਦੋ ਧੀਆਂ ਦੀ ਮਾਂ ਨੇ ਹੱਥੀਂ ਗਲ ਲਾਈ ਮੌਤ

ਮਾਨਸਾ (ਜੱਸਲ) : ਪਿੰਡ ਠੂਠਿਆਂਵਾਲੀ ਦੀ ਇਕ ਵਿਆਹੁਤਾ ਨੇ ਆਪਣੇ ਪਤੀ ਦੇ ਨਜਾਇਜ਼ ਸਬੰਧਾਂ ਅਤੇ ਕੁੱਟਮਾਰ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਸੋਮਵਾਰ ਸ਼ਾਮ ਦੀ ਹੈ। ਮੰਗਲਵਾਰ ਨੂੰ ਮ੍ਰਿਤਕਾ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਠੂਠਿਆਂਵਾਲੀ ਪੁਲਸ ਚੌਂਕੀ ਨੇ ਮ੍ਰਿਤਕਾ ਦੇ ਪਤੀ ਅਤੇ 2 ਔਰਤਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ ਪਰ ਅਜੇ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ। 

ਪਿੰਡ ਠੂਠਿਆਂਵਾਲੀ ਵਿਖੇ ਵਿਆਹੀ ਸੁਖਪ੍ਰੀਤ ਕੌਰ ਨੇ ਸੋਮਵਾਰ ਦੀ ਸ਼ਾਮ ਘਰ ਵਿਚ ਹੀ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਦੀ ਕੁੱਟਮਾਰ ਕਰ ਰਹੇ ਹਨ। ਜਿਸ ਨੂੰ ਲੈ ਕੇ ਉਹ ਪ੍ਰੇਸ਼ਾਨ ਹੈ। ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਹਨ। ਜਿਸ ਕਰਕੇ ਘਰ ਵਿਚ ਕਲੇਸ਼ ਰਹਿੰਦਾ ਹੈ। ਸੁਖਪ੍ਰੀਤ ਕੌਰ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਭਰਾ ਬਾਦਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਮਨਪ੍ਰੀਤ ਸਿੰਘ ਦੇ ਕਿਸੇ ਹੋਰ ਔਰਤ ਨਾਲ ਸਬੰਧ ਸਨ। ਜਿਸ ਕਰਕੇ ਉਸ ਦੀ ਭੈਣ ਦੀ ਨਜਾਇਜ਼ ਕੁੱਟਮਾਰ ਕੀਤੀ ਜਾਂਦੀ ਸੀ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੰਗਲਵਾਰ ਦੀ ਦੁਪਹਿਰ ਉਸ ਦਾ ਪਿੰਡ ਖੜਕਸਿੰਘ ਵਾਲਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਠੂਠਿਆਂਵਾਲੀ ਪੁਲਸ ਚੌਂਕੀ ਨੇ ਮ੍ਰਿਤਕਾ ਸੁਖਪ੍ਰੀਤ ਕੌਰ ਦੇ ਭਰਾ ਬਾਦਲ ਸਿੰਘ ਦੇ ਬਿਆਨਾਂ ਤੇ ਪਤੀ ਮਨਪ੍ਰੀਤ ਸਿੰਘ, ਨਣਦ ਉਗਰ ਕੌਰ ਅਤੇ ਇਕ ਹੋਰ ਔਰਤ ਪਾਲੀ ਕੌਰ ਵਾਸੀ ਤੁੰਗਵਾਲੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾ 5 ਅਤੇ 7 ਸਾਲ ਦੀਆਂ ਦੋ ਧੀਆਂ ਦੀ ਮਾਂ ਸੀ।


author

Gurminder Singh

Content Editor

Related News