ਪਤਨੀ ਦੀ ਕੁਹਾੜੀ ਮਾਰ ਕੇ ਹੱਤਿਆ ਕਰਨ ਵਾਲਾ ਪਤੀ ਗ੍ਰਿਫਤਾਰ

02/07/2020 2:16:22 PM

ਚੰਡੀਗੜ੍ਹ (ਸੰਦੀਪ) : ਮਨੀਮਾਜਰਾ ਸਥਿਤ ਮਾੜੀਵਾਲਾ ਟਾਊਨ 'ਚ ਰਹਿਣ ਵਾਲੀ ਮਨਜੀਤ ਕੌਰ (42) ਦੇ ਗਲੇ 'ਤੇ ਕੁਹਾੜੀ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ 'ਚ ਕਾਤਲ ਉਸ ਦੇ ਹੀ ਪਤੀ ਜਰਨੈਲ ਸਿੰਘ ਉਰਫ ਜੈਲੀ (48) ਨੂੰ ਮਨੀਮਾਜਰਾ ਥਾਣਾ ਪੁਲਸ ਨੇ ਵੀਰਵਾਰ ਸਵੇਰੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਨੂੰ ਇਲਾਕੇ 'ਚ ਹੀ ਬਿੱਟਾ ਪੈਟਰੋਲ ਪੰਪ ਪਿੱਛੇ ਘੁੰਮਦੇ ਹੋਏ ਕਾਬੂ ਕੀਤਾ। ਪੁਲਸ ਨੇ ਕਾਤਲ ਜਰਨੈਲ ਨੂੰ ਗ੍ਰਿਫਤਾਰ ਕਰ ਕੇ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਰਿਮਾਂਡ ਦੌਰਾਨ ਪੁਲਸ ਉਸ ਦੀ ਨਿਸ਼ਾਨਦੇਹੀ 'ਤੇ ਉਸ ਦੇ ਉਹ ਖੂਨ ਨਾਲ ਲਿਬੜੇ ਹੋਏ ਕੱਪੜੇ ਬਰਾਮਦ ਕਰੇਗੀ ਜੋ ਉਸ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਪਾਏ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਕਿਤੇ ਲੁਕੋ ਦਿੱਤਾ ਸੀ। ਇਸ ਤੋਂ ਇਲਾਵਾ ਪੁਲਸ ਉਸ ਤੋਂ ਕੇਸ ਨਾਲ ਸਬੰਧਤ ਹੋਰ ਜ਼ਰੂਰੀ ਪੁੱਛਗਿੱਛ ਕਰੇਗੀ। ਪੁਲਸ ਨੇ ਜਰਨੈਲ ਸਿੰਘ ਦੇ ਗੁਆਂਢ 'ਚ ਹੀ ਰਹਿਣ ਵਾਲੇ ਉਸ ਦੇ ਭਰਾ ਸ਼ਾਨ ਸਿੰਘ ਦੇ ਬਿਆਨਾਂ ਅਤੇ ਜਾਂਚ ਦੇ ਆਧਾਰ 'ਤੇ ਜਰਨੈਲ ਸਿੰਘ ਖਿਲਾਫ ਖਿਲਾਫ ਕੇਸ ਦਰਜ ਕੀਤਾ ਸੀ।

ਰਿਸ਼ਤੇਦਾਰਾਂ ਕੋਲ ਲੁਕਣ ਦੀ ਫਿਰਾਕ 'ਚ ਸੀ ਮੁਲਜ਼ਮ
ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਰਨੈਲ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ। ਕੁਝ ਦੂਰ ਜਾ ਕੇ ਉਸ ਨੇ ਆਪਣੇ ਖੂਨ ਨਾਲ ਲਿਬੜੇ ਹੋਏ ਸਵੈਟਰ ਨੂੰ ਉਤਾਰ ਕੇ ਕਿਤੇ ਲੁਕੋ ਦਿੱਤਾ ਸੀ। ਇਸ ਤੋਂ ਬਾਅਦ ਉਹ ਤੁਰੰਤ ਕਿਸ਼ਨਗੜ੍ਹ 'ਚ ਆਪਣੇ ਜਾਣਕਾਰ ਦੇ ਘਰ ਲੁਕਣ ਲਈ ਪਹੁੰਚਿਆ ਪਰ ਸਵੇਰ ਹੋਣ 'ਤੇ ਉਸ ਵਲੋਂ ਆਪਣੀ ਪਤਨੀ ਦਾ ਕਤਲ ਕਰਨ ਦੀ ਸੂਚਨਾ ਸ਼ਹਿਰ 'ਚ ਫੈਲ ਚੁੱਕੀ ਸੀ। ਕਿਸ਼ਨਗੜ੍ਹ ਤੋਂ ਉਸ ਨੇ ਆਟੋ ਹਾਇਰ ਕੀਤਾ ਅਤੇ ਉੱਥੋਂ ਉਹ ਸਿੱਧਾ ਕੁਰਾਲੀ ਪਹੁੰਚਿਆ। ਕੁਰਾਲੀ 'ਚ ਉਹ ਆਪਣੇ ਰਿਸ਼ਤੇਦਾਰ ਦੇ ਘਰ ਜਾਣਾ   ਚਾਹੁੰਦਾ ਸੀ ਪਰ ਡਰ ਕਾਰਨ ਨਹੀਂ ਪਹੁੰਚਿਆ ਅਤੇ ਇੱਥੋਂ ਉਹ ਮੋਰਿੰਡਾ ਲਈ ਨਿਕਲ ਗਿਆ। ਇਸ ਤਰ੍ਹਾਂ 2 ਦਿਨ ਇਧਰ-ਉੱਧਰ ਭਟਕਣ ਤੋਂ ਬਾਅਦ ਵੀਰਵਾਰ ਸਵੇਰੇ ਉਹ ਮਨੀਮਾਜਰਾ ਸਥਿਤ ਬਿੱਟਾ ਪੈਟਰੋਲ ਪੰਪ ਦੇ ਪਿੱਛੇ ਪਹੁੰਚਿਆ ਸੀ ਅਤੇ ਇੱਥੇ ਉਸ ਨੂੰ ਵੇਖ ਕੇ ਕਿਸੇ ਨੇ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਟੀਮ ਤੁਰੰਤ ਉੱਥੇ ਪਹੁੰਚੀ ਅਤੇ ਮੁਲਜ਼ਮ ਨੂੰ ਗਰਾਊਂਡ 'ਚ ਟਹਿਲਦੇ ਹੋਏ ਕਾਬੂ ਕਰ ਲਿਆ। ਇਸ ਤਰ੍ਹਾਂ ਮੁਲਜ਼ਮ 2 ਦਿਨ ਆਪਣੇ ਰਿਸ਼ਤੇਦਾਰਾਂ ਦੇ ਘਰ ਲੁਕਣ ਦੀ ਫਿਰਾਕ 'ਚ ਤਾਂ ਜ਼ਰੂਰ ਗਿਆ ਪਰ ਡਰ ਕਾਰਨ ਉਨ੍ਹਾਂ ਦੇ ਘਰਾਂ 'ਚ ਲੁਕ ਨਹੀਂ ਸਕਿਆ।

ਸ਼ਰਾਬ ਦਾ ਆਦੀ ਸੀ, ਅਕਸਰ ਪਤੀ-ਪਤਨੀ 'ਚ ਹੁੰਦਾ ਰਹਿੰਦਾ ਸੀ ਝਗੜਾ
ਜਾਣਕਾਰੀ ਅਨੁਸਾਰ ਮੰਗਲਵਾਰ ਤੜਕੇ 4.45 ਵਜੇ ਮਾੜੀਵਾਲਾ ਟਾਊਨ 'ਚ ਰਹਿਣ ਵਾਲੀ ਸੋਨੀਆ ਚੌਧਰੀ ਨੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੀ ਮਨਜੀਤ ਕੌਰ ਆਪਣੇ ਘਰ 'ਚ ਲਹੂ-ਲੁਹਾਨ ਹਾਲਤ 'ਚ ਪਈ ਹੋਈ ਹੈ। ਇਸ ਗੱਲ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਨਜੀਤ ਕੌਰ ਨੂੰ ਤੁਰੰਤ ਪੀ. ਜੀ. ਆਈ. ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ। ਪੁਲਸ ਜਾਂਚ 'ਚ ਸਾਹਮਣੇ ਆਇਆ ਸੀ ਕਿ ਮਨਜੀਤ ਕੌਰ ਦਾ ਪਤੀ ਜਰਨੈਲ ਸਿੰਘ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਹ ਮਨਜੀਤ 'ਤੇ ਸ਼ੱਕ ਕਰਦਾ ਸੀ, ਜਿਸ ਕਾਰਣ ਹੀ ਆਏ ਦਿਨ ਦੋਵਾਂ ਵਿਚਕਾਰ ਲੜਾਈ ਹੁੰਦੀ ਸੀ। ਮੰਗਲਵਾਰ ਤੜਕੇ ਸਵੇਰੇ ਦੋਵਾਂ ਵਿਚਕਾਰ ਵਿਵਾਦ ਹੋਇਆ ਤਾਂ ਜਰਨੈਲ ਸਿੰਘ ਨੇ ਘਰ 'ਚ ਰੱਖੀ ਕੁਹਾੜੀ ਨਾਲ ਮਨਜੀਤ ਕੌਰ ਦੇ ਮੂੰਹ 'ਤੇ ਵਾਰ ਕੀਤਾ। ਕੁਹਾੜੀ ਮੂੰਹ ਦਾ ਕੁਝ ਹਿੱਸਾ ਚੀਰਦੀ ਹੋਈ ਗਲੇ ਤੱਕ ਜਾ ਲੱਗੀ ਸੀ। ਪੁਲਸ ਨੇ ਮੌਕਾ-ਏ-ਵਾਰਦਾਤ ਦੀ ਜਾਂਚ ਕਰ ਕੇ ਮਾਂ, ਬੱਚਿਆਂ ਅਤੇ ਜਰਨੈਲ ਦੇ ਭਰਾ ਸ਼ਾਨ ਦੀ ਸ਼ਿਕਾਇਤ 'ਤੇ ਜਰਨੈਲ ਸਿੰਘ ਦੇ ਖਿਲਾਫ ਆਪਣੀ ਪਤਨੀ ਦਾ ਕਤਲ ਕਰਨ ਦਾ ਕੇਸ ਦਰਜ ਕੀਤਾ ਸੀ।


Anuradha

Content Editor

Related News