''ਘਰੇ ਆਟਾ ਈ ਹੈ ਨੀ...'',ਸਾਹਮਣੇ ਆ ਗਏ ਮਾਪੇ, ਭੁੱਖੇ ਬੱਚੇ ਦੀਆਂ ਗੱਲਾਂ ਸੁਣ ਤੁਹਾਡੀਆਂ ਵੀ ਭਿੱਜ ਜਾਣਗੀਆਂ ਅੱਖਾਂ

Tuesday, Nov 26, 2024 - 06:01 AM (IST)

''ਘਰੇ ਆਟਾ ਈ ਹੈ ਨੀ...'',ਸਾਹਮਣੇ ਆ ਗਏ ਮਾਪੇ, ਭੁੱਖੇ ਬੱਚੇ ਦੀਆਂ ਗੱਲਾਂ ਸੁਣ ਤੁਹਾਡੀਆਂ ਵੀ ਭਿੱਜ ਜਾਣਗੀਆਂ ਅੱਖਾਂ

ਜਲੰਧਰ (ਵੈੱਬਡੈਸਕ)- ਗਰੀਬੀ ਸਾਡੇ ਸਮਾਜ ਦਾ ਇਕ ਅਜਿਹਾ ਕਲੰਕ ਹੈ, ਜੋ ਇਨਸਾਨ ਕੋਲੋਂ ਕੁਝ ਵੀ ਕਰਵਾ ਸਕਦਾ ਹੈ। ਢਿੱਡ ਹੱਥੋਂ ਮਜਬੂਰ ਹੋ ਕੇ ਇਨਸਾਨ ਨੂੰ ਕਈ ਵਾਰ ਅਜਿਹੇ ਕੰਮ ਵੀ ਕਰਨੇ ਪੈਂਦੇ ਹਨ, ਜੋ ਉਹ ਚਾਹ ਕੇ ਵੀ ਨਹੀਂ ਕਰਨਾ ਚਾਹੇਗਾ। ਪਰ ਕਈ ਵਾਰ ਇਸੇ ਗਰੀਬੀ ਕਾਰਨ ਇਨਸਾਨ ਨੂੰ ਭੁੱਖੇ ਰਹਿਣਾ ਪੈਂਦਾ ਹੈ। ਭੁੱਖ ਨਾ ਤਾਂ ਉਮਰ ਦੇਖਦੀ ਹੈ, ਨਾ ਹੀ ਜਾਤ ਤੇ ਨਾ ਹੀ ਕੁਝ ਹੋਰ। ਜ਼ਿੰਦਾ ਰਹਿਣ ਲਈ ਇਨਸਾਨ ਨੂੰ ਖਾਣਾ ਤਾਂ ਪੈਂਦਾ ਹੀ ਹੈ। 

ਅਜਿਹੀ ਹੀ ਇਕ ਵੀਡੀਓ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜੋ ਦੇਖ ਕੇ ਹਰ ਕਿਸੇ ਦਾ ਦਿਲ ਪਸੀਜ ਗਿਆ ਹੈ। ਇਸ ਵੀਡਿਓ 'ਚ ਇਕ ਸਕੂਲ 'ਚ ਇਕ ਬੱਚਾ ਦਿਖਾਈ ਦਿੰਦਾ ਹੈ, ਜਿਸ ਨੂੰ ਉਸ ਦੇ ਅਧਿਆਪਕ ਨੇ ਜਦੋਂ ਆਪਣੇ ਕੋਲ ਕਾਪੀ ਚੈੱਕ ਕਰਵਾਉਣ ਲਈ ਬੁਲਾਇਆ ਤਾਂ ਉਸ ਨੇ ਉਸ ਬੱਚੇ ਨੂੰ ਪੁੱਛ ਲਿਆ ਕਿ ਅੱਜ ਕੀ ਖਾ ਕੇ ਆਇਆ ਹੈਂ ? ਤਾਂ ਬੱਚੇ ਨੇ ਇਕ ਬੇਹੱਦ ਭਾਵੁਕ ਜਵਾਬ ਦਿੰਦੇ ਹੋਏ ਕਿਹਾ, ''ਕੁਝ ਨਹੀਂ ਖਾਧਾ''। ਇਸ ਮਗਰੋਂ ਜਦੋਂ ਅਧਿਆਪਕ ਨੇ ਪੁੱਛਿਆ ਕਿ ਕਿਉਂ ਨਹੀਂ ਖਾਧਾ, ਤਾਂ ਬੱਚਾ ਬੋਲਿਆ, ''ਘਰੇ ਆਟਾ ਈ ਹੈ ਨੀ...।'' ਇਹ ਸੁਣ ਕੇ ਅਧਿਆਪਕ ਵੀ ਭਾਵੁਕ ਹੋ ਗਿਆ ਤੇ ਉਸ ਨੇ ਬੱਚੇ ਨੂੰ ਆਪਣੇ ਗਲ਼ੇ ਲਾ ਲਿਆ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਐਲਾਨ ; ਹੁਣ ਸੂਬੇ ਦੇ ਕਿਸਾਨਾਂ ਨੂੰ ਮਿਲੇਗਾ ਪੂਰੇ ਦੇਸ਼ 'ਚੋਂ ਗੰਨੇ ਦਾ ਸਭ ਤੋਂ ਵੱਧ ਭਾਅ

'ਬੇਹੱਦ ਮਾਸੂਮ ਹੈ ਅੰਮ੍ਰਿਤ'
ਅਸਲ 'ਚ ਇਹ ਵੀਡੀਓ ਫਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਨਾਲ ਲੱਗਦੇ ਪਿੰਡ ਸੈਦੇ ਦੀ ਹੈ, ਜੋ ਸੋਸ਼ਲ ਮੀਡੀਆ 'ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਉਸ ਬੱਚੇ ਦੇ ਅਧਿਆਪਕ ਨਾਲ ਵੀ ਗੱਲਬਾਤ ਕੀਤੀ ਗਈ, ਜਿਸ ਨੇ ਇਹ ਵੀਡੀਓ ਬਣਾਈ ਸੀ। ਉਸ ਨੇ ਦੱਸਿਆ ਕਿ ਬੱਚੇ ਦਾ ਨਾਂ ਅੰਮ੍ਰਿਤ ਹੈ, ਜੋ ਕਿ ਹਾਲੇ 5 ਸਾਲ ਦਾ ਹੈ ਤੇ ਨਰਸਰੀ ਕਲਾਸ 'ਚ ਪੜ੍ਹਦਾ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਉਹ ਬਹੁਤ ਮਾਸੂਮ ਹੈ ਤੇ ਬੜੀ ਮਾਸੂਮੀਅਤ ਨਾਲ ਗੱਲਾਂ ਕਰਦਾ ਹੈ। ਇਸੇ ਦੌਰਾਨ ਕਾਪੀ ਚੈੱਕ ਕਰਨ ਸਮੇਂ ਹੀ ਉਸ ਨੇ ਇਹ ਵੀਡੀਓ ਬਣਾਈ ਸੀ। ਉਸ ਨੇ ਦੱਸਿਆ ਕਿ ਇਹ ਵੀਡੀਓ ਬਣਾਉਣ ਮਗਰੋਂ ਉਹ ਬਹੁਤ ਭਾਵੁਕ ਹੋ ਗਿਆ ਤੇ ਉਹ ਵਾਰ-ਵਾਰ ਇਹ ਵੀਡੀਓ ਦੇਖਦਾ ਰਿਹਾ ਤਾਂ ਕਿਸੇ ਨੇ ਉਸ ਨੂੰ ਸੁਝਾਅ ਦਿੱਤਾ ਕਿ ਜੇਕਰ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ ਜਾਵੇ, ਤਾਂ ਹੋ ਸਕਦਾ ਹੈ ਕਿ ਇਸ ਪਰਿਵਾਰ ਨੂੰ ਕੋਈ ਮਦਦ ਹੀ ਮਿਲ ਜਾਵੇ। ਜਿਸ ਤੋਂ ਬਾਅਦ ਅਧਿਆਪਕ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ, ਜੋ ਹੁਣ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਧਿਆਪਕ ਲਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਸਕੂਲ 'ਚ ਪੜ੍ਹਦੇ ਕਈ ਬੱਚੇ ਬਹੁਤ ਗਰੀਬ ਘਰ ਤੋਂ ਆਉਂਦੇ ਹਨ, ਜਿਨ੍ਹਾਂ ਦੇ ਮਾਪਿਆਂ ਨੂੰ ਕਈ ਵਾਰ ਕੰਮ ਨਹੀਂ ਮਿਲਦਾ ਤੇ ਉਨ੍ਹਾਂ ਨੂੰ ਭੁੱਖੇ ਢਿੱਡ ਹੀ ਰਹਿਣਾ ਪੈਂਦਾ ਹੈ। 

ਬੱਚੇ ਦੀ ਮਾਂ ਨੇ ਦੱਸੀ ਪੂਰੀ ਗੱਲ
ਇਸ ਮਗਰੋਂ ਜਦੋਂ ਅੰਮ੍ਰਿਤ ਦੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਬਹੁਤ ਗਰੀਬ ਪਰਿਵਾਰ ਤੋਂ ਹਨ। ਉਸ ਨੇ ਦੱਸਿਆ ਕਿ ਉਸ ਦੇ ਪਤੀ ਕੰਮ ਤੋਂ ਦੇਰ ਨਾਲ ਘਰ ਆਏ ਸਨ, ਜਿਸ ਕਾਰਨ ਉਹ ਚੱਕੀ ਤੋਂ ਆਟਾ ਨਹੀਂ ਲਿਆ ਸਕੇ। ਅਗਲੇ ਦਿਨ ਸਵੇਰੇ ਵੀ ਉਹ ਜਲਦੀ ਕੰਮ 'ਤੇ ਚਲੇ ਗਏ। ਉਸ ਨੇ ਆਸ-ਪਾਸ ਦੇ ਘਰਾਂ ਤੋਂ ਆਟਾ ਪੁੱਛਿਆ, ਪਰ ਸਭ ਨੇ ਇਹੀ ਕਿਹਾ ਕਿ ਉਨ੍ਹਾਂ ਨੇ ਵੀ ਚੱਕੀ ਤੋਂ ਆਟਾ ਲੈ ਕੇ ਆਉਣਾ ਹੈ, ਜੇ ਹੁੰਦਾ ਤਾਂ ਉਹ ਜ਼ਰੂਰ ਦੇ ਦਿੰਦੇ। 

ਇਸ ਮਗਰੋਂ ਜਦੋਂ ਉਹ ਘਰ ਆਈ ਤਾਂ ਉਸ ਨੇ ਆਟਾ ਨਾ ਮਿਲਣ ਕਾਰਨ ਚੌਲ ਬਣਾ ਲਏ, ਜੋ ਕਿ ਅੰਮ੍ਰਿਤ ਨੇ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਉਹ ਭੁੱਖਾ ਹੀ ਘਰੋਂ ਸਕੂਲ ਚਲਾ ਗਿਆ। ਉਸ ਨੇ ਦੱਸਿਆ ਕਿ ਪਿਛਲੇ ਸਾਲ ਖੇਤਾਂ 'ਚ ਸਪਰੇਅ ਕਰਨ ਦੌਰਾਨ ਉਸ ਦੇ ਪਤੀ ਦੀਆਂ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਲ ਦੌਰ 'ਚੋਂ ਗੁਜ਼ਰਨਾ ਪਿਆ ਸੀ। ਉਸ ਨੇ ਅੱਗੇ ਦੱਸਿਆ ਕਿ ਇਹ ਗਰੀਬੀ ਚੀਜ਼ ਹੀ ਐਸੀ ਹੈ, ਨਹੀਂ ਤਾਂ ਕਿਸਦਾ ਦਿਲ ਕਰਦਾ ਹੈ ਕਿ ਉਸ ਦਾ ਬੱਚਾ ਭੁੱਖਾ ਰਹੇ। 

ਇਹ ਵੀ ਪੜ੍ਹੋ- ਕਿਸਮਤ ਹੋਵੇ ਤਾਂ ਅਜਿਹੀ ! 6 ਰੁਪਏ ਦੀ ਲਾਟਰੀ ਟਿਕਟ ਤੋਂ ਕਿਸਾਨ ਨੇ ਜਿੱਤ ਲਿਆ 1 ਕਰੋੜ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News